ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਉੱਤਰੀ ਰੇਲਵੇ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ

Thursday, Jul 11, 2024 - 10:59 PM (IST)

ਜੈਤੋ, (ਰਘੁਨੰਦਨ ਪਰਾਸ਼ਰ)- ਰੇਲ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀਰਵਾਰ ਨੂੰ ਨਵੀਂ ਦਿੱਲੀ ਦੇ ਬੜੌਦਾ ਹਾਊਸ ਵਿਖੇ ਉੱਤਰੀ ਰੇਲਵੇ ਦੀ ਕਾਰਜ ਪ੍ਰਗਤੀ ਦਾ ਜਾਇਜ਼ਾ ਲਿਆ। ਰਵਨੀਤ ਬਿੱਟੂ ਨੇ ਸੁਰੱਖਿਆ, ਸਮੇਂ ਦੀ ਪਾਬੰਦਤਾ ਦੇ ਨਾਲ-ਨਾਲ ਅੰਮ੍ਰਿਤ ਭਾਰਤ ਯੋਜਨਾ ਅਤੇ ਵਨ ਸਟੇਸ਼ਨ ਵਨ ਪ੍ਰੋਡਕਟ (ਓ.ਐੱਸ.ਓ.ਪੀ.) ਸਕੀਮ ਅਧੀਨ ਸਟੇਸ਼ਨ ਰੀਡਿਵੈਲਪਮੈਂਟ ਪ੍ਰੋਗਰਾਮ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ। 

ਉਨ੍ਹਾਂ ਨੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ (ਯੂ.ਐੱਸ.ਬੀ.ਆਰ.ਐੱਲ.) ਅਤੇ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ​​ਲਿੰਕ ਪ੍ਰੋਜੈਕਟ ਵਰਗੇ ਰਾਸ਼ਟਰੀ ਮਹੱਤਵ ਦੇ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ। 272 ਕਿਲੋਮੀਟਰ ਦੇ ਯੂ.ਐੱਸ.ਬੀ.ਆਰ.ਐੱਲ਼ ਪ੍ਰੋਜੈਕਟ ਵਿੱਚੋਂ 209 ਕਿਲੋਮੀਟਰ ਪਹਿਲਾਂ ਹੀ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਆਲ-ਸੀਜ਼ਨ ਰੇਲ ਕੁਨੈਕਟੀਵਿਟੀ ਜੰਮੂ-ਕਸ਼ਮੀਰ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ, ਜਿਸ ਨਾਲ ਸੈਲਾਨੀਆਂ ਦੀ ਗਿਣਤੀ ਵਧੇਗੀ ਅਤੇ ਵਸਤੂਆਂ, ਖਾਸ ਕਰਕੇ ਫਲਾਂ ਅਤੇ ਉਤਪਾਦਾਂ ਲਈ ਕਿਫਾਇਤੀ ਆਵਾਜਾਈ ਮੁਹੱਈਆ ਹੋਵੇਗੀ, ਜਿਸ ਨਾਲ ਵਪਾਰ ਅਤੇ ਆਵਾਜਾਈ ਵਿੱਚ ਸੁਧਾਰ ਹੋਵੇਗਾ।

ਉਨ੍ਹਾਂ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ​​ਲਿੰਕ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੀ ਵੀ ਬਾਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰਿਸ਼ੀਕੇਸ਼-ਕਰਨਾਪ੍ਰਯਾਗ ਰੇਲ ​​ਲਿੰਕ ਪ੍ਰੋਜੈਕਟ ਉੱਤਰਾਖੰਡ ਸੂਬੇ ਵਿੱਚ ਸਥਿਤ ਤੀਰਥ ਸਥਾਨਾਂ ਤੱਕ ਪਹੁੰਚ ਦੀ ਸਹੂਲਤ ਦੇਵੇਗਾ ਅਤੇ ਸੂਬੇ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ। ਸ਼ੋਭਨ ਚੌਧਰੀ, ਜਨਰਲ ਮੈਨੇਜਰ ਨੇ ਉੱਤਰੀ ਰੇਲਵੇ ਅਤੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਸੰਖੇਪ ਜਾਣਕਾਰੀ ਦਿੱਤੀ। ਉੱਤਰੀ ਰੇਲਵੇ ਨੇ ਇਸ ਬਾਰੇ ਮੰਤਰੀ ਨੂੰ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਹੋਰ ਪ੍ਰਮੁੱਖ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।


Rakesh

Content Editor

Related News