95 ਕਰੋੜ ਦੀ ਲਾਗਤ ਨਾਲ ਬਦਲਿਆ ਜਾਵੇਗਾ ਜਲੰਧਰ ਰੇਲਵੇ ਸਟੇਸ਼ਨ! ਏਅਰਪੋਰਟ ਵਰਗੀ ਹੋਵੇਗੀ ਦਿੱਖ
Thursday, Oct 08, 2026 - 01:39 PM (IST)
ਜਲੰਧਰ (ਪੁਨੀਤ)- ਨਵ-ਨਿਰਮਿਤ ਕੈਂਟ ਰੇਲਵੇ ਸਟੇਸ਼ਨ ਜਨਤਾ ਨੂੰ ਸਮਰਪਿਤ ਕੀਤੇ ਜਾਣ ਤੋਂ ਬਾਅਦ ਹੁਣ ਰੇਲਵੇ ਵੱਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਕਾਇਆਕਲਪ ਦੀ ਦਿਸ਼ਾ ’ਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਰੀਬ 95.06 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸਿਟੀ ਰੇਲਵੇ ਸਟੇਸ਼ਨ ਲਈ ਬੁੱਧਵਾਰ ਤੋਂ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਵਾਇਰਿੰਗ ਹਟਾਉਣ ਦਾ ਕੰਮ ਮੰਗਲਵਾਰ ਨੂੰ ਪੂਰਾ ਹੋਣ ਤੋਂ ਬਾਅਦ ਬੁੱਧਵਾਰ ਨੂੰ ਡਿੱਚ ਮਸ਼ੀਨਾਂ ਦੀ ਮਦਦ ਨਾਲ ਸਟੇਸ਼ਨ ਦੀ ਪੁਰਾਣੀ ਇਮਾਰਤ ਨਾਲ ਜੁੜੇ ਉਸ ਹਿੱਸੇ ਨੂੰ ਢਾਹਿਆ ਗਿਆ, ਜਿਸ ਦਾ ਯਾਤਰੀਆਂ ਦੀ ਆਵਾਜਾਈ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਇਸ ਨਾਲ ਫਿਲਹਾਲ ਯਾਤਰੀਆਂ ਦੀ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ। ਨਵੇਂ ਸਿਟੀ ਰੇਲਵੇ ਸਟੇਸ਼ਨ ਦੀ ਇਮਾਰਤ ਕਰੀਬ 90 ਮੀਟਰ ਲੰਬੀ ਅਤੇ 20 ਮੀਟਰ ਚੌੜੀ ਹੋਵੇਗੀ। ਇਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਨਾਲ-ਨਾਲ ਏਅਰਪੋਰਟ ਵਰਗੀ ਆਕਰਸ਼ਕ ਲੁੱਕ ਦੇਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਚ ਨਵੀਂ ਅਪਡੇਟ! ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ, ਯੂਨੀਵਰਸਿਟੀ ਦੇ ਨਿਕਲੇ ਵਿਦਿਆਰਥੀ

ਯਾਤਰੀਆਂ ਦੀ ਸਹੂਲਤ ਲਈ ਸਟੇਸ਼ਨ ਕੰਪਲੈਕਸ ’ਚ 6 ਤੋਂ 8 ਲਿਫ਼ਟਾਂ ਲਗਾਉਣ ਦੀ ਵਿਵਸਥਾ ਹੈ, ਜਦਕਿ ਐਸਕੇਲੇਟਰ ਵੀ ਲਗਾਏ ਜਾਣਗੇ। ਨਵੀਂ ਇਮਾਰਤ ਦੀ ਚੌੜਾਈ ਮੌਜੂਦਾ ਭਵਨ ਦੇ ਮੁਕਾਬਲੇ ਜ਼ਿਆਦਾ ਰੱਖੀ ਜਾਵੇਗੀ ਤਾਂ ਜੋ ਯਾਤਰੀਆਂ ਨੂੰ ਐਂਟਰੀ ਅਤੇ ਐਗਜ਼ਿਟ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਮੌਜੂਦਾ ਸਮੇਂ ’ਚ ਸਿਟੀ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਕਰੀਬ 25 ਤੋਂ 30 ਹਜ਼ਾਰ ਯਾਤਰੀਆਂ ਦੀ ਆਵਾਜਾਈ ਹੁੰਦੀ ਹੈ ਅਤੇ ਕਰੀਬ 154 ਟਰੇਨਾਂ ਇਥੋਂ ਲੰਘਦੀਆਂ ਹਨ। ਰੇਲਵੇ ਵੱਲੋਂ ਭਵਿੱਖ ’ਚ ਕਰੀਬ 60 ਹਜ਼ਾਰ ਯਾਤਰੀਆਂ ਦੀ ਆਵਾਜਾਈ ਨੂੰ ਧਿਆਨ ’ਚ ਰੱਖਦੇ ਹੋਏ ਨਵੀਂ ਇਮਾਰਤ ਤਿਆਰ ਕੀਤੀ ਜਾ ਰਹੀ ਹੈ। ਇਸ ਨਾਲ ਆਉਣ ਵਾਲੇ ਸਮੇਂ ’ਚ ਯਾਤਰੀਆਂ ਦੀ ਵਧਦੀ ਗਿਣਤੀ ਦੇ ਬਾਵਜੂਦ ਸਟੇਸ਼ਨ ’ਤੇ ਬਿਹਤਰ ਵਿਵਸਥਾ ਮੁਹੱਈਆ ਕਰਵਾਉਣ ’ਚ ਮਦਦ ਮਿਲੇਗੀ।

ਨਵੀਂ ਇਮਾਰਤ ਦੀ ਮੁੱਖ ਐਂਟਰੀ ਐੱਸ. ਬੀ. ਆਈ. ਏ. ਟੀ. ਐੱਮ. ਵਾਲੀ ਜਗ੍ਹਾ ਤੋਂ ਸ਼ੁਰੂ ਹੋਵੇਗੀ ਅਤੇ ਇਸ ਦਾ ਖੇਤਰ ਜੀ. ਆਰ. ਪੀ. ਥਾਣੇ ਤੋਂ ਅੱਗੇ ਤੱਕ ਕਵਰ ਕੀਤਾ ਜਾਵੇਗਾ। ਪ੍ਰਵੇਸ਼ ਦੁਆਰ ਦੇ ਫਰੰਟ ਨੂੰ ਆਕਰਸ਼ਕ ਰੂਪ ਦੇਣ ਦੇ ਨਾਲ-ਨਾਲ ਇਸ ਦੀ ਚੌੜਾਈ ਵੀ ਜ਼ਿਆਦਾ ਰੱਖੀ ਜਾਵੇਗੀ। ਅਧਿਕਾਰੀਆਂ ਮੁਤਾਬਕ ਨਿਰਮਾਣ ਕਾਰਜ ਦੀ ਸ਼ੁਰੂਆਤ ’ਚ ਸਟੇਸ਼ਨ ਦੀ ਮੁੱਖ ਇਮਾਰਤ ਵਾਲੇ ਹਿੱਸੇ ’ਤੇ ਧਿਆਨ ਦਿੱਤਾ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਕੰਮ ਦੌਰਾਨ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਰੇਲਵੇ ਅਧਿਕਾਰੀਆਂ ਅਨੁਸਾਰ ਅਜੇ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਕੋਈ ਨਿਸ਼ਚਿਤ ਡੈੱਡਲਾਈਨ ਤੈਅ ਨਹੀਂ ਕੀਤੀ ਗਈ ਹੈ। ਨਿਰਮਾਣ ਕਾਰਜ ’ਚ ਇਕ ਸਾਲ ਤੋਂ ਵੱਧ ਸਮਾਂ ਲੱਗਣ ਦੀ ਸੰਭਾਵਨਾ ਹੈ। ਫਿਲਹਾਲ ਪਹਿਲੇ ਪੜਾਅ ’ਚ ਅਜਿਹੇ ਹਿੱਸੇ ਨੂੰ ਹਟਾਇਆ ਜਾ ਰਹਾ ਹੈ, ਜਿਸ ਦਾ ਯਾਤਰੀਆਂ ਦੀ ਆਵਾਜਾਈ ਨਾਲ ਸਬੰਧ ਨਹੀਂ ਹੈ। ਇਸ ਤੋਂ ਬਾਅਦ ਨਿਰਮਾਣ ਕਾਰਜ ਨੂੰ ਪੜਾਅਵਾਰ ਤਰੀਕੇ ਨਾਲ ਅੱਗੇ ਵਧਾਇਆ ਜਾਵੇਗਾ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ 'ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ
ਵਾਇਰਿੰਗ ਹਟਾਉਣ ਦੇ ਕੰਮ ’ਚ ਲਿਆਂਦੀ ਜਾ ਰਹੀ ਤੇਜ਼ੀ
ਪੁਰਾਣੀ ਇਮਾਰਤ ਨੂੰ ਢਾਹੁਣ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਉਸ ਨਾਲ ਜੁੜੀ ਵਾਇਰਿੰਗ ਹਟਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਜਿਥੇ-ਜਿਥੇ ਤੋਂ ਵਾਇਰਿੰਗ ਹਟਦੀ ਜਾਵੇਗੀ, ਉਥੋਂ ਦੀ ਇਮਾਰਤ ਨੂੰ ਢਾਹੁਣ ਦਾ ਕੰਮ ਚੱਲਦਾ ਰਹੇਗਾ। ਇਸੇ ਲੜੀ ’ਚ ਸਰਕੂਲੇਟਿੰਗ ਏਰੀਆ ਤੋਂ ਅੱਗੇ ਦੀਆਂ ਇਮਾਰਤਾਂ ਦੀ ਵਾਇਰਿੰਗ ਵੀ ਹਟਵਾਈ ਜਾ ਰਹੀ ਹੈ, ਤਾਂ ਜੋ ਇਮਾਰਤ ਨੂੰ ਢਾਹੁਣ ਦੇ ਕੰਮ ’ਚ ਕੋਈ ਰੁਕਾਵਟ ਨਾ ਪਵੇ। ਵਾਇਰਿੰਗ ਹਟਾਉਣ ਤੋਂ ਬਾਅਦ ਸਬੰਧਤ ਹਿੱਸਿਆਂ ਨੂੰ ਪੜਾਅਵਾਰ ਤਰੀਕੇ ਨਾਲ ਖਾਲੀ ਕਰਵਾ ਕੇ ਢਾਹੁਣ ਦਾ ਕੰਮ ਅੱਗੇ ਵਧਾਇਆ ਜਾਵੇਗਾ। ਇਸ ਨਾਲ ਨਿਰਮਾਣ ਕਾਰਜ ਨੂੰ ਨਿਰਧਾਰਿਤ ਕ੍ਰਮ ਅਨੁਸਾਰ ਜਾਰੀ ਰੱਖਣ ’ਚ ਮਦਦ ਮਿਲੇਗੀ।

ਫੇਲ ਸੀਵਰੇਜ ਸਿਸਟਮ ’ਚ ਹੋਵੇਗਾ ਸੁਧਾਰ
ਰੇਲਵੇ ਸਟੇਸ਼ਨ ਦਾ ਸੀਵਰੇਜ ਸਿਸਟਮ ਲੰਬੇ ਸਮੇਂ ਤੋਂ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਬਾਰਿਸ਼ ਦੌਰਾਨ ਕਈ ਵਾਰ ਪੱਟੜੀਆਂ ’ਚ ਪਾਣੀ ਭਰਨ ਨਾਲ ਰੇਲ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਨਵੇਂ ਪ੍ਰਾਜੈਕਟ ਤਹਿਤ ਸਟੇਸ਼ਨ ਦੇ ਸੀਵਰੇਜ ਸਿਸਟਮ ’ਚ ਵੀ ਸੁਧਾਰ ਕੀਤਾ ਜਾਵੇਗਾ। ਇਸ ਲਈ ਨਵੀਆਂ ਪਾਈਪਾਂ ਪਾਈਆਂ ਜਾਣਗੀਆਂ ਅਤੇ ਸੀਵਰੇਜ ਵਿਵਸਥਾ ’ਚ ਮੌਜੂਦ ਕਮੀਆਂ ਨੂੰ ਦੂਰ ਕਰਨ ਦੀ ਯੋਜਨਾ ਹੈ। ਇਸ ਨਾਲ ਬਾਰਿਸ਼ ਦੌਰਾਨ ਪਾਣੀ ਭਰਨ ਦੀ ਸਮੱਸਿਆ ਨੂੰ ਘੱਟ ਕਰਨ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ ਹੋਵੇਗਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
