ਕੋਰੋਨਾ ਕਹਿਰ : ਰੈਡੀਮੇਡ ਗਾਰਮੈਂਟਸ ਦੇ ''ਸ਼ੋਅਰੂਮ'' ਖਾਲੀ, ਹੈਂਗਰਾਂ ''ਚ ਟੰਗੇ ਪਏ ਨੇ ਗਰਮੀਆਂ ਦੇ ਕੱਪੜੇ

Monday, Apr 26, 2021 - 10:40 AM (IST)

ਕੋਰੋਨਾ ਕਹਿਰ : ਰੈਡੀਮੇਡ ਗਾਰਮੈਂਟਸ ਦੇ ''ਸ਼ੋਅਰੂਮ'' ਖਾਲੀ, ਹੈਂਗਰਾਂ ''ਚ ਟੰਗੇ ਪਏ ਨੇ ਗਰਮੀਆਂ ਦੇ ਕੱਪੜੇ

ਲੁਧਿਆਣਾ (ਧੀਮਾਨ) : ਅਕਸਰ ਦੇਖਣ 'ਚ ਆਉਂਦਾ ਹੈ ਕਿ ਅਪ੍ਰੈਲ ਮਹੀਨੇ ਦੀ ਸ਼ੁਰੂਆਤ 'ਚ ਹੀ ਗਰਮੀਆਂ ਦੇ ਕੱਪੜੇ ਖਰੀਦਣ ਵਾਲਿਆਂ ਦਾ ਤਾਂਤਾ ਲੱਗ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਨੇ ਸ਼ੋਅਰੂਮ 'ਚ ਪਏ ਰੈਡੀਮੇਡ ਗਾਰਮੈਂਟ ਦੇ 70 ਫ਼ੀਸਦੀ ਕਾਰੋਬਾਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਸ਼ੋਅਰੂਮ ਮਾਲਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਜਿਨ੍ਹਾਂ ਲੋਕਾਂ ਨੇ ਕਿਰਾਏ 'ਤੇ ਸ਼ੋਅਰੂਮ ਖੋਲ੍ਹ ਰੱਖੇ ਹਨ, ਉਨ੍ਹਾਂ ਵੱਲੋਂ ਇਨ੍ਹਾਂ ਨੂੰ ਬੰਦ ਕਰਨ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਕਹਿਰ ਦੌਰਾਨ 'ਪੰਜਾਬ ਵਜ਼ਾਰਤ' ਦੀ ਅਹਿਮ ਮੀਟਿੰਗ ਅੱਜ, ਆਕਸੀਜਨ ਦੀ ਘਾਟ 'ਤੇ ਹੋਵੇਗੀ ਚਰਚਾ

ਰੈਡੀਮੇਡ ਸ਼ੋਅਰੂਮ ਦੇ ਮਾਲਕ ਦਵਿੰਦਰ ਸਿੰਘ, ਸਤਪਾਲ ਮਹਾਜਨ ਅਤੇ ਰਾਕੇਸ਼ ਕੁਮਾਰ ਮੁਤਾਬਕ ਉਨ੍ਹਾਂ ਦੇ ਸ਼ੋਅਰੂਮ ਘੁਮਾਰ ਮੰਡੀ, ਮਾਡਲ ਟਾਊਨ ਅਤੇ ਮਾਲ ਰੋਡ 'ਤੇ ਹਨ। ਉਹ ਬੱਚਿਆਂ, ਜੈਂਟਸ ਅਤੇ ਲੇਡੀਜ਼ ਦੇ ਰੈਡੀਮੇਡ ਕੱਪੜੇ ਵੇਚਦੇ ਹਨ। ਇਨ੍ਹਾਂ ਦਿਨਾਂ 'ਚ ਖੂਬ ਵਿਕਰੀ ਹੋਣ ਦੀ ਉਮੀਦ ਹੁੰਦੀ ਹੈ ਕਿਉਂਕਿ ਨਵੇਂ ਡਿਜ਼ਾਈਨ ਬਾਜ਼ਾਰ 'ਚ ਆਉਂਦੇ ਹਨ ਅਤੇ ਗਾਹਕ ਇਨ੍ਹਾਂ ਨੂੰ ਖਰੀਦਣ ਲਈ ਅਪ੍ਰੈਲ 'ਚ ਹੀ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਹੱਦ 'ਤੇ ਵਧਾਈ ਗਈ ਸਖ਼ਤੀ, ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਕੀਤੇ ਜਾ ਰਹੇ 'ਕੋਰੋਨਾ ਟੈਸਟ'

ਹੁਣ ਇਸ ਵਾਰ ਸਵੇਰੇ ਆ ਕੇ ਸ਼ਾਮ ਤੱਕ ਬੈਠਣ ਦੇ ਬਾਵਜੂਦ ਵਿਕਰੀ 20 ਫ਼ੀਸਦੀ ਵੀ ਨਹੀਂ ਹੁੰਦੀ। ਸ਼ੋਅਰੂਮ ਦੇ ਮਾਲਕਾਂ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਰੋਜ਼ਾਨਾ ਹਰ ਤਰ੍ਹਾਂ ਦੇ ਰੈਡੀਮੇਡ ਕੱਪੜਿਆਂ ਦੇ 250 ਤੋਂ 300 ਪੀਸ ਵਿਕ ਜਾਂਦੇ ਸਨ। ਹੁਣ ਇਸ ਵਾਰ 50-60 ਪੀਸ ਵੇਚਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਵਿਆਹ-ਸ਼ਾਦੀ ਦਾ ਸੀਜ਼ਨ ਵੀ ਨਹੀਂ ਲੱਗ ਰਿਹਾ, ਜਿਸ ਕਾਰਨ ਵਿਕਰੀ 'ਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਆਧਾਰ 'ਤੇ ਆਵੇਗਾ ਨਤੀਜਾ
ਕਦੇ ਵੀ ਬੰਦ ਹੋ ਸਕਦੇ ਨੇ ਕਿਰਾਏ 'ਤੇ ਚੱਲਣ ਵਾਲੇ ਸ਼ੋਅਰੂਮ
ਸਿਰਫ 30 ਫ਼ੀਸਦੀ ਵਿਕਰੀ 'ਤੇ ਖਰਚਾ ਕੱਢਣ 'ਚ ਸ਼ੋਅਰੂਮ ਮਾਲਕ ਪਰੇਸ਼ਾਨੀ 'ਚ ਆ ਗਏ ਹਨ। ਇੰਨੀ ਵਿਕਰੀ ਨਾਲ ਉਹ ਬਿਜਲੀ ਦਾ ਬਿੱਲ ਤੱਕ ਨਹੀਂ ਭਰ ਪਾ ਰਹੇ। ਇਸ ਸਬੰਧ 'ਚ ਜਦੋਂ ਕੁੱਝ ਕਿਰਾਏ 'ਤੇ ਸ਼ੋਅਰੂਮ ਚਲਾਉਣ ਵਾਲੇ ਮਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਇਕ ਹੀ ਜਵਾਬ ਸੀ ਕਿ ਹੁਣ ਲੱਗਦਾ ਹੈ ਕਿ ਉਨ੍ਹਾਂ ਨੂੰ ਸ਼ੋਅਰੂਮ ਬੰਦ ਕਰਨੇ ਪੈਣਗੇ ਜਾਂ ਕੋਈ ਹੋਰ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜਾਂ ਸਬੰਧੀ ਕਾਰੋਬਾਰ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਰਾਇਆ ਪੈਂਡਿੰਗ ਹੋ ਗਿਆ ਹੈ ਅਤੇ ਸਟਾਫ਼ ਦੀ ਤਨਖਾਹ ਵੀ ਨਹੀਂ ਨਿਕਲ ਰਹੀ।
ਨੋਟ : ਕੋਰੋਨਾ ਕਾਲ ਦੌਰਾਨ ਸ਼ੋਅਰੂਮ ਮਾਲਕਾਂ ਦੀ ਹਾਲਤ ਬਾਰੇ ਦਿਓ ਆਪਣੀ ਰਾਏ


 


author

Babita

Content Editor

Related News