ਆਲ ਇੰਡੀਆ ਕਸ਼ੱਤਰੀ ਮਹਾਸਭਾ ਵੱਲੋਂ ਭਲਕੇ ਜੰਮੂ ਤੋਂ ਕੱਢੀ ਜਾਵੇਗੀ ਰੱਥ ਯਾਤਰਾ
Monday, Aug 08, 2022 - 09:32 PM (IST)
ਜੰਮੂ/ਲੁਧਿਆਣਾ (ਰਿੰਕੂ) : ਆਲ ਇੰਡੀਆ ਕਸ਼ੱਤਰੀ ਮਹਾਸਭਾ ਵੱਲੋਂ 9 ਅਗਸਤ ਨੂੰ ਜੰਮੂ ਸਥਿਤ ਰਾਜ ਤਿਲਕ ਭਵਨ ਤੋਂ ਸ਼ੁਰੂ ਹੋਣ ਵਾਲੀ ਰਾਸ਼ਟਰ ਪੱਧਰੀ ਤੀਜੀ ਰੱਥ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਜਾਣਕਾਰੀ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਮਹਿੰਦਰ ਸਿੰਘ ਤੰਵਰ, ਰਾਜਪੂਤ ਕਲਿਆਣ ਬੋਰਡ ਦੇ ਸਾਬਕਾ ਚੇਅਰਮੈਨ ਦਵਿੰਦਰ ਸਿੰਘ ਦਰਸ਼ੀ ਤੇ ਮਹਾਸਭਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਡਿੰਪਲ ਰਾਣਾ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮਹਾਰਾਜਾ ਹਰੀ ਸਿੰਘ ਦੀ ਜੰਮੂ ਸਥਿਤ ਮੂਰਤੀ 'ਤੇ ਫੁੱਲ ਮਾਲਾਵਾਂ ਭੇਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਆਰਥਿਕ ਅਧਾਰ 'ਤੇ ਰਾਖਵੇਂਕਰਨ ਦੀ ਪੁਰਾਣੀ ਮੰਗ ਦੀ ਜਾਣਕਾਰੀ ਦਿੰਦਿਆਂ ਮਹਿੰਦਰ ਤੰਵਰ ਨੇ ਕਿਹਾ ਕਿ ਸਾਲ 2010 ਤੋਂ ਵਿੱਤੀ ਅਧਾਰ 'ਤੇ ਰਾਖਵੇਂਕਰਨ ਦੀ ਮੰਗ ਦੇ ਨਾਲ-ਨਾਲ ਮਹਾਸਭਾ ਸਾਲ 2018 ਤੋਂ ਸਮਾਜਿਕ ਸਦਭਾਵਨਾ ਵਾਲੇ ਖੱਤਰੀ ਮਹਾਪੁਰਸ਼ਾਂ ਦੇ ਇਤਿਹਾਸ ਨੂੰ ਸੰਭਾਲਣ ਲਈ ਸੰਘਰਸ਼ ਕਰ ਰਹੀ ਹੈ।
ਖ਼ਬਰ ਇਹ ਵੀ : ਕਿਸਾਨ ਮੁੜ ਧਰਨੇ 'ਤੇ, ਉਥੇ ਭਾਰੀ ਵਿਰੋਧ ਦੇ ਬਾਵਜੂਦ ਲੋਕ ਸਭਾ 'ਚ ਬਿਜਲੀ ਸੋਧ ਬਿੱਲ ਪੇਸ਼, ਪੜ੍ਹੋ TOP 10
ਇਸ ਤੋਂ ਪਹਿਲਾਂ ਵੀ ਸੰਸਥਾ ਵੱਲੋਂ ਸਾਲ 2010 ਤੇ 2017 ਵਿੱਚ 2 ਵੱਖ-ਵੱਖ ਰੱਥ ਯਾਤਰਾਵਾਂ ਦਾ ਆਯੋਜਨ ਕਰਕੇ ਸਮੇਂ-ਸਮੇਂ 'ਤੇ ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਗਈ ਸੀ। ਆਰਥਿਕ ਆਧਾਰ 'ਤੇ ਰਾਖਵੇਂਕਰਨ ਦਾ ਪ੍ਰਬੰਧ ਕਰਨ ਲਈ ਆਵਾਜ਼ ਉਠਾਈ ਹੈ, ਜਦਕਿ ਉਪਰੋਕਤ ਮੰਗਾਂ ਤੋਂ ਇਲਾਵਾ ਉਨ੍ਹਾਂ ਐੱਸ.ਸੀ. ਐੱਸ.ਟੀ.ਐਕਟ ਦੀ ਦੁਰਵਰਤੋਂ ਰੋਕਣ, ਦਾਜ ਪ੍ਰਥਾ ਅਤੇ ਮ੍ਰਿਤੂ ਭੋਜ ਵਰਗੀਆਂ ਭੈੜੀਆਂ ਪ੍ਰਥਾਵਾਂ ਨੂੰ ਖ਼ਤਮ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਖੇਤੀਬਾੜੀ ਨੂੰ ਟੈਕਸ ਮੁਕਤ ਕਰਨਾ ਅਤੇ ਫਸਲਾਂ ਦਾ ਘੱਟੋ-ਘੱਟ ਭਾਅ ਦਿਵਾਉਣਾ ਆਪਣੀ ਪਹਿਲ ਦੱਸੀ। ਇਸ ਤੋਂ ਪਹਿਲਾਂ ਜਥੇਬੰਦੀ ਦੇ ਪੰਜਾਬ ਪ੍ਰਧਾਨ ਡਿੰਪਲ ਰਾਣਾ ਨੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੁਧਿਆਣਾ ਤੋਂ ਜੰਮੂ ਤੱਕ ਰੱਥ ਯਾਤਰਾ ਦੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਅਨਿਲ ਚੰਦੇਲ, ਵਿਜੇ ਸਿੰਘ ਪਰਿਹਾਰ, ਰਾਮਵੀਰ ਸਿੰਘ ਸੀਕਰਵਾਲ, ਰਾਣਾ ਸਿੰਘ, ਅੰਜਨਾ ਸਿੰਘ, ਰਣਧੀਰ ਬਿੱਟਾ ਕਾਟਲ, ਕੈਪਟਨ ਕੁੰਵਰ ਡਾ. ਜਸਪਾਲ ਸਿੰਘ, ਚੌਹਾਨ ਸਿੰਘ, ਸ਼ਗਨ ਸਿੰਘ, ਅੰਮ੍ਰਿਤਪਾਲ ਬੰਟੀ ਆਦਿ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।