ਸ਼ਰਮਸਾਰ ਹੋਈ ਇਨਸਾਨੀਅਤ, ਦੋਰਾਹਾ ‘ਚ ਪੈੱਨ ਵੇਚਣ ਆਈ 12 ਸਾਲਾ ਬੱਚੀ ਦੀ ਰੋਲ਼ੀ ਪੱਤ

Tuesday, Feb 07, 2023 - 06:47 PM (IST)

ਸ਼ਰਮਸਾਰ ਹੋਈ ਇਨਸਾਨੀਅਤ, ਦੋਰਾਹਾ ‘ਚ ਪੈੱਨ ਵੇਚਣ ਆਈ 12 ਸਾਲਾ ਬੱਚੀ ਦੀ ਰੋਲ਼ੀ ਪੱਤ

ਦੋਰਾਹਾ (ਵਿਨਾਇਕ) : ਦੋਰਾਹਾ ‘ਚ ਅੱਜ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੈੱਨ ਵੇਚਣ ਆਈ ਇੱਕ 12 ਸਾਲਾ ਮਾਸੂਮ ਨਬਾਲਗਾ ਨੂੰ ਬਹਿਲਾ-ਫੁਸਲਾ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਰਾਹਾ ਪੁਲਸ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਕਥਿਤ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਬਾਅਦ ’ਚ ਜਿਸ ਦੀ ਸ਼ਨਾਖ਼ਤ ਜਸਵਿੰਦਰ ਸਿੰਘ ਉਰਫ਼ ਲਾਡੀ ਪੁੱਤਰ ਬਲਵਿੰਦਰ ਸਿੰਘ ਵਾਸੀ ਜੈਲਦਾਰ ਮੁਹੱਲਾ, ਦੋਰਾਹਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਦੋਰਾਹਾ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਸ ਕੋਲ ਨਾਬਾਲਗ ਮਾਤਾ ਵਾਸੀ ਢੰਡਾਰੀ ਖੁਰਦ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਉਸਦੀ ਵੱਡੀ ਕੁੜੀ ਖੁਸ਼ਹਾਲੀ (ਕਲਪਨਿਕ ਨਾਮ), ਜੋ ਕਿ ਪੜੀ-ਲਿਖੀ ਨਹੀਂ ਹੈ ਅਤੇ ਮਿਹਨਤ ਮਜ਼ਦੂਰੀ ਕਰਨ ਲਈ ਉਹ ਲੁਧਿਆਣਾ ਤੋਂ ਪੈੱਨ ਲਿਆ ਕੇ ਦੋਰਾਹਾ ਅਤੇ ਨੇੜੇ ਦੇ ਖੇਤਰਾਂ ’ਚ ਵੇਚਣ ਲਈ ਆ ਜਾਂਦੀ ਹੈ। ਮਿਤੀ 5 ਫਰਵਰੀ ਨੂੰ ਖੁਸ਼ਹਾਲੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਘਰੋਂ ਪੈੱਨ ਲੈ ਕੇ ਵੇਚਣ ਲਈ ਦੋਰਾਹਾ ਸ਼ਹਿਰ ਆਈ ਹੋਈ ਸੀ ਤਾਂ ਸ਼ਾਮ 7.30 ਵਜੋਂ ਕਰੀਬ ਜਦੋਂ ਉਹ ਪੈਨ ਵੇਚ ਕੇ ਢੰਡਾਰੀ ਖੁਰਦ ਨੂੰ ਵਾਪਿਸ ਜਾਣ ਲੱਗੀ ਤਾਂ ਉਸਨੂੰ ਉਕਤ ਮੁਲਜ਼ਮ ਬਹਿਲਾ-ਫੁਸਲਾ ਕੇ ਨਹਿਰ ਕੰਢੇ ਸੁੰਨਸਾਨ ਜਗ੍ਹਾ ’ਤੇ ਲੈ ਗਿਆ, ਜਿੱਥੇ ਉਸ ਨਾਲ ਜਬਰਨ ਜਬਰ-ਜ਼ਿਨਾਹ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਕੁੜੀ ਨੇ ਉਸਨੂੰ ਇਸ ਘਟਨਾ ਦੀ ਜਾਣਕਾਰੀ ਘਰ ਪੁੱਜ ਕੇ ਦਿੱਤੀ ਅਤੇ ਉਸਦੀ ਕੁੜੀ ਨਾਲ ਆਏ ਅੰਕਿਤ ਨਾਮੀ ਨੌਜਵਾਨ ਨੇ ਮੁਲਜ਼ਮ ਦੀ ਸ਼ਨਾਖਤ ਕੀਤੀ ਹੈ। ਦੋਰਾਹਾ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਨਾਬਾਲਗ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ। ਇਸ ਕੇਸ ਦੀ ਅਗਲੇਰੀ ਜਾਂਚ ਐੱਸ.ਆਈ. ਮੈਡਮ ਰਾਜਵੰਤ ਕੌਰ ਕਰ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੇ ਜਹਾਜ਼ ਦਾ 5000 ਫੁੱਟ ਦੀ ਉਚਾਈ ’ਤੇ ਇੰਜਣ ਹੋਇਆ ਬੰਦ, ਵਾਲ-ਵਾਲ ਬਚੇ ਯਾਤਰੀ

ਵੱਧ ਰਹੇ ਹਨ ਨਾਬਾਲਗ ਕੁੜੀਆਂ ਨੂੰ ਵਰਗਲਾ ਕੇ ਭਜਾ ਲੈ ਜਾਣ ਅਤੇ ਜਬਰ-ਜ਼ਿਨਾਹ ਦੇ ਮਾਮਲੇ!
ਨਾਬਾਲਗ ਬੱਚੀਆਂ ਨੂੰ ਬਹਿਲਾ ਫੁਸਲਾ ਕੇ ਉਨ੍ਹਾਂ ਨਾਲ ਜਬਰ-ਜ਼ਿਨਾਹ ਦੀਆਂ ਘਟਨਾਵਾਂ ਦੇ ਆਂਕੜੇ ਬੇਹਦ ਹੈਰਾਨ ਕਰਨ ਵਾਲੇ ਹਨ। ਕਾਨੂੰਨ ਦੀ ਸਖ਼ਤੀ, ਲੋਕਾਂ ’ਚ ਜਾਗਰੁਕਤਾ ਲਿਆਉਣ ਲਈ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਇਨ੍ਹਾਂ ਆਂਕੜਿਆਂ ‘ਚ ਵਾਧਾ ਬੇਹਦ ਚਿੰਤਾ ਦਾ ਵਿਸ਼ਾ ਹੈ ਅਤੇ ਮਾਪਿਆਂ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਜੇਕਰ ਆਂਕੜੇ ਵੇਖੇ ਜਾਣ ਤਾਂ ਦੇਸ਼ ‘ਚ ਇੱਕ ਦਿਨ ‘ਚ ਕਰੀਬ 55 ਤੋਂ ਵੀ ਵੱਧ ਬੱਚੀਆਂ ਦੇ ਨਾਲ ਜਬਰ-ਜ਼ਿਨਾਹ ਹੁੰਦਾ ਹੈ ਅਤੇ ਬੱਚੀਆਂ ਦੇ ਨਾਲ ਛੇੜਛਾੜ, ਅਸ਼ਲੀਲ ਹਰਕਤਾਂ ਦੇ ਆਂਕੜੇ ਇਸ ਤੋਂ ਕੀਤੇ ਜ਼ਿਆਦਾ ਹਨ।

ਇਹ ਵੀ ਪੜ੍ਹੋ : ਸੜਕ ਪਾਰ ਕਰ ਰਹੇ ਪਿਓ-ਪੁੱਤ ਨੂੰ ਤੇਜ਼ ਰਫ਼ਤਾਰ ਹਾਂਡਾ ਸਿਟੀ ਨੇ ਮਾਰੀ ਟੱਕਰ, ਮੌਤ

ਜੇਕਰ ਪੰਜਾਬ ਦੀ ਹੀ ਗੱਲ ਕੀਤੀ ਜਾਵੇ ਤਾਂ ਇੱਥੇ ਨਾਬਾਲਗ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਭਜਾ ਕੇ ਲੈ ਜਾਣਾ, ਉਨ੍ਹਾਂ ਦੇ ਨਾਲ ਜਬਰ-ਜ਼ਿਨਾਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਰੋਜ਼ਾਨਾ ਹੀ ਕਈ ਕਈ ਘਟਨਾਵਾਂ ਹੋ ਰਹੀਆਂ ਹਨ। ਪੁਲਸ ਅਤੇ ਸਰਕਾਰ ਵੱਲੋਂ ਬੇਸ਼ਕ ਸਖ਼ਤੀ ਕੀਤੀ ਗਈ ਹੈ ਅਤੇ ਕਾਨੂਨ ’ਚ ਸਜ਼ਾ ਦੇ ਸਖ਼ਤ ਪ੍ਰਾਵਧਾਨ ਦੇ ਬਾਵਜੂਦ ਘਟਨਾਵਾਂ ਦਾ ਵਾਪਰਨਾ ਹੈਰਾਨ ਜ਼ਰੂਰ ਕਰਦਾ ਹੈ। ਹੁਣ ਪੁਲਸ ਦੇ ਨਾਲ-ਨਾਲ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਕੇ ਜਾਗਰੂਕ ਕਰਨ ਦੀ ਲੋੜ ਹੈ ਅਤੇ ਇਹ ਜੁਰਮ ਹੈ, ਇਸਦੇ ਬਾਰੇ ਵੀ ਦੱਸਣਾ ਬਣਦਾ ਹੈ, ਕਿਉਂਕਿ ਇਨ੍ਹਾਂ ਮਾਮਲਿਆਂ ‘ਚ ਪੁਲਸ ਜਾਂ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਣਾ ਸਹੀ ਨਹੀਂ ਹੈ ਇੱਥੇ ਮਾਪਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ।

ਇਹ ਵੀ ਪੜ੍ਹੋ : ਸੀ. ਐੱਮ. ਮਾਨ ਦੇ ਫੈਸਲੇ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਤੇਜ਼ ਹੋਈ ਚਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News