ਘਰ ''ਚੋਂ 12 ਸਾਲਾ ਬੱਚੇ ਦੀ ਮਿਲੀ ਲਾਸ਼, ਪਰਿਵਾਰ ਨੇ ਹੱਤਿਆ ਦਾ ਸ਼ੱਕ ਪ੍ਰਗਟਾਇਆ
Saturday, Jun 16, 2018 - 11:01 AM (IST)

ਸਮਾਣਾ (ਦਰਦ)-ਪਿੰਡ ਸਧਾਰਨਪੁਰ ਵਿਖੇ ਪੰਜਵੀਂ ਕਲਾਸ ਦੇ ਵਿਦਿਆਰਥੀ ਦੀ ਗਲ ਘੁੱਟਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਹਸਪਤਾਲ ਵਿਚ ਮ੍ਰਿਤਕ ਬੱਚੇ ਗੁਰਬਖਸ਼ ਸਿੰਘ ਉਰਫ ਅਨਮੋਲ (12) ਦੀ ਲਾਸ਼ ਲੈ ਕੇ ਪਹੁੰਚੇ ਉਸ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪੰਜਵੀਂ ਕਲਾਸ 'ਚ ਪਿੰਡ ਦੇ ਸਕੂਲ ਵਿਚ ਪੜ੍ਹਦਾ ਸੀ। ਅੱਜ ਉਹ ਆਪਣੀ ਪਤਨੀ ਗੁਰਮੀਤ ਕੌਰ ਨਾਲ ਆਪਣੀ ਮਾਸੀ ਦੇ ਲੜਕੇ ਦੀ ਮੌਤ ਹੋਣ ਕਾਰਨ ਪਾਤੜਾਂ ਗਿਆ ਹੋਇਆ ਸੀ। ਇਸ ਕਾਰਨ ਬੱਚੇ ਘਰ ਵਿਚ ਇਕੱਲੇ ਹੀ ਸਨ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦਾ ਪੁੱਤਰ ਘਰ ਵਿਚ ਮ੍ਰਿਤਕ ਪਿਆ ਸੀ ਤੇ ਉਸ ਦੇ ਗਲ 'ਤੇ ਨਿਸ਼ਾਨ ਸਨ। ਉਸ ਨੇ ਆਪਣੇ ਰਿਸ਼ਤੇਦਾਰ 'ਤੇ ਹੀ ਗਲ ਘੁੱਟ ਕੇ ਬੱਚੇ ਦੀ ਹੱਤਿਆ ਕਰਨ ਦਾ ਦੋਸ਼ ਲਾਇਆ।
ਇਸ ਸਬੰਧੀ ਬਾਦਸ਼ਾਹਪੁਰ ਪੁਲਸ ਇੰਚਾਰਜ ਬਲਜੀਤ ਸਿੰਘ ਨੇ ਮ੍ਰਿਤਕ ਬੱਚੇ ਦੇ ਪਿਤਾ ਕੁਲਦੀਪ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚੇ ਦਾ ਸ਼ਨੀਵਾਰ ਡਾਕਟਰਾਂ ਦਾ ਪੈਨਲ ਬਣਾ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ।