ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Thursday, Mar 03, 2022 - 08:57 PM (IST)

ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਨੈਸ਼ਨਲ ਡੈਸਕ : ਰੂਸ-ਯੂਕ੍ਰੇਨ ਜੰਗ ਅੱਜ 8ਵੇਂ ਦਿਨ ਵੀ ਲਗਾਤਾਰ ਜਾਰੀ ਹੈ ਤੇ ਦਿਨੋ-ਦਿਨ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਜੰਗ ਦੌਰਾਨ ਰੂਸ ਦਾ ਕਹਿਣਾ ਹੈ ਕਿ ਉਹ ਯੂਕ੍ਰੇਨ ਨਾਲ ਗੱਲਬਾਤ ਲਈ ਤਾਂ ਤਿਆਰ ਹੈ ਪਰ ਹਮਲੇ ਵੀ ਜਾਰੀ ਰਹਿਣਗੇ। ਇਸ ਜੰਗ ਦੌਰਾਨ ਸਰਹੱਦ ਪਾਰ ਕਰ ਰਹੇ ਆਦਮਪੁਰ (ਜਲੰਧਰ) ਦੇ 2 ਨੌਜਵਾਨਾਂ ਨੂੰ ਯੂਕ੍ਰੇਨ ਪੁਲਸ ਨੇ ਗ੍ਰਿਫ਼ਤਾਰ ਵੀ ਕਰ ਲਿਆ। ਇਹੋ ਜਿਹੀਆਂ ਘਟਨਾਵਾਂ ਬਾਰੇ ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਸਰਹੱਦ ਪਾਰ ਕਰ ਰਹੇ ਆਦਮਪੁਰ ਦੇ ਦੋ ਨੌਜਵਾਨ ਯੂਕ੍ਰੇਨ ਪੁਲਸ ਵੱਲੋਂ ਗ੍ਰਿਫ਼ਤਾਰ, ਮਾਪਿਆਂ ਦੇ ਸਾਹ ਸੂਤੇ
ਰੂਸ ਅਤੇ ਯੂਕ੍ਰੇਨ ਦੀ ਲੜਾਈ ਦੇ ਚਲਦਿਆਂ ਜਿੱਥੇ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਚਲਾ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਵਾਪਸ ਦੇਸ਼ ਲਿਆਂਦਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਈ ਨੌਜਵਾਨ ਅਜਿਹੇ ਵੀ ਹਨ, ਜੋ ਗ਼ੈਰ-ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਕੇ ਕਿਸੇ ਹੋਰ ਦੇਸ਼ ’ਚ ਜਾਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।

ਆਖਿਰ ਕਿੱਥੇ ਗਏ ਯੂਕ੍ਰੇਨ ’ਚ ਲਾਪਤਾ ਹੋਏ ਭਾਰਤੀ ਵਿਦਿਆਰਥੀ? ਏਜੰਟਾਂ ਦੀ ਪਲਾਨਿੰਗ ਤਾਂ ਨਹੀਂ ਹੋ ਗਈ ਕਾਮਯਾਬ
ਪੰਜਾਬ ਤੋਂ ਵਿਦੇਸ਼ ਜਾਣ ਦਾ ਕ੍ਰੇਜ਼ ਅਕਸਰ ਨੌਜਵਾਨ ਮੁੰਡੇ-ਕੁੜੀਆਂ ’ਚ ਵੇਖਿਆ ਜਾਂਦਾ ਹੈ। ਇਸ ਕ੍ਰੇਜ਼ ਦਾ ਫਾਇਦਾ ਸਮੇਂ-ਸਮੇਂ ’ਤੇ ਟਰੈਵਲ ਏਜੰਟ ਵੀ ਉਠਾਉਂਦੇ ਰਹੇ ਹਨ। ਯੂਕ੍ਰੇਨ ਅਤੇ ਰੂਸ ਦਰਮਿਆਨ ਚੱਲ ਰਹੀ ਜੰਗ ਦੀਆਂ ਖ਼ਬਰਾਂ ਵਿਚਕਾਰ ਇਕ ਇਹ ਖ਼ਬਰ ਵੀ ਮੀਡੀਆ ’ਚ ਚੱਲ ਰਹੀ ਹੈ ਕਿ ਕੁਝ ਭਾਰਤੀ ਵਿਦਿਆਰਥੀ ਲਾਪਤਾ ਹੋ ਗਏ ਹਨ।

ਭਾਰਤੀ ਵਿਦੇਸ਼ ਮੰਤਰਾਲਾ ਦਾ ਬਿਆਨ- ਕਿਸੇ ਵੀ ਵਿਦਿਆਰਥੀ ਨੂੰ ਯੂਕ੍ਰੇਨ ’ਚ ਨਹੀਂ ਬਣਾਇਆ ਬੰਧਕ
ਭਾਰਤ ਨੇ ਵੀਰਵਾਰ ਨੂੰ ਰੂਸ ਅਤੇ ਯੂਕ੍ਰੇਨ ਦੋਵਾਂ ਦੇਸ਼ਾਂ ਦੇ ਉਸ ਦਾਅਵੇ ਨੂੰ ਖਾਰਿਜ਼ ਕਰ ਦਿੱਤਾ ਜਿਸ ਵਿਚ ਖਾਰਕੀਵ ’ਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੀ ਗੱਲ ਕਹੀ ਗਈ ਹੈ। ਭਾਰਤ ਨੇ ਕਿਹਾ ਕਿ ਉਸਨੂੰ ਕਿਸੇ ਵਿਦਿਆਰਥੀ ਦੇ ਬੰਧਕ ਬਣਾਏ ਜਾਣ ਦੀ ਸਥਿਤੀ ਦਾ ਸਾਹਮਣੇ ਕਰਨ ਵਰਗੀ ਕੋਈ ਰਿਪੋਰਟ ਨਹੀਂ ਮਿਲੀ।

ਕਸ਼ਮੀਰ ’ਚ ਢਾਈ ਸਾਲਾਂ ਬਾਅਦ ਮੁੜ ਖੁੱਲ੍ਹੇ ਸਕੂਲ, ਅਧਿਆਪਕਾਂ ਨੇ ਬੱਚਿਆਂ ਦਾ ਫੁੱਲਾਂ ਨਾਲ ਕੀਤਾ ਸਵਾਗਤ
ਕਸ਼ਮੀਰ ਘਾਟੀ ’ਚ 31 ਮਹੀਨਿਆਂ (ਢਾਈ ਸਾਲ) ਬਾਅਦ ਸਕੂਲ ਮੁੜ ਖੋਲ੍ਹ ਦਿੱਤੇ ਗਏ ਹਨ। ਲੰਬੇ ਸਮੇਂ ਬਾਅਦ ਸਕੂਲ ਪਹੁੰਚਣ ’ਤੇ ਬੱਚੇ ਕਾਫ਼ੀ ਖੁੱਸ਼ ਦਿਸੇ, ਜਿਨ੍ਹਾਂ ਦਾ ਅਧਿਆਪਕਾਂ ਨੇ ਫੁੱਲਾਂ ਨਾਲ ਸਵਾਗਤ ਕੀਤਾ। ਕਸ਼ਮੀਰ ’ਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ’ਚ ਆਮ ਕੰਮਕਾਜ ਸ਼ੁਰੂ ਹੋ ਗਿਆ। 

ਰੂਸ-ਯੂਕ੍ਰੇਨ ਜੰਗ: ਭਾਰਤ ਹਵਾਈ ਫ਼ੌਜ ਦੇ 4 ਜਹਾਜ਼ਾਂ ਨੇ 798 ਭਾਰਤੀਆਂ ਦੀ ਕਰਵਾਈ ‘ਵਤਨ ਵਾਪਸੀ’
ਭਾਰਤੀ ਹਵਾਈ ਫ਼ੌਜ ਨੇ ਦੱਸਿਆ ਕਿ ਉਸ ਦੇ 4 ਹਜ਼ਾਰ ਯੂਕ੍ਰੇਨ ’ਚ ਫਸੇ 798 ਭਾਰਤੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ, ਹੰਗਰੀ ਦੀ ਰਾਜਧਾਨੀ ਬੁਡਾਪੇਸਟ ਅਤੇ ਪੋਲੈਂਡ ਦੇ ਸ਼ਹਿਰ ਜ਼ੈਜ਼ ਤੋਂ ਲੈ ਕੇ ਵੀਰਵਾਰ ਨੂੰ ਹਿੰਡਨ ਹਵਾਈ ਫ਼ੌਜ ਅੱਡੇ ਪਹੁੰਚੇ। ਹਵਾਈ ਫ਼ੌਜ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦਾ ਪਹਿਲਾ ਜਹਾਜ਼ ਬੁਖਾਰੈਸਟ ਤੋਂ 200 ਯਾਤਰੀਆਂ ਨੂੰ ਲੈ ਕੇ ਬੁੱਧਵਾਰ ਦੇਰ ਰਾਤ ਕਰੀਬ ਡੇਢ ਵਜੇ ਹਿੰਡਨ ਹਵਾਈ ਅੱਡੇ ਪਹੁੰਚਿਆ।

ਰੂਸ ਵਿਰੁੱਧ ਵੋਟਿੰਗ ਲਈ ਭਾਰਤ ਦੇ ਵਾਰ-ਵਾਰ ਗਾਇਬ ਰਹਿਣ 'ਤੇ ਬੋਲਿਆ ਅਮਰੀਕਾ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਰੂਸ ਸਬੰਧੀ ਕੁਝ ਮਾਮਲਿਆਂ 'ਤੇ ਭਾਰਤ ਦੇ ਜਨਤਕ ਰੁਖ਼ 'ਚ 'ਬਦਲਾਅ' ਆਇਆ ਹੈ ਅਤੇ ਉਮੀਦ ਹੈ ਕਿ ਨਵੀਂ ਦਿੱਲੀ ਯੂਕ੍ਰੇਨ 'ਤੇ ਰੂਸੀ ਹਮਲਿਆਂ ਤੋਂ ਬਾਅਦ ਸਵੈ ਨੂੰ ਮਾਸਕੋ ਤੋਂ ਹੋਰ ਦੂਰ ਕਰ ਲਵੇਗੀ।

ਜੰਗ ਦੌਰਾਨ ਰੂਸ ਦਾ ਵੱਡਾ ਬਿਆਨ, ਕਿਹਾ-ਯੂਕ੍ਰੇਨ ਨਾਲ ਗੱਲਬਾਤ ਲਈ ਤਿਆਰ ਪਰ ਹਮਲੇ ਰਹਿਣਗੇ ਜਾਰੀ
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਮਾਸਕੋ ਯੂਕ੍ਰੇਨ ’ਚ ਲੜਾਈ ਖ਼ਤਮ ਕਰਨ ਲਈ ਗੱਲਬਾਤ ਨੂੰ ਤਿਆਰ ਹੈ ਪਰ ਉਹ ਯੂਕ੍ਰੇਨ ਦੇ ਫੌਜੀ ਢਾਂਚੇ ਨੂੰ ਤਬਾਹ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ।

ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਯੂਕ੍ਰੇਨੀਅਨ ਨਹੀਂ ਕਰਨਗੇ ਆਤਮ ਸਮਰਪਣ
ਰੂਸੀ ਹਮਲੇ ਦੇ ਅੱਠਵੇਂ ਦਿਨ ਵਿਚ ਦਾਖਲ ਹੋਣ ਅਤੇ 2,000 ਤੋਂ ਵੱਧ ਯੂਕ੍ਰੇਨ ਦੇ ਨਾਗਰਿਕਾਂ ਦੇ ਮਾਰੇ ਜਾਣ ਦੇ ਖਦਸ਼ੇ ਦੇ ਵਿਚਕਾਰ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਲੋਕ ਡਰਨ ਵਾਲੇ ਨਹੀਂ ਹਨ, ਨਾ ਉਹ ਟੁੱਟਣਗੇ ਅਤੇ ਨਾ ਹੀ ਆਤਮ ਸਮਰਪਣ ਕਰਨਗੇ।


author

Harnek Seechewal

Content Editor

Related News