ਬੁੱਢੇ ਨਾਲੇ ਦੀ ਸਫਾਈ ਲਈ ਕੇਂਦਰ ਦਰਬਾਰ ਪਹੁੰਚੇ ਰਵਨੀਤ ਬਿੱਟੂ
Friday, Aug 23, 2019 - 06:01 PM (IST)
ਚੰਡੀਗੜ੍ਹ, ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ 'ਚੋਂ ਲੰਘਦੇ 14 ਕਿਲੋਮੀਟਰ ਲੰਮੇ ਬੁੱਢੇ ਨਾਲੇ ਦੀ ਸਮੱਸਿਆ ਦਾ ਸਥਾਈ ਹੱਲ ਕਢਵਾਉਣ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਕੇਂਦਰ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਬਿੱਟੂ ਨੇ ਦੱਸਿਆ ਕਿ ਬੁੱਢੇ ਨਾਲੇ ਦੀ ਮੁਕੰਮਲ ਸਫ਼ਾਈ ਕਰਾਉਣਾ ਉਨ੍ਹਾਂ ਦਾ ਸੁਪਨਾ ਹੈ, ਜਿਸ ਸੰਬੰਧੀ ਉਨ੍ਹਾਂ ਨੇ ਲੋਕਾਂ ਨਾਲ ਚੋਣ ਵਾਅਦਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੁੱਢਾ ਨਾਲਾ ਜੋ ਕਿ ਕਿਸੇ ਸਮੇਂ ਸਤਲੁਜ ਦਰਿਆ ਦਾ ਹਿੱਸਾ ਹੁੰਦਾ ਸੀ ਅਤੇ ਇਸ ਵਿਚ 50 ਤੋਂ ਵਧੇਰੇ ਕਿਸਮਾਂ ਦੇ ਜਲ ਜੀਵ ਜੰਤੂ ਪਾਏ ਜਾਂਦੇ ਸਨ ਪਰ ਮਾੜੀ ਕਿਸਮਤ ਨਾਲ ਸਮੇਂ ਦੇ ਪ੍ਰਵਾਹ ਨਾਲ ਇਸ ਦੀ ਇਹ ਸ਼ਾਨ ਖ਼ਤਮ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੂੰ ਬੁੱਢਾ ਨਾਲਾ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਕਿ ਕਿਸ ਤਰ੍ਹਾਂ ਇਸ ਨਾਲੇ ਦੇ ਗੰਦੇ ਪਾਣੀ ਨਾਲ ਸ਼ਹਿਰ ਵਿਚ ਬਿਮਾਰੀਆਂ ਅਤੇ ਮੁਸ਼ਕਿਲਾਂ ਦਾ ਪਸਾਰਾ ਹੋ ਰਿਹਾ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਸਤਲੁਜ ਦਰਿਆ ਵਿਚ ਪੈਂਦੇ ਧੁੱਸੀ ਬੰਨ ਦੇ ਟੁੱਟਣ ਕਾਰਨ ਪੈਦਾ ਹੋਈ ਸਥਿਤੀ ਤੋਂ ਵੀ ਜਾਣੂ ਕਰਵਾਇਆ।
ਉਨ੍ਹਾਂ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਨੂੰ ਤਰਜੀਹੀ ਤੌਰ 'ਤੇ ਸ਼ੁਰੂ ਕਰਵਾ ਕੇ ਮੁਕੰਮਲ ਕਰਵਾਇਆ ਜਾਵੇ। ਬਿੱਟੂ ਨੇ ਕਿਹਾ ਕਿ ਸ਼ੇਖਾਵਤ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਪ੍ਰੋਜੈਕਟ ਲਈ ਪੂਰਨ ਸਹਿਯੋਗ ਅਤੇ ਫੰਡ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਟਾਟਾ ਸੰਨਜ਼ ਕੰਪਨੀ ਦੇ ਨੁਮਾਇੰਦਿਆਂ ਨਾਲ ਬੁੱਢੇ ਨਾਲੇ ਦਾ ਦੌਰਾ ਕਰਨਗੇ। ਟਾਟਾ ਸੰਨਜ਼ ਕੰਪਨੀ ਨੇ 900 ਕਰੋੜ ਰੁਪਏ ਦੀ ਲਾਗਤ ਨਾਲ ਬੁੱਢੇ ਨਾਲੇ ਨੂੰ ਸਾਫ਼ ਕਰਨ ਦੀ ਇੱਛਾ ਪ੍ਰਗਟਾਈ ਹੈ। ਸ਼ੇਖਾਵਤ ਨੇ ਕਿਹਾ ਕਿ ਇਸੇ ਕੰਪਨੀ ਨੇ ਹੀ ਉਨ੍ਹਾਂ ਦੇ ਲੋਕ ਸਭਾ ਹਲਕੇ ਵਿਚ ਇਸ ਤਰ੍ਹਾਂ ਦੇ ਪ੍ਰੋਜੈਕਟ 'ਤੇ ਬਹੁਤ ਵਧੀਆ ਕੰਮ ਕੀਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ 21 ਫਰਵਰੀ ਨੂੰ ਉਕਤ ਕੰਪਨੀ ਦੇ ਨੁਮਾਇੰਦਿਆਂ ਨੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਦਫ਼ਤਰ ਵਿਚ ਇਕ ਪੇਸ਼ਕਾਰੀ ਦੇ ਕੇ ਇਸ ਨਾਲੇ ਨੂੰ ਸਾਫ਼ ਅਤੇ ਸੁੰਦਰ ਕਰਨ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਸੀ।
ਇਸ ਪੇਸ਼ਕਾਰੀ ਦੌਰਾਨ ਟਾਟਾ ਗਰੁੱਪ ਦੇ ਉੱਪ ਚੇਅਰਮੈਨ ਮਨੀਸ਼ ਤ੍ਰਿਪਾਠੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਦੇਸ਼ ਵਿਚ ਅਜਿਹੇ ਕਈ ਪ੍ਰੋਜੈਕਟਾਂ 'ਤੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਨਾ ਕੇਵਲ ਇਸ ਬੁੱਢੇ ਨਾਲੇ ਦੀ ਸਫਾਈ ਕਰਵਾਏਗੀ, ਜਦਕਿ ਇਸ ਦੇ ਕਿਨਾਰਿਆਂ ਨੂੰ ਬਣਾਇਆ ਜਾਵੇਗਾ, ਸਾਈਕਲ ਚਾਲਕਾਂ ਲਈ ਰਸਤਾ, ਸੈਰਗਾਹੀਆਂ ਲਈ ਰਸਤਾ, ਨਾਲੇ ਦਾ ਸੁੰਦਰੀਕਰਨ, ਪੌਦੇ ਲਗਾ ਕੇ ਗਰੀਨ ਬੈੱਲਟ ਤਿਆਰ ਕਰਨ ਦੇ ਨਾਲ-ਨਾਲ ਇਸ ਦੇ ਪਾਣੀ ਨੂੰ ਸਾਫ਼ ਕਰਕੇ ਖੇਤੀਬਾੜੀ ਅਤੇ ਬਾਗਬਾਨੀ ਲਈ ਵਰਤਣਯੋਗ ਬਣਾਇਆ ਜਾਵੇਗਾ।