ਜਬਰ-ਜ਼ਿਨਾਹ ਅਤੇ ਯੌਨ ਸ਼ੋਸ਼ਣ ਦੇ ਮਾਮਲੇ : ਕਰੀਬ 96 ਫੀਸਦੀ ਔਰਤਾਂ ਹੋਈਆਂ ਜਾਣਕਾਰਾਂ ਦੇ ਦਗੇ ਦੀਆਂ ਸ਼ਿਕਾਰ
Tuesday, Sep 28, 2021 - 06:32 PM (IST)
ਲੁਧਿਆਣਾ (ਗੌਤਮ) : ਦੇਸ਼ ’ਚ ਔਰਤਾਂ ਦੀ ਸੁਰੱਖਿਆ ਸਬੰਧੀ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਸਾਲ 2020 ਦੇ ਜਾਰੀ ਅੰਕੜਿਆਂ ਮੁਤਾਬਕ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਆਲਮ ਇਹ ਹੈ ਕਿ ਦੇਸ਼ ਵਿਚ 95.55 ਫੀਸਦੀ ਔਰਤਾਂ ਆਪਣੇ ਹੀ ਜਾਣਕਾਰਾਂ ਦੇ ਭਰੋਸੇ ਦਾ ਸ਼ਿਕਾਰ ਹੋਈਆਂ। ਉਨ੍ਹਾਂ ਦੀ ਆਬਰੂ ਭਰੋਸੇਮੰਦ ਲੋਕਾਂ ਨੇ ਤਾਰ-ਤਾਰ ਕੀਤੀ, ਜਦੋਂਕਿ ਸਿਰਫ 4.45 ਫੀਸਦੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਅਜਨਬੀ ਲੋਕਾਂ ਨੇ ਦਿੱਤਾ। ਛੇੜ-ਛਾੜ, ਬਲਾਤਕਾਰ ਅਤੇ ਹੋਰ ਯੋਨ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਭਰੋਸੇਮੰਦ ਲੋਕਾਂ ’ਚ ਪਰਿਵਾਰ ਦੇ ਕਰੀਬੀ, ਰਿਸ਼ਤੇਦਾਰ, ਗੁਆਂਢੀ, ਬੁਆਏ ਫ੍ਰੈਂਡ, ਲਿਵ ਇਨ ਰਿਲੇਸ਼ਨ, ਵਿਆਹ ਦਾ ਝਾਂਸਾ ਦੇਣ ਵਾਲੇ ਅਤੇ ਪਰਿਵਾਰਕ ਮਿੱਤਰ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵੀਂ ਸਰਕਾਰ ਨੇ ਵੰਡੇ ਅਹੁਦੇ, ਜਾਣੋ ਕਿਹੜੇ ਮੰਤਰੀ ਨੂੰ ਕਿਹੜਾ ਵਿਭਾਗ ਮਿਲਿਆ
ਬਹੁਤ ਹੀ ਨੇੜਲੇ ਲੋਕਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ’ਚ ਮਿਜ਼ੋਰਮ, ਨਾਗਾਲੈਂਡ, ਸਿੱਕਮ ਪਹਿਲੇ ਸਥਾਨ ’ਤੇ ਰਹੇ। ਇਥੇ ਇਨ੍ਹਾਂ ਸੂਬਿਆਂ ਵਿਚ 100 ਫੀਸਦੀ, ਦੂਜੇ ਨੰਬਰ ’ਤੇ ਮਹਾਰਾਸ਼ਟਰ ਵਿਚ 99.8 ਫੀਸਦੀ, ਤੀਜੇ ਨੰਬਰ ’ਤੇ ਹਿਮਾਚਲ ਪ੍ਰਦੇਸ਼ ਅਤੇ ਆਂਧਾਰਾ ਪ੍ਰਦੇਸ਼ 99.4 ਫੀਸਦੀ ਅਤੇ ਚੌਥੇ ਨੰਬਰ ’ਤੇ ਪੰਜਾਬ ’ਚ 99.2 ਫੀਸਦੀ ਵਾਰਦਾਤਾਂ ਨੂੰ ਅੰਜਾਮ ਆਪਣਿਆਂ ਨੇ ਦਿੱਤਾ। ਇਸੇ ਦੌਰਾਨ ਪੰਜਾਬ ਵਿਚ ਗੈਂਗ ਰੇਪ ਅਤੇ ਯੋਨ ਹਿੰਸਾ ਦੇ 5 ਕੇਸ ਦਰਜ ਕੀਤੇ ਗਏ।
ਇਹ ਵੀ ਪੜ੍ਹੋ : ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਮਾਮਲੇ ’ਚ ਨਵਜੋਤ ਸਿੱਧੂ ’ਤੇ ਭਾਰੀ ਪਏ ਚਰਨਜੀਤ ਚੰਨੀ
ਦੇਸ਼ ਵਿਚ 2020 ਵਿਚ ਬਲਾਤਕਾਰ, ਛੇੜ-ਛਾੜ ਅਤੇ ਯੋਨ ਸ਼ੋਸ਼ਣ ਦੇ 26,727 ਕੇਸ ਸਾਹਮਣੇ ਆਏ। ਇਨ੍ਹਾਂ ਵਿਚੋਂ 1185 (4.45 ਫੀਸਦੀ) ਅਜ਼ਨਬੀਆਂ ਅਤੇ ਅਣਪਛਾਤਿਆਂ ਨੇ ਅੰਜਾਮ ਦਿੱਤਾ ਹੈ। 2364 (8.84 ਫੀਸਦੀ) ਰੇਪ ਅਤੇ ਸ਼ੋਸ਼ਣ ਪਰਿਵਾਰ ਦੇ ਮੈਂਬਰਾਂ ਨੇ ਕੀਤੇ, 10189 (38.12 ਫੀਸਦੀ) ਬਲਾਤਕਾਰ, ਵਿਆਹ ਦਾ ਝਾਂਸਾ ਦੇ ਕੇ ਲਿਵ ਇਨ ਪਾਰਟਨਰ ਜਾਂ ਦੋਸਤਾਂ ਨੇ ਦਿੱਤੇ। 12989 (48.59 ਫੀਸਦੀ) ਕੇਸਾਂ ’ਚ ਪਰਿਵਾਰਕ ਮਿੱਤਰ, ਗੁਆਂਢੀ ਜ਼ਿੰਮੇਵਾਰ ਹਨ, ਜਦੋਂਕਿ ਸਾਲ 2019 ਵਿਚ 30,641 ਕੇਸਾਂ ਵਿਚ ਫੈਮਿਲੀ ਫ੍ਰੈਂਡ ਵਲੋਂ 2768, ਜਾਣਕਾਰਾਂ ਜਿਸ ਵਿਚ ਗੁਆਂਢੀ ਅਤੇ ਪਰਿਵਾਰਕ ਫ੍ਰੈਂਡ ਸ਼ਾਮਲ ਹਨ, ਨੇ 10,290 ਵਾਰਦਾਤਾਂ, ਵਿਆਹ ਦਾ ਝਾਂਸਾ ਅਤੇ ਲਿਵ ਇਨ ਰਿਲੇਸ਼ਨ ਵਿਚ ਰਹਿਣ ਵਾਲੇ 15,741 ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਦੋਂਕਿ 1842 ਅਣਪਛਾਤੇ ਲੋਕਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦਾ ਵੱਡਾ ਖ਼ੁਲਾਸਾ, ਕਿਹਾ ਆਪਰੇਸ਼ਨ ਇਨਸਾਫ ਹੋਇਆ ਪੂਰਾ
ਪੰਜਾਬ ’ਚ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਦੇ 53 ਅਤੇ ਜਬਰ-ਜ਼ਿਨਾਹ ਦੇ 504 ਕੇਸ
ਅੰਕੜਿਆਂ ਮੁਤਾਬਕ ਸਾਲ 2020 ਵਿਚ ਜਬਰ-ਜ਼ਿਨਾਹ ਕਰਨ ਦਾ ਯਤਨ ਕਰਨ ਦੇ 53 ਕੇਸ ਸਾਹਮਣੇ ਆਏ, ਜਿਨ੍ਹਾਂ ਵਿਚ 18 ਸਾਲ ਤੋਂ ਜ਼ਿਆਦਾ ਦੀ 27 ਅਤੇ 18 ਤੋਂ ਘੱਟ ਦੀ 26 ਉਮਰ ਦੀਆਂ ਕੁੜੀਆਂ ਸ਼ਾਮਲ ਸਨ। ਪੂਰੇ ਦੇਸ਼ ਵਿਚ 3718 ਪਰਚੇ ਦਰਜ ਕੀਤੇ, ਜਿਨ੍ਹਾਂ ਵਿਚ 3428 ਕੇਸ 18 ਸਾਲ ਤੋਂ ਜ਼ਿਆਦਾ ਅਤੇ 290 ਕੇਸ 18 ਸਾਲ ਤੋਂ ਘੱਟ ਦੀਆਂ 290 ਕੁੜਕੀਆਂ ਸ਼ਾਮਲ ਹਨ। ਦੂਜੇ ਪਾਸੇ ਪੰਜਾਬ ਵਿਚ ਦਰਜ ਕੀਤੇ ਗਏ ਜਬਰ-ਜ਼ਿਨਾਹ ਦੇ 504 ਕੇਸਾਂ ’ਚ 62 ਲੜਕੀਆਂ ਦੇ ਨਾਲ ਜਬਰ-ਜ਼ਿਨਾਹ ਹੋਇਆ, ਜਿਨ੍ਹਾਂ ਵਿਚ 6 ਸਾਲ ਤੋਂ ਘੱਟ ਦੀਆਂ 7 ਨਾਬਾਲਿਗਾਂ, 12 ਸਾਲ ਤੱਕ ਦੀਆਂ 2, 16 ਸਾਲ ਤੱਕ ਦੀਆਂ 21 ਅਤੇ 18 ਸਾਲ ਤੱਕ ਦੀਆਂ 32 ਸ਼ਾਮਲ ਹਨ, ਜਦੋਂਕਿ 442 ਔਰਤਾਂ ਨੂੰ ਇਸ ਦਾ ਦਰਦ ਸਹਿਣਾ ਪਿਆ, ਜਿਨ੍ਹਾਂ ਵਿਚ 30 ਸਾਲ ਦੀਆਂ 315 ਔਰਤਾਂ, 45 ਸਾਲ ਦੀਆਂ 110 ਔਰਤਾਂ, 60 ਸਾਲ ਤੱਕ ਦੀਆਂ 16 ਔਰਤਾਂ ਅਤੇ 60 ਸਾਲ ਤੋਂ ਜ਼ਿਆਦਾ ਦੀ ਇਕ ਔਰਤ ਸ਼ਾਮਲ ਹੈ। ਪੂਰੇ ਦੇਸ਼ ’ਚ ਜਬਰ-ਜ਼ਿਨਾਹ ਦੇ 18,469 ਕੇਸਾਂ ਵਿਚ ਸਜ਼ਾ ਦਿੱਤੀ ਗਈ। ਪੰਜਾਬ ’ਚ 463 ਕੇਸਾਂ ਵਿਚ ਦੋਸ਼ੀਆਂ ਨੂੰ ਸ਼ਜਾ ਹੋਈ। ਵੱਖ-ਵੱਖ ਸੂਬਿਆਂ ਵਿਚ ਕਸਟਡੀ, ਪੁਲਸ ਮੁਲਾਜ਼ਮਾਂ, ਪਬਲਿਕ ਸਰਵੈਂਟ, ਜੇਲ ਸਟਾਫ, ਹਸਪਤਾਲ ਸਟਾਫ ਵੱਲੋਂ 58 ਕੇਸ ਸਾਹਮਣੇ ਆਏ ਪਰ ਪੰਜਾਬ ਵਿਚ ਇਕ ਵੀ ਪਰਚਾ ਦਰਜ ਨਹੀਂ ਹੋਇਆ। ਪੰਜਾਬ ਵਿਚ ਇਕ ਹੀ ਔਰਤ ਦੀ ਵਾਰ-ਵਾਰ ਆਬਰੂ ਲੁੱਟਣ ਦੇ 4 ਪਰਚੇ ਦਰਜ ਹੋਏ, ਜਦੋਂਕਿ ਸਮੂਹਿਕ ਜਬਰ-ਜ਼ਿਨਾਹ ਦੇ 35 ਕੇਸ ਦਰਜ ਕੀਤੇ ਗਏ।
ਇਹ ਵੀ ਪੜ੍ਹੋ : ਚੰਨੀ ਸਰਕਾਰ ਲਈ ਬਾਦਲਾਂ ਨੂੰ ਗ੍ਰਿਫ਼ਤਾਰ ਕਰਨਾ ਨਹੀਂ ‘ਖਾਲਾ ਜੀ ਦਾ ਵਾੜਾ’
2020 ’ਚ ਔਰਤਾਂ ’ਤੇ ਜ਼ੁਲਮ ਦੇ 4838 ਕੇਸ ਦਰਜ ਹੋਏ
ਪੰਜਾਬ ’ਚ ਔਰਤਾਂ ਖ਼ਿਲਾਫ਼ ਹੋਏ ਜ਼ੁਲਮਾਂ ਨੂੰ ਲੈ ਕੇ ਪੰਜਾਬ ਆਈ. ਪੀ. ਸੀ. ਅਤੇ ਸਪੈਸ਼ਲ ਐਕਟ ਐਂਡ ਲੋਕਲ ਲਾਅ ਦੇ ਤਹਿਤ ਸਾਲ 2018 ਵਿਚ 5302, ਸਾਲ 2019 ਵਿਚ 5886 ਅਤੇ ਸਾਲ 2020 ਵਿਚ 4838 ਪਰਚੇ ਦਰਜ ਹੋਏ ਹਨ। ਸਾਲ 2020 ਵਿਚ ਇਹ ਕ੍ਰਾਈਮ ਰੇਟ 33.8 ਰਿਹਾ, ਜਦੋਂਕਿ ਚਾਰਜ ਸ਼ੀਟ ਦਾਇਰ ਕਰਨ ਦੀ ਘਰ 77 ਫੀਸਦੀ ਰਹੀ। ਪੂਰੇ ਦੇਸ਼ ਵਿਚ ਸਾਲ 2020 ਵਿਚ ਔਰਤਾਂ ’ਤੇ ਹੋਏ ਜ਼ੁਲਮਾਂ ਸਬੰਧੀ ਦਰਜ ਹੋਏ ਆਈ. ਪੀ. ਸੀ. ਅਤੇ ਸਪੈਸ਼ਲ ਐਕਟ ਐਂਡ ਲੋਕਲ ਲਾਅ ਤਹਿਤ ਕੇਸਾਂ ਦੀ ਗਿਣਤੀ ਸਾਲ 3,57,363 ਦਰਜ ਕੀਤੀ ਅਤੇ ਇਸ ਵਿਚ ਚਾਰਜਸ਼ੀਟ ਦਾਇਰ ਕਰਨ ਦੀ ਦਰ 78.7 ਫੀਸਦੀ ਰਹੀ, ਜਦੋਂਕਿ 2019 ਵਿਚ ਆਈ. ਪੀ. ਸੀ. ਅਤੇ ਸਪੈਸ਼ਲ ਐਕਟ ਐਂਡ ਲੋਕਲ ਲਾਅ ਤਹਿਤ 38797 ਕੇਸ ਦਰਜ ਕੀਤੇ ਗਏ ਅਤੇ ਸਾਲ 2018 ਵਿਚ ਆਈ. ਪੀ. ਸੀ. ਅਤੇ ਸਪੈਸ਼ਲ ਐਕਟ ਐਂਡ ਲੋਕਲ ਲਾਅ ਤਹਿਤ 3,80,339 ਕੇਸ ਦਰਜ ਕੀਤੇ ਗਏ।
ਇਹ ਵੀ ਪੜ੍ਹੋ : ਰਸਤੇ ’ਚ ਵਿਆਹ ਦੇਖ ਚੰਨੀ ਨੇ ਰੁਕਵਾਇਆ ਕਾਫ਼ਲਾ, ਲਾੜੀ ਨੂੰ ਦਿੱਤਾ ਸ਼ਗਨ, ਖਾਧੇ ਲੱਡੂ (ਦੇਖੋ ਤਸਵੀਰਾਂ)
ਕੀ ਕਹਿਣਾ ਹੈ ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ
ਇਸ ਜਦੋਂ ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਮਾਜ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਕੁੜੀਆਂ ਦੀ ਆਜ਼ਾਦੀ ’ਤੇ ਰੋਕ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਨੂੰ ਗੁੱਡ ਐਂਡ ਬੈਡ ਟੱਚ ਦਾ ਗਿਆਨ ਹੋਣਾ ਜ਼ਰੂਰੀ ਹੈ। ਖੁਦ ਲੜਕੀਆਂ ਦਲੇਰ ਬਣਨ, ਜੇਕਰ ਕਦੇ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਤਾਂ ਬਿਨਾਂ ਝਿਜਕ ਦੇ ਆਪਣੇ ਮਾਪਿਆਂ ਨੂੰ ਦੱਸਣ। ਇਸ ਦੇ ਲਈ ਸਿੱਖਿਆ ਪ੍ਰਣਾਲੀ ’ਚ ਸੁਧਾਰ ਕਰਨ ਦੀ ਲੋੜ ਹੈ। ਮਾਪਿਆਂ ਨੂੰ ਵੀ ਸਮੇਂ-ਸਮੇਂ ’ਤੇ ਕੁੜੀਆਂ ਦੀ ਕਾਊਂਸਲਿੰਗ ਕਰਨੀ ਚਾਹੀਦੀ ਹੈ।