ਸੱਚੇ ਇਸ਼ਕ ਦਾ ਲਾਰਾ ਲਾ ਦਰਿੰਦੇ ਆਸ਼ਕ ਨੇ ਦਗਾ ਕਮਾਇਆ, ਫਿਰ ਜੋ ਹੋਇਆ...
Saturday, May 04, 2019 - 01:18 PM (IST)

ਲੁਧਿਆਣਾ (ਰਾਮ) : ਇਕ ਨਾਬਾਲਗ ਲੜਕੀ ਨੂੰ ਆਪਣੇ ਸੱਚੇ ਪਿਆਰ ਦੀ ਝੂਠੀ ਉਮੀਦ 'ਚ ਆਪਣੇ ਪ੍ਰੇਮੀ ਨਾਲ ਘੁੰਮਣ ਲਈ ਜਾਣਾ ਉਸ ਸਮੇਂ ਬਹੁਤ ਮਹਿੰਗਾ ਪੈ ਗਿਆ, ਜਦੋਂ ਉਸ ਦੇ ਪ੍ਰੇਮੀ ਨੇ ਪਹਿਲਾਂ ਪਿਆਰ ਦਾ ਝਾਂਸਾ ਦੇ ਕੇ ਲੜਕੀ ਨਾਲ ਕਥਿਤ ਸਰੀਰਕ ਸਬੰਧ ਕਾਇਮ ਕੀਤੇ ਅਤੇ ਫਿਰ ਉਸ ਨੂੰ ਆਪਣੇ ਦੋ ਭਰਾਵਾਂ ਅਤੇ ਦੋ ਦੋਸਤਾਂ ਦੀ ਹਵਸ ਦਾ ਸ਼ਿਕਾਰ ਹੋਣ ਲਈ ਛੱਡ ਦਿੱਤਾ ਪਰ ਜਦੋਂ ਲੜਕੀ ਨੇ ਇੱਟਾਂ-ਰੋੜਿਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਕਤ ਵਹਿਸ਼ੀ ਦਰਿੰਦਿਆਂ ਨੇ ਵੀ ਲੜਕੀ 'ਤੇ ਹਮਲਾ ਕਰਦੇ ਹੋਏ ਉਸ ਨੂੰ ਮੌਤ ਦੇ ਨਜ਼ਦੀਕ ਪਹੁੰਚਾ ਦਿੱਤਾ, ਜਿਸ ਦਾ ਪਤਾ ਲੱਗਣ 'ਤੇ ਤੁਰੰਤ ਹਰਕਤ 'ਚ ਆਈ ਥਾਣਾ ਮੋਤੀ ਨਗਰ ਦੀ ਪੁਲਸ ਨੇ ਜਿੱਥੇ ਘਰੋਂ ਲਾਪਤਾ ਹੋਈ ਲੜਕੀ ਦਾ ਪਤਾ ਲਾ ਲਿਆ, ਉਥੇ ਹੀ ਉਸ ਨਾਲ ਇਹ ਘਿਨੌਣਾ ਕਾਰਾ ਕਰਨ ਵਾਲੇ 5 ਵਹਿਸ਼ੀ ਦਰਿੰਦਿਆਂ 'ਚੋਂ 4 ਨੂੰ ਗ੍ਰਿਫਤਾਰ ਕਰਦੇ ਹੋਏ ਅੱਗੇ ਦੀ ਕਾਰਵਾਈ ਆਰੰਭ ਦਿੱਤੀ।
ਕੰਮ ਕਰਨ ਗਈ ਹੋਈ ਲਾਪਤਾ
ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਪੁਲਸ 'ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਲੜਕੀ ਬੀਤੀ 30 ਅਪ੍ਰੈਲ ਨੂੰ ਸਵੇਰੇ ਸੈਕਟਰ-32 ਦੀਆਂ ਕੁਝ ਕੋਠੀਆਂ 'ਚ ਕੰਮ ਕਰਨ ਲਈ ਗਈ ਸੀ, ਜਿੱਥੋਂ ਕੁਝ ਨੌਜਵਾਨ ਉਸ ਨੂੰ ਕਥਿਤ ਤੌਰ 'ਤੇ ਅਗਵਾ ਕਰ ਕੇ ਲੈ ਗਏ। ਜਿਨ੍ਹਾਂ ਨੇ ਮਿਲ ਕੇ ਉਨ੍ਹਾਂ ਦੀ ਲੜਕੀ ਨਾਲ ਕਥਿਤ ਜਬਰ-ਜ਼ਨਾਹ ਅਤੇ ਕੁੱਟ-ਮਾਰ ਕਰਦੇ ਹੋਏ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਝੂਠਾ ਨਾਂ ਲਿਖਵਾ ਕੇ ਕਰਵਾਇਆ ਹਸਪਤਾਲ 'ਚ ਦਾਖਲ
ਪੀੜਤਾ ਨਾਲ ਜਬਰ-ਜ਼ਨਾਹ ਜਿਹੀ ਘਿਨੌਣੀ ਹਰਕਤ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ 'ਚੋਂ ਤਿੰਨ ਭਰਾਵਾਂ ਨੇ ਖੁਦ ਹੀ ਉਸ ਨੂੰ ਹਸਪਤਾਲ ਪਹੁੰਚਾਉਂਦੇ ਹੋਏ ਉਸ ਦਾ ਗਲਤ ਨਾਂ ਅਤੇ ਪਤਾ ਲਿਖਵਾਉਂਦੇ ਹੋਏ ਡਾਕਟਰਾਂ ਨੂੰ ਦੱਸਿਆ ਕਿ ਉਸ ਦਾ ਐਕਸੀਡੈਂਟ ਹੋਇਆ ਹੈ। ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਜਦੋਂ ਪੁਲਸ ਤਕ ਮਾਮਲੇ ਦੀ ਸ਼ਿਕਾਇਤ ਪਹੁੰਚੀ ਤਾਂ ਪੀੜਤਾ ਨਾਲ ਜਬਰ-ਜ਼ਨਾਹ ਦਾ ਪਤਾ ਲੱਗਾ, ਜਿਸ 'ਤੇ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਪੁਲਸ ਨੇ ਤੁਰੰਤ ਹੀ ਤਿੰਨਾਂ 'ਚੋਂ ਦੋ ਭਰਾਵਾਂ ਅਤੇ ਉਨ੍ਹਾਂ ਦੇ ਦੋ ਦੋਸਤਾਂ ਨੂੰ ਹਿਰਾਸਤ 'ਚ ਲੈ ਲਿਆ, ਜਦਕਿ ਤੀਸਰਾ ਭਰਾ ਅਤੇ ਲੜਕੀ ਦਾ ਕਥਿਤ ਬੁਆਏ ਫਰੈਂਡ ਮੌਕੇ ਤੋਂ ਫਰਾਰ ਹੋ ਗਿਆ।
ਗ੍ਰਿਫਤਾਰ ਨੌਜਵਾਨਾਂ ਨੇ ਮੰਨਿਆ ਆਪਣਾ ਗੁਨਾਹ
ਪੁਲਸ ਸੂਤਰਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਚਾਰੋਂ ਨੌਜਵਾਨਾਂ ਨੇ ਕਥਿਤ ਰੂਪ ਨਾਲ ਆਪਣਾ ਗੁਨਾਹ ਕਬੂਲ ਲਿਆ, ਜਿਨ੍ਹਾਂ ਨੇ ਮੰਨਿਆ ਕਿ ਉਹ ਲੜਕੀ ਨੂੰ ਲੈ ਕੇ ਇਧਰ-ਓਧਰ ਘੁੰਮਦੇ ਰਹੇ। ਫਿਰ ਉਹ ਕੁਹਾੜਾ ਰੋਡ 'ਤੇ ਪਿੰਡ ਲੱਖੋਵਾਲ ਦੇ ਨੇੜੇ ਸਥਿਤ ਇਕ ਧਾਰਮਕ ਅਸਥਾਨ ਦੇ ਨੇੜੇ ਆਪਣਾ ਸਵਾਰਥ ਪੂਰਾ ਕਰਨ ਤੋਂ ਬਾਅਦ ਉਸ ਨੂੰ ਜਾਣ ਲਈ ਕਿਹਾ, ਜਿਸ 'ਤੇ ਲੜਕੀ ਨੇ ਉਸ ਦੇ ਬੁਆਏ ਫਰੈਂਡ ਨੂੰ ਬੁਲਾਉਣ ਲਈ ਕਹਿੰਦੇ ਹੋਏ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਕਾਰਣ ਉਨ੍ਹਾਂ ਨੇ ਵੀ ਲੜਕੀ 'ਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ।
ਪੁਲਸ ਅਨੁਸਾਰ ਚਾਰ, ਪਰਿਵਾਰ ਅਨੁਸਾਰ ਪੰਜ
ਜੇਕਰ ਇਸ ਪੂਰੇ ਮਾਮਲੇ 'ਚ ਪੁਲਸ ਦੀ ਮੰਨੀ ਜਾਵੇ ਤਾਂ ਇਸ ਘਿਨੌਣੇ ਕਾਰੇ ਨੂੰ ਅੰਜਾਮ ਦੇਣ 'ਚ ਗ੍ਰਿਫਤਾਰ ਕੀਤੇ ਗਏ ਚਾਰੋਂ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਮਹੇਸ਼, ਸੂਰਜ, ਮੁਸਲਿਮ ਅੰਸਾਰੀ ਅਤੇ ਈਰਸ਼ਦ ਵਾਸੀ ਖੋਖਾ ਮਾਰਕੀਟ ਹੀ ਕਥਿਤ ਦੋਸ਼ੀ ਹਨ ਪਰ ਪਰਿਵਾਰਕ ਸੂਤਰਾਂ ਦੀ ਮੰਨੀ ਜਾਵੇ ਤਾਂ ਇਸ ਪੂਰੇ ਘਟਨਾਕ੍ਰਮ 'ਚ 5 ਨੌਜਵਾਨ ਸ਼ਾਮਲ ਹਨ। ਜਿਨ੍ਹਾਂ 'ਚੋਂ ਇਕ ਨੂੰ ਪੁਲਸ ਕਿਸੇ ਕਾਰਣ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਪੁਲਸ ਵਲੋਂ ਇਸ ਤਰ੍ਹਾਂ ਦੇ ਕਿਸੇ ਵੀ ਸ਼ੱਕ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ, ਜਿਸ 'ਚ ਪੀੜਤ ਲੜਕੀ ਨੂੰ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ।