ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Thursday, Feb 17, 2022 - 08:31 PM (IST)

ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਜਲੰਧਰ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੰਜਾਬ ਦੀ ਸਿਆਸਤ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ -

UP-ਬਿਹਾਰ ਵਾਲਿਆਂ ’ਤੇ ਬਿਆਨ ਦੇ ਕੇ ਮੁਸ਼ਕਲ ’ਚ ਘਿਰੇ ਮੁੱਖ ਮੰਤਰੀ ਚਰਨਜੀਤ ਚੰਨੀ, ਪਟਨਾ ’ਚ FIR ਦਰਜ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬਿਹਾਰ-ਯੂ. ਪੀ ਦੇ ਲੋਕਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਬਿਹਾਰ ’ਚ ਮੁੱਖ ਮੰਤਰੀ ਚੰਨੀ ਖਿਲਾਫ਼ ਐੱਫ. ਆਈ. ਆਰ. ਦਰਜ ਹੋਈ ਹੈ। ਐੱਫ. ਆਈ. ਆਰ. ’ਚ ਚੰਨੀ ਵਲੋਂ ਬਿਹਾਰ-ਯੂ.ਪੀ. ਵਾਸੀਆਂ ’ਤੇ ਦਿੱਤੇ ਬਿਆਨ ਨੂੰ ਵਿਵਾਦਪੂਰਨ ਦੱਸਿਆ ਗਿਆ ਹੈ।

ਹਲਕਾ ਸਮਰਾਲਾ 'ਚ ਸਖ਼ਤ ਮੁਕਾਬਲੇ ਕਾਰਨ ਦਿਲਚਸਪ ਬਣੇ ਹਾਲਾਤ, ਪੂਰੇ ਪੰਜਾਬ ਦੀਆਂ ਟਿਕੀਆਂ ਨਜ਼ਰਾਂ

ਹਲਕਾ ਸਮਰਾਲਾ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 14 ਉਮੀਦਵਾਰ ਚੋਣ ਲੜ ਰਹੇ ਹਨ ਪਰ ਸਖ਼ਤ ਮੁਕਾਬਲਾ 6 ਉਮੀਦਵਾਰਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਨਵੇਂ ਗਠਿਤ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਇਸ ਹਲਕੇ ਤੋਂ ਚੋਣ ਲੜਨ ਕਾਰਨ ਸਮੂਹ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਇਸ ਸੀਟ ’ਤੇ ਟਿਕੀਆਂ ਹੋਈਆਂ ਹਨ।

UP-ਬਿਹਾਰ ਵਾਲੇ ਬਿਆਨ 'ਤੇ ਬੋਲੇ CM ਚੰਨੀ, 'ਪਰਵਾਸੀਆਂ ਨਾਲ ਨਹੁੰ-ਮਾਸ ਵਾਲਾ ਰਿਸ਼ਤਾ'

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਯੂ. ਪੀ.-ਬਿਹਾਰ ਵਾਲੇ ਬਿਆਨ ਤੋਂ ਬਾਅਦ ਸੁਰਖ਼ੀਆਂ 'ਚ ਆ ਗਏ ਹਨ। ਇਸ ਸਬੰਧੀ ਮੁੱਖ ਮੰਤਰੀ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਯੂ. ਪੀ., ਬਿਹਾਰ, ਰਾਜਸਥਾਨ ਜਾਂ ਹੋਰ ਸੂਬਿਆਂ ਤੋਂ ਜਿੰਨੇ ਵੀ ਲੋਕ ਪੰਜਾਬ 'ਚ ਆ ਕੇ ਕੰਮ ਕਰਦੇ ਹਨ, ਪੰਜਾਬ ਉਨ੍ਹਾਂ ਦਾ ਵੀ ਓਨਾ ਹੀ ਹੈ, ਜਿੰਨਾ ਸਾਡਾ ਹੈ, ਇਸ ਲਈ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਸਹੀ ਨਹੀਂ ਹੈ।

ਬੀਬੀ ਜਗੀਰ ਕੌਰ ਨੇ ਭਾਜਪਾ ਤੇ ‘ਆਪ’ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਤਰੀਕਿਆਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਚੋਣਾਂ 'ਚ ਸਿਰਫ਼ ਦੋ ਦਿਨਾਂ ਦਾ ਹੀ ਸਮਾਂ ਬਚਿਆ ਹੈ ਅਤੇ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਹਲਕੇ ’ਚ ਮੋਰਚਾ ਫ਼ਤਿਹ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਚੋਣਾਂ ਨੂੰ ਲੈ ਕੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਖਾਸ ਗੱਲ਼ਬਾਤ ਕੀਤੀ ਗਈ।

ਪ੍ਰਿਯੰਕਾ ਗਾਂਧੀ ਦਾ ਸਿਆਸੀ ਵਿਰੋਧੀਆਂ ’ਤੇ ਤੰਜ, ਕਿਹਾ- PM ਮੋਦੀ ਵੱਡੇ ਮੀਆਂ, ਕੇਜਰੀਵਾਲ ਛੋਟੇ ਮੀਆਂ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਪਠਾਨਕੋਟ ਪਹੁੰਚੇ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ, ਭਾਜਪਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਕਈ ਨਿਸ਼ਾਨੇ ਸਾਧੇ।

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਜਨਾਥ ਸਿੰਘ, ਸਰਵਣ ਕੀਤਾ ਇਲਾਹੀ ਬਾਣੀ ਦਾ ਕੀਰਤਨ

ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਬੀਜੇਪੀ ਆਗੂਆਂ ਨਾਲ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਤਰੁਣ ਚੁੱਘ, ਸੰਸਦ ਸ਼ਵੇਤ ਮਲਿਕ ਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਰਾਜਨਾਥ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।  

ਸ. ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਚੋਣਾਂ ਲੜਨ ਦਾ ਕਾਰਨ, ਰੈਲੀ ਦੌਰਾਨ ਆਖੀਆਂ ਇਹ ਗੱਲਾਂ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਥੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੇਰਾ ਚੋਣਾਂ ਲੜਨ ਦਾ ਕੋਈ ਮਨ ਨਹੀਂ ਸੀ ਪਰ 2 ਗੱਲਾਂ ਨੇ ਮੈਨੂੰ ਚੋਣ ਲੜਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਨੇ ਮੈਨੂੰ ਹੁਕਮ ਦਿੱਤਾ ਕਿ ਤੁਸੀਂ ਚੋਣਾਂ ਲੜਨੀਆਂ ਹਨ। ਸ. ਬਾਦਲ ਨੇ ਕਿਹਾ ਕਿ ਮੈਂ ਪਾਰਟੀ ਦੇ ਹਰ ਹੁਕਮ ਨੂੰ ਮੰਨਿਆ ਹੈ ਅਤੇ ਜਿਹੜਾ ਫ਼ੈਸਲਾ ਪਾਰਟੀ ਨੇ ਲਿਆ, ਉਸ ਨੂੰ ਹਮੇਸ਼ਾ ਸਿਰ-ਮੱਥੇ ਲਿਆ ਹੈ।

ਅਬੋਹਰ ਰੈਲੀ ’ਚ PM ਮੋਦੀ ਬੋਲੇ- ਪੰਜਾਬ ਦੇ ਕਿਸਾਨਾਂ ਨੂੰ ਨਵੀਂ ਸੋਚ ਅਤੇ ਵਿਜ਼ਨ ਵਾਲੀ ਸਰਕਾਰ ਚਾਹੀਦੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਆਪਣੀ ਚੋਣ ਰੈਲੀ ਨੂੰ ਸੰਬੋਧਨ ਕਰ ਲਈ ਅਬੋਹਰ ਪਹੁੰਚੇ ਹਨ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਡਬਲ ਇੰਜਣ ਦੀ ਸਰਕਾਰ ਚਾਹੁੰਦਾ ਹਾਂ। ਪੂਰਾ ਪੰਜਾਬ ਐੱਨ. ਏ. ਡੀ. ਦੀ ਸਰਕਾਰ ਚਾਹੁੰਦਾ ਹੈ। ਭਾਜਪਾ ਦੀ ਸਰਕਾਰ ਆਈ ਤਾਂ ਨਸ਼ਾ ਅਤੇ ਰੇਤ ਮਾਫੀਆ ਦਾ ਸਫਾਇਆ ਹੋਵੇਗਾ। ਇਕ ਵਾਰ 5 ਸਾਲ ਦੀ ਸੇਵਾ ਦਾ ਮੌਕਾ ਦਿਓ। 

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ

ਸੂਬੇ 'ਚ ਜਿਥੇ ਇਕ ਪਾਸੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ, ਉਥੇ ਇਸ ਦੌਰਾਨ ਸੂਬੇ 'ਚ ਚੋਣ ਪ੍ਰਚਾਰ ਲਈ ਭਾਜਪਾ ਦੇ ਕਈ ਦਿੱਗਜ ਨੇਤਾ ਪੰਜਾਬ ਪਹੁੰਚੇ ਹੋਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਗਈ।

'ਭਗਵੰਤ ਮਾਨ' ਨੂੰ ਪਟਿਆਲਾ 'ਚ ਪ੍ਰਚਾਰ ਕਰਨ ਤੋਂ ਰੋਕਿਆ, ਜਾਣੋ ਕੀ ਹੈ ਕਾਰਨ

ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਨੂੰ ਪਟਿਆਲਾ ਸ਼ਹਿਰੀ ਇਲਾਕੇ 'ਚ ਪ੍ਰਚਾਰ ਕਰਨ ਤੋਂ ਰੋਕਿਆ ਗਿਆ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਹ ਚੋਣ ਪ੍ਰਚਾਰ ਲਈ ਪਟਿਆਲਾ 'ਚ ਦਾਖ਼ਲ ਹੋਣ ਲੱਗੇ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਧਾਰਾ-144 ਲਾਗੂ ਹੈ ਅਤੇ 5 ਲੋਕਾਂ ਤੋਂ ਜ਼ਿਆਦਾ ਦੇ ਇਕੱਠ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਇਸ ਦੀ ਕਲੀਅਰੈਂਸ ਲਈ। ਉਨ੍ਹਾਂ ਨੂੰ ਕਰੀਬ ਅੱਧਾ ਘੰਟਾ ਰੋਕਿਆ ਗਿਆ।


author

Harnek Seechewal

Content Editor

Related News