ਪਰਦੇ ਪਿੱਛੇ ਚੱਲ ਰਿਹੈ ਰਾਸ਼ਨ ਡਿਪੂ, ਵਿਭਾਗੀ ਕਰਮਚਾਰੀਆਂ ਨੇ ਧਾਰਿਆ ਮੌਨ

Sunday, Apr 29, 2018 - 10:24 AM (IST)

ਲੁਧਿਆਣਾ (ਖੁਰਾਣਾ) - ਮਹਾਨਗਰ ਦੇ ਕਈ ਇਲਾਕਿਆਂ 'ਚ ਵਿਭਾਗੀ ਕਰਮਚਾਰੀਆਂ ਦੀ ਮਿਲੀ-ਭੁਗਤ ਨਾਲ ਡਿਪੂ ਹੋਲਡਰ ਪਰਦੇ ਦੇ ਪਿੱਛੇ ਰਾਸ਼ਨ ਡਿਪੂ ਚਲਾ ਕੇ ਖਪਤਕਾਰਾਂ ਨੂੰ ਮਿਲਣ ਵਾਲੀ ਸਰਕਾਰੀ ਕਣਕ ਦੀ ਕਾਲਾਬਾਜ਼ਾਰੀ ਦਾ ਗੋਰਖਧੰਦਾ ਧੜੱਲੇ ਨਾਲ ਕਰ ਰਹੇ ਹਨ। ਇਲਾਕਾ ਸਲੇਮ ਟਾਬਰੀ ਦੇ ਬਾਬਾ ਬਾਲਕ ਨਾਥ ਮੰਦਰ ਦੇ ਨਾਲ ਪੈਂਦੀ ਇਕ ਗਲੀ 'ਚ ਪਰਦੇ ਦੇ ਪਿੱਛੇ ਚੱਲ ਰਹੇ ਰਾਸ਼ਨ ਡਿਪੂ ਦਾ ਕੋਈ ਵਾਲੀਵਾਰਿਸ ਨਹੀਂ, ਜਦਕਿ ਵਿਭਾਗ ਵਲੋਂ ਸਮੇਂ-ਸਮੇਂ 'ਤੇ ਉਕਤ ਡਿਪੂ ਮਾਲਕ ਨੂੰ ਸਰਕਾਰੀ ਕਣਕ ਦੀ ਸਪਲਾਈ ਤਾਂ ਦਿੱਤੀ ਪਰ ਕਣਕ ਕਿਹੜੇ ਖਪਤਕਾਰ ਪਰਿਵਾਰਾਂ 'ਚ ਡਿਪੂ ਮਾਲਕ ਵਲੋਂ ਤਕਸੀਮ ਕੀਤੀ ਜਾ ਰਹੀ ਹੈ। 
ਇਸ ਦੇ ਨਾਲ ਹੀ ਪਤਾ ਨਹੀਂ ਡਿਪੂ ਨਾਲ ਕਿੰਨੇ ਕਾਰਡ ਹੋਲਡਰ ਜੁੜੇ ਹੋਏ ਹਨ, ਇਸ ਗੱਲ ਦਾ ਕੋਈ ਬਿਊਰਾ ਤੱਕ ਜਨਤਕ ਨਹੀਂ ਕੀਤਾ ਗਿਆ ਹੈ, ਕਿਉਂਕਿ ਡਿਪੂ ਮਾਲਕ ਵਲੋਂ ਡਿਪੂ ਦੇ ਬਾਹਰ ਕਿਸੇ ਪ੍ਰਕਾਰ ਦਾ ਸਟਾਕ ਬੋਰਡ ਤੱਕ ਨਹੀਂ ਲਾਇਆ ਗਿਆ ਹੈ। ਇਸ ਦੌਰਾਨ ਜ਼ਿਆਦਾਤਰ ਕਾਰਡ ਹੋਲਡਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਇਹ ਜਾਣਕਾਰੀ ਤੱਕ ਨਹੀਂ ਹੈ ਕਿ ਇਲਾਕੇ 'ਚ ਕੋਈ ਰਾਸ਼ਨ ਡਿਪੂ ਵੀ ਚੱਲ ਰਿਹਾ ਹੈ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਉਕਤ ਰਾਸ਼ਨ ਡਿਪੂ ਜਸਪ੍ਰੀਤ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਹੈ, ਜੋ ਪਿਛਲੇ ਕੁਝ ਸਾਲਾਂ 'ਚ ਤਿੰਨ ਵਾਰ ਡਿਪੂ ਚਲਾਉਣ ਦਾ ਸਥਾਨ ਕਿਰਾਏ ਦੀ ਦੁਕਾਨ ਹੋਣ ਕਾਰਨ ਬਦਲ ਚੁੱਕਿਆ ਹੈ ਅਤੇ ਖੁਦ ਦੁੱਗਰੀ 'ਚ ਰਹਿ ਰਿਹਾ ਹੈ। ਜਦਕਿ ਉਕਤ ਡਿਪੂ 'ਤੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਖਪਤਕਾਰਾਂ ਤੱਕ ਪਹੁੰਚਾਉਣ ਲਈ ਬੋਰਡ ਤੱਕ ਨਹੀਂ ਲਾਇਆ ਗਿਆ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਖਪਤਕਾਰਾਂ ਨੂੰ ਸਰਕਾਰੀ ਅਨਾਜ ਦਾ ਲਾਭ ਦੇਣ ਦੇ ਲਈ ਕੀ ਡਿਪੂ ਮਾਲਕ ਦੁੱਗਰੀ ਤੋਂ ਲੰਮਾ ਸਫਰ ਤੈਅ ਕਰ ਕੇ ਡਿਪੂ ਤੱਕ ਪਹੁੰਚ ਰਿਹਾ ਹੈ ਜਾਂ ਨਹੀਂ ਇਹ ਜਾਂਚ ਦਾ ਵਿਸ਼ਾ ਬਣਦਾ ਹੈ। ਜਿਸਦੀਆਂ ਪਰਤਾਂ ਜਾਂਚ ਪੜਤਾਲ ਦੇ ਬਾਅਦ ਹੀ ਖੁਲ੍ਹ ਸਕਣਗੀਆਂ। 

ਤੁਰੰਤ ਐਕਸ਼ਨ ਲੈਂਦੇ ਹੋਏ ਰੱਦ ਹੋਵੇਗੀ ਸਪਲਾਈ : ਅਧਿਕਾਰੀ
ਉਕਤ ਮਾਮਲੇ ਸਬੰਧੀ ਗੱਲ ਕਰਦੇ ਹੋਏ ਖਾਦ ਅਤੇ ਅਪੂਰਤੀ ਵਿਭਾਗ ਦੀ ਏ. ਐੱਫ. ਐੱਸ. ਓ. ਮੈਡਮ ਦਮਨਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੰਭੀਰ ਲਾਪ੍ਰਵਾਹੀ ਵਰਤਣ ਵਾਲੇ ਡਿਪੂ ਹੋਲਡਰ ਦੇ ਖਿਲਾਫ ਜਿਥੇ ਤੁਰੰਤ ਐਕਸ਼ਨ ਲੈਂਦੇ ਹੋਏ ਡਿਪੂ ਦੀ ਸਪਲਾਈ ਰੱਦ ਕੀਤੀ ਜਾਵੇਗੀ, ਉਥੇ ਸਟਾਕ ਰਜਿਸਟਰ ਦੀ ਵੀ ਬਾਰੀਕੀ ਨਾਲ ਜਾਂਚ ਪੜਤਾਲ ਹੋਵੇਗੀ।


Related News