ਬਲਾਤਕਾਰੀਆਂ ਨੂੰ ਮਿਲੇ ਫਾਂਸੀ ਦੀ ਸਜ਼ਾ : ਬਾਦਲ

04/18/2018 6:22:59 PM

ਚੰਡੀਗੜ੍ਹ : ਸਮਾਜ ਵਿਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਾਨੂੰਨ ਦੀ ਮੰਗ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਔਰਤਾਂ ਖਿਲਾਫ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਕੋਈ ਪੱਕਾ ਹੱਲ ਲੱਭਿਆ ਜਾਣਾ ਚਾਹੀਦਾ ਹੈ। ਇੱਥੇ ਇਕ ਪ੍ਰੋਗਰਾਮ ਦੌਰਾਨ ਇਹ ਵਿਚਾਰ ਪ੍ਰਗਟ ਕਰਦਿਆਂ ਬਾਦਲ ਨੇ ਦੇਸ਼ ਅੰਦਰ ਵੱਧ ਰਹੇ ਫਿਰਕੂਪੁਣੇ ਦੀ ਬੀਮਾਰੀ 'ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਰਾਜਾਂ ਅਤੇ ਕੇਂਦਰ ਵਿਚ ਸਾਰੀਆਂ ਸਰਕਾਰਾਂ ਵਲੋਂ ਸਭ ਤੋਂ ਵੱਡੀ ਪਹਿਲ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਦਿੱਤੇ ਜਾਣ ਦੀ ਲੋੜ ਹੈ।
ਉਨਾਓ ਅਤੇ ਕਠੂਆ ਦੁਖਾਂਤਾਂ 'ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬਲਾਤਕਾਰੀਆਂ ਦਾ ਸਮਰਥਨ ਕੀਤਾ ਹੈ, ਉਨ੍ਹਾਂ ਨਾਲ ਨਰਮੀ ਵਰਤੇ ਜਾਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਔਰਤ ਦੀ ਇੱਜ਼ਤ ਕਰਨਾ ਇਕ ਸੱਭਿਅਕ ਮੁਲਕ ਦੀ ਪਹਿਲੀ ਨਿਸ਼ਾਨੀ ਹੈ। ਸਾਨੂੰ ਰਲ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਔਰਤਾਂ ਖ਼ਿਲਾਫ ਅਣਮਨੁੱਖੀ ਅੱਤਿਆਚਾਰ ਕਰਨ ਵਾਲੇ ਲੋਕਾਂ ਅਤੇ ਅਜਿਹੇ ਅਪਰਾਧੀਆਂ ਦੀ ਮਦਦ ਕਰਨ ਵਾਲਿਆਂ ਨੂੰ ਸਖ਼ਤ ਅਤੇ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ।


Related News