ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Wednesday, Mar 16, 2022 - 08:56 PM (IST)

ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਜਲੰਧਰ : ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਹਲਕਾ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰੱਖੇ ਵੱਡੇ ਸਮਾਗਮ 'ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਭਗਵੰਤ ਮਾਨ ਦੇ ਸਹੁੰ ਚੁੱਕਦਿਆਂ ਹੀ ਸਰਕਾਰੀ ਵਿਭਾਗਾਂ 'ਚ ਵੀ ਹਲਚਲ ਸ਼ੁਰੂ ਹੋ ਗਈ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਤੇ ਹੋਰ ਘਟਨਾਵਾਂ ਸਬੰਧੀ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਡਾ. ਇੰਦਰਬੀਰ ਸਿੰਘ ਨਿੱਝਰ ਬਣੇ ਪ੍ਰੋਟੈਮ ਸਪੀਕਰ
ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਚੰਡੀਗੜ੍ਹ 'ਚ ਪੰਜਾਬ ਸਕੱਤਰੇਤ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਾਰਡ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦਰਮਿਆਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਹੈ।

PM ਮੋਦੀ ਨੇ CM ਭਗਵੰਤ ਮਾਨ ਨੂੰ ਦਿੱਤੀ ਵਧਾਈ, ਕਿਹਾ-ਪੰਜਾਬ ਦੇ ਵਿਕਾਸ ਲਈ ਮਿਲ ਕੇ ਕਰਾਂਗੇ ਕੰਮ
ਵਿਧਾਨ ਸਭਾ ਚੋਣਾਂ 2022 ’ਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਟਵੀਟ ਕਰ ਕੇ ਵਧਾਈ ਦਿੱਤੀ।

ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ; 156 ਦੇਸ਼ਾਂ ਦੇ ਨਾਗਰਿਕਾਂ ਲਈ ਈ-ਟੂਰਿਸਟ ਵੀਜ਼ਾ ਬਹਾਲ
ਭਾਰਤ ਸਰਕਾਰ ਨੇ ਬੁੱਧਵਾਰ ਯਾਨੀ ਕਿ ਅੱਜ ਇਕ ਵੱਡਾ ਫ਼ੈਸਲਾ ਲਿਆ। ਸਰਕਾਰ ਨੇ 5 ਸਾਲਾਂ ਈ-ਟੂਰਿਸਟ ਵੀਜ਼ਾ 156 ਦੇਸ਼ਾਂ ਦੇ ਨਾਗਰਿਕਾਂ ਲਈ ਤੁਰੰਤ ਪ੍ਰਭਾਵ ਤੋਂ ਬਹਾਲ ਕਰ ਦਿੱਤਾ ਹੈ। ਇਕ ਅਧਿਕਾਰੀ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਨੇ ਆਖੀਆਂ ਵੱਡੀਆਂ ਗੱਲਾਂ, ਇਨਕਲਾਬ ਜ਼ਿੰਦਾਬਾਦ ਦੇ ਲਗਾਏ ਨਾਅਰੇ
ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਹਲਕਾ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰੱਖੇ ਵੱਡੇ ਸਮਾਗਮ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਇਸ ਤੋਂ ਬਾਅਦ ਮਾਨ ਨੇ ਸਟੇਜ ਤੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਲੱਭਿਆ 7 ਸਾਲਾਂ ਤੋਂ ਗੁਆਚਿਆ ਪੁੱਤ, ਖੁਸ਼ੀ ’ਚ ਖੀਵਾ ਹੋਇਆ ਪਰਿਵਾਰ
ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਨੇੜਲੇ ਪਿੰਡ ਸ਼ੇਰ ਸਿੰਘ ਵਾਲਾ ਦਾ ਨੌਜਵਾਨ ਜਸਵਿੰਦਰ ਸਿੰਘ 7 ਸਾਲ ਤੋਂ ਘਰੋਂ ਲਾਪਤਾ ਸੀ, ਇਸ ਸਮੇਂ ਦੌਰਾਨ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦੀ ਬਹੁਤ ਭਾਲ ਕੀਤੀ ਪਰੰਤੂ ਉਸ ਦਾ ਕੋਈ ਸੁਰਾਖ ਨਹੀ ਮਿਲਿਆ। ਜਸਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਲਗਭਗ 7 ਸਾਲ ਪਹਿਲਾ ਉਹ ਫੌਜ ਦੀ ਭਰਤੀ ਦੀ ਪ੍ਰੈਕਟਿਸ ਲਈ ਘਰੋਂ ਹਰ ਰੋਜ਼ ਦੌੜਨ ਜਾਂਦਾ ਸੀ ਪਰੰਤੂ ਇਕ ਦਿਨ ਉਹ ਘਰ ਵਾਪਸ ਨਹੀਂ ਆਇਆ। ਉਸ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰੰਤੂ ਅਸਫਲ ਰਹੇ।

‘ਆਪ’ ਦੀ ਸਰਕਾਰ ਨੂੰ ਲੈ ਕੇ ਸਰਕਾਰੀ ਵਿਭਾਗਾਂ ’ਚ ‘ਹਲਚਲ’ ਸ਼ੁਰੂ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਕੂਲਾਂ ਅਤੇ ਹਸਪਤਾਲਾਂ ’ਚ ਸੁਧਾਰਾਂ ਦੇ ਨਾਂ ਹੇਠ ਚੁੱਕੇ ਜਾ ਰਹੇ ਕਦਮ ਜਿਥੇ ਸ਼ਲਾਘਾਯੋਗ ਹਨ, ਉਥੇ ਨਾਲ ਹੀ ਉਨ੍ਹਾਂ ‘ਆਪ’ ਸਰਕਾਰ ਦੀ ਇਸ ਕਾਰਗੁਜ਼ਾਰੀ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਦੇ ਸਾਹ ਵੀ ਸੁੱਕੇ ਪਏ ਹਨ।

'ਭਗਵੰਤ ਮਾਨ' ਦੇ ਸਹੁੰ ਚੁੱਕ ਸਮਾਰੋਹ ਨਾਲ ਜੁੜਿਆ 'ਨਵਜੋਤ ਸਿੱਧੂ' ਦੇ ਅਸਤੀਫ਼ੇ ਦਾ ਕੁਨੈਕਸ਼ਨ
ਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਰਾਰੀ ਹਾਰ ਲਈ ਨਵਜੋਤ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਕਈ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਸ਼ੁਰੂ ਕਰ ਦਿੱਤੀ ਗਈ ਸੀ ਪਰ ਨਵਜੋਤ ਸਿੱਧੂ ਨੇ ਅਸਤੀਫ਼ਾ ਨਹੀਂ ਦਿੱਤਾ ਸੀ। ਹਾਲਾਂਕਿ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਚੋਣਾਂ ਹਾਰਨ ਵਾਲੇ ਸਾਰੇ 5 ਸੂਬਿਆਂ ਦੇ ਪਾਰਟੀ ਪ੍ਰਧਾਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਬਜਾਏ ਉਨ੍ਹਾਂ ਤੋਂ ਅਸਤੀਫ਼ਾ ਮੰਗ ਲਿਆ ਸੀ।

ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਦਿੱਤੀ ਵਧਾਈ, ਟਵੀਟ ਕਰ ਆਖੀ ਇਹ ਗੱਲ
ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਬੁੱਧਵਾਰ ਯਾਨੀ ਕਿ ਅੱਜ ਵਧਾਈ ਦਿੱਤੀ। ਅਖਿਲੇਸ਼ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ’ਚ ਪੰਜਾਬ ਸੂਬੇ ਦਾ ਵਿਕਾਸ ਹੋਵੇਗਾ।


author

Harnek Seechewal

Content Editor

Related News