ਧੁਰੀ ਕਾਂਡ ਤੋਂ ਬਾਅਦ ਜਲੰਧਰ 'ਚ 3 ਸਾਲਾ ਬੱਚੀ ਨਾਲ ਰੇਪ (ਵੀਡੀਓ)

Monday, May 27, 2019 - 01:29 PM (IST)

ਜਲੰਧਰ, (ਮਹੇਸ਼)— ਜੰਡਿਆਲਾ ਪੁਲਸ ਚੌਕੀ (ਥਾਣਾ ਸਦਰ) ਦੇ ਪਿੰਡ ਸਰਹਾਲੀ 'ਚ 3 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੂਲ ਤੌਰ 'ਤੇ ਜ਼ਿਲਾ ਲਖਨਊ ਨਾਲ ਸਬੰਧਤ ਬੱਚੀ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਬਾਹਰ ਗਿਆ ਹੋਇਆ ਸੀ। ਪਿਛੋਂ ਇਸੇ ਨਾਲ ਹੀ ਕੰਮ ਕਰਨ ਵਾਲਾ 35 ਸਾਲਾ ਮੋਹਿੰਦਰ ਉਸ ਦੀ ਬੱਚੀ ਨੂੰ ਉਠਾ ਕੇ ਤੂੜੀ ਵਾਲੇ ਕਮਰੇ 'ਚ ਲੈ ਗਿਆ, ਜਿਥੋਂ ਉਸ ਨਾਲ ਜਬਰ-ਜ਼ਨਾਹ ਕੀਤਾ। ਖੂਨ ਨਾਲ ਲਥਪਥ ਬੱਚੀ ਜਦੋਂ ਘਰ ਪਹੁੰਚੀ ਤਾਂ ਉਸ ਨੇ ਇਸ ਸਬੰਧ 'ਚ ਉਸ ਨੂੰ ਦੱਸਿਆ, ਜਿਸ ਤੋਂ ਬਾਅਦ ਉਸ ਨੇ ਖੁਦ ਮੋਹਿੰਦਰ ਦੀ ਭਾਲ ਸ਼ੁਰੂ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। 
ਪਤਾ ਚਲਿਆ ਕਿ ਉਹ ਟਰੇਨ ਫੜ ਕੇ ਯੂ. ਪੀ. ਨਿਕਲ ਗਿਆ ਹੈ। ਜਲੰਧਰ ਕੈਂਟ ਦੇ ਏ. ਸੀ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੋਹਿੰਦਰ ਵਾਸੀ ਪਿੰਡ ਤਕਤਾ ਥਾਣਾ ਕੇਸਰਗੰਜ ਜ਼ਿਲਾ ਲਖਨਊ ਯੂ. ਪੀ. ਖਿਲਾਫ ਥਾਣਾ ਸਦਰ 'ਚ ਪੀੜਤ ਬੱਚੀ ਦੇ ਪਿਤਾ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਏ. ਸੀ. ਪੀ. ਕੈਂਟ ਨੇ ਕਿਹਾ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਪਾਰਟੀ ਲਖਨਊ (ਯੂ. ਪੀ.) ਲਈ ਰਵਾਨਾ ਹੋ ਗਈ ਹੈ ਤੇ ਜਲਦ ਹੀ ਉਸ ਨੂੰ ਫੜ ਲਿਆ ਜਾਵੇਗਾ। ਮਾਸੂਮ ਬੱਚੀ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ ਤੇ ਇਕ ਵੱਡਾ ਭਰਾ 6 ਸਾਲ ਦਾ ਹੈ।


author

KamalJeet Singh

Content Editor

Related News