ਸਾਹਨੇਵਾਲ ਹਵਾਈ ਅੱਡੇ ਲਈ 161 ਕਿੱਲੇ ਜ਼ਮੀਨ ਐਕਵਾਇਰ ਕਰਨ ਦਾ ਕੰਮ ਮੁਕੰਮਲ: ਬਿੱਟੂ
Tuesday, May 26, 2020 - 05:57 PM (IST)

ਚੰਡੀਗੜ੍ਹ (ਟੱਕਰ)— ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਐੱਮ. ਪੀ. ਦੇ ਇਕ ਸਾਲਾ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਉਦਯੋਗਿਕ ਸ਼ਹਿਰ ਲੁਧਿਆਣਾ ਦੀ ਤਰੱਕੀ ਲਈ ਸਭ ਤੋਂ ਵੱਡੀ ਪ੍ਰਾਪਤੀ ਸਾਹਨੇਵਾਲ ਏਅਰਪੋਰਟ ਦਾ ਦਾਇਰਾ ਵਧਾਉਣਾ ਹੈ ਤਾਂ ਜੋ ਇੱਥੇ ਵੱਡੀਆਂ ਏਅਰਲਾਈਨਜ਼ ਦੇ ਜਹਾਜ਼ ਉਤਰਣ, ਜਿਸ ਲਈ 161 ਕਿਲੇ ਜ਼ਮੀਨ ਐਕਵਾਇਰ ਕਰਨ ਦਾ ਕਾਰਜ ਮੁਕੰਮਲ ਹੋ ਗਿਆ ਹੈ ਅਤੇ ਇਸ ਉਪਰ 39 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਾਹਨੇਵਾਲ ਏਅਰਪੋਰਟ ’ਤੇ ਕੇਵਲ ਛੋਟੇ ਜਹਾਜ਼ ਹੀ ਉਤਰਦੇ ਸਨ, ਜਿਸ ਕਾਰਣ ਲੁਧਿਆਣਾ ਵਿਖੇ ਆਉਣ ਵਾਲੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਸੀ ਪਰ ਹੁਣ ਇਹ ਜਲਦ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਏਅਰਪੋਰਟ ਵੱਡਾ ਹੋਣ ਨਾਲ ਲੁਧਿਆਣਾ ਇਲਾਕੇ ’ਚ ਨਵੀਆਂ ਉਦਯੋਗਿਕ ਇਕਾਈਆਂ ਆਉਣਗੀਆਂ, ਇਹ ਸ਼ਹਿਰ ਟੂਰਿਸਟ ਹੱਬ ਵਜੋਂ ਵਿਕਸਿਤ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਤੱਕ ਸਾਹਨੇਵਾਲ ਏਅਰਪੋਰਟ ਨੂੰ ਵਿਕਸਿਤ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਜਿੱਥੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਨਾਂ ਵੀ ਆਉਣਗੀਆਂ। ਉਨ੍ਹਾਂ ਕਿਹਾ ਕਿ ਏਅਰਪੋਰਟ ਵੱਡਾ ਹੋਣ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ ਕਿਉਂਕਿ ਇੱਥੋਂ ਫਲ, ਸਬਜ਼ੀਆਂ ਤੇ ਫਰੂਟ ਕਾਰਗੋ ਸਿਸਟਮ ਰਾਹੀਂ ਬਾਹਰਲੇ ਸੂਬਿਆਂ ’ਚ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਹਲਵਾਰਾ ਏਅਰਪੋਰਟ ਤੱਕ ਜਾਣ ਵਾਲੀ ਰੋਡ ਵੀ 300 ਫੁੱਟ ਚੌੜੀ ਕਰਨ ਦਾ ਪ੍ਰਾਜੈਕਟ ਬਣਾਇਆ ਗਿਆ ਹੈ। ਐੱਮ. ਪੀ. ਬਿੱਟੂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਵਲੋਂ ਲੋਡੂਵਾਲ ਟੋਲ ਪਲਾਜ਼ਾ ’ਤੇ ਭੁੱਖ ਹੜਤਾਲ ਕੀਤੀ ਸੀ ਕਿ ਦਿੱਲੀ ਤੋਂ ਅੰਮ੍ਰਿਤਸਰ ਤੱਕ ਜਾਣ ਵਾਲਾ ਨੈਸ਼ਨਲ ਹਾਈਵੇ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ’ਚੋਂ ਲੰਘਦੇ ਇਸ ਅਧੂਰੇ ਹਾਈਵੇ ਕਾਰਨ ਕਾਫ਼ੀ ਹਾਦਸੇ ਹੋ ਰਹੇ ਸਨ ਜਿਸ ਕਾਰਣ ਕਈ ਕੀਮਤੀ ਜਾਨਾਂ ਗਈਆਂ ਅਤੇ ਲੋਕਾਂ ਨੂੰ ਜਾਮ ਵਿਚ ਪ੍ਰੇਸ਼ਾਨ ਹੋਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ 1 ਸਾਲ ਦੇ ਕਾਰਜਕਾਲ ਦੌਰਾਨ ਇਹ ਨੈਸ਼ਨਲ ਹਾਈਵੇ ’ਤੇ ਤਿੰਨ ਬ੍ਰਿਜ ਜੋਧਵਾਲ ਬਸਤੀ, ਸ਼ੇਰਪੁਰ ਚੌਂਕ ਤੇ ਕੈਂਸਰ ਹਸਪਤਾਲ ਮੁਕੰਮਲ ਹੋ ਚੁੱਕੇ ਹਨ।
ਬਿੱਟੂ ਨੇ ਸ਼ਹਿਰ ਦਾ ਜਗਰਾਉਂ ਪੁਲ ਬਾਰੇ ਦੱਸਿਆ ਕਿ ਉਹ ਮੁਕੰਮਲ ਹੋਣ ਨੇੜੇ ਹੈ ਅਤੇ ਕੋਰੋਨਾ ਮਹਾਮਾਰੀ ਕਾਰਣ ਇਸ ਨੂੰ ਸ਼ੁਰੂ ਹੋਣÎ ’ਚ ਮਹੀਨੇ ਦੀ ਦੇਰੀ ਹੋ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੀ ਲਾਈਫ ਲਾਈਨ ਪੱਖੋਵਾਲ ਰੋਡ ’ਤੇ 120 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣ ਰਹੇ ਹਨ ਜਿਸ ਨਾਲ ਲੋਕਾਂ ਨੂੰ ਜਾਮ ਤੋਂ ਨਿਜ਼ਾਤ ਮਿਲੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ’ਚੋਂ ਲੰਘਦੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨਾ ਉਨ੍ਹਾਂ ਦਾ ਮੁਖ ਉਦੇਸ਼ ਹੈ ਜਿਸ ਲਈ ਉਨ੍ਹਾਂ 2 ਮਹੀਨੇ ਪਹਿਲਾਂ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਸ ਦੀ ਸਫ਼ਾਈ ਲਈ 650 ਕਰੋੜ ਰੁਪਏ ਪਾਸ ਕਰਵਾਏ।
ਦੇਸ਼ ਦਾ ਪਹਿਲਾ ਐੱਮ. ਪੀ. ਜੋ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸਸਕਾਰ ’ਚ ਹੋਇਆ ਸ਼ਾਮਿਲ
ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਜਿੱਥੇ ਹਰੇਕ ਵਰਗ ਦਾ ਭਾਰੀ ਨੁਕਸਾਨ ਹੋਇਆ, ਉੱਥੇ ਕਈ ਕੀਮਤੀ ਜਾਨਾਂ ਵੀ ਗਈਆਂ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਦਮਸ਼੍ਰੀ ਭਾਈ ਨਿਰਮਲ ਸਿੰਘ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਅਤੇ ਲੋਕਾਂ ਵਿਚ ਐਨਾ ਖੌਫ਼ ਦੇਖਣ ਨੂੰ ਮਿਲਿਆ ਕਿ ਉਨ੍ਹਾਂ ਦੇ ਸਸਕਾਰ ਨੂੰ ਵੀ ਜਗ੍ਹਾ ਨਾ ਦਿੱਤੀ। ਇਸ ਤੋਂ ਇਲਾਵਾ ਕਈ ਪਰਿਵਾਰ ਕੋਰੋਨਾ ਕਾਰਣ ਮਰੇ ਆਪਣਿਆਂ ਦੀਆਂ ਲਾਸ਼ਾਂ ਲੈਣ ਤੇ ਸਸਕਾਰ ਕਰਨ ਤੋਂ ਨਾਂਹ ਕਰ ਗਏ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਸਾਡੇ ਬਹੁਤ ਹੀ ਅਜੀਜ਼ ਏ. ਸੀ. ਪੀ. ਅਨਿਲ ਕੋਹਲੀ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਸੁਰੱਖਿਆ ਤੇ ਡਿਊਟੀ ਕਰਦੇ ਹੋਏ ਇਸ ਬੀਮਾਰੀ ਨਾਲ ਪੀੜ੍ਹਤ ਹੋ ਕੇ ਮੌਤ ਦੇ ਮੂੰਹ ਵਿਚ ਜਾ ਪਏ ਅਤੇ ਲੋਕਾਂ ਦਾ ਖੌਫ਼ ਦੂਰ ਕਰਨ ਲਈ ਉਨ੍ਹਾਂ ਨੇ ਸਮਸ਼ਾਨ ਘਾਟ ’ਚ ਜਾ ਕੇ ਅੰਤਿਮ ਸਸਕਾਰ ਮੌਕੇ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਐੱਮ. ਪੀ. ਰਵਨੀਤ ਸਿੰਘ ਬਿੱਟੂ ਦੇਸ਼ ਦੇ ਪਹਿਲੇ ਐੱਮ. ਪੀ. ਹਨ ਜੋ ਕੋਰੋਨਾ ਪੀੜ੍ਹਤ ਮਰੀਜ਼ ਦੇ ਅੰਤਿਮ ਸਸਕਾਰ ’ਚ ਸ਼ਾਮਿਲ ਹੋਏ ਤਾਂ ਜੋ ਲੋਕ ਆਪਣਿਆਂ ਦਾ ਅੰਤਿਮ ਸਸਕਾਰ ਕਰਨ ਤੋਂ ਵੀ ਪਿੱਛੇ ਨਾ ਹਟਣ। ਉਨ੍ਹਾਂ ਦੱਸਿਆ ਕਿ ਕਰੀਬ 1 ਕਰੋੜ ਰੁਪਏ ਦੀ ਗ੍ਰਾਂਟ ਦੇ ਨਾਲ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਸਿਹਤ ਵਿਭਾਗ ਨੂੰ ਸਾਜੋ ਸਮਾਨ ਵੀ ਦਿੱਤਾ ਗਿਆ।