ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ
Thursday, Oct 26, 2017 - 07:59 AM (IST)
ਮੋਗਾ (ਆਜ਼ਾਦ) - ਬਾਘਾਪੁਰਾਣਾ ਦੇ ਨੇੜਲੇ ਪਿੰਡ ਦੀ ਇਕ ਨਾਬਾਲਗ ਲੜਕੀ, ਜਿਸ ਨੂੰ ਕਰੀਬ 3 ਮਹੀਨੇ ਪਹਿਲਾਂ ਉਸ ਦਾ ਕਥਿਤ ਪ੍ਰੇਮੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਸੀ। ਉਕਤ ਲੜਕੀ ਨੂੰ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਲੱਭ ਕੇ ਸਿਵਲ ਹਸਪਤਾਲ ਮੋਗਾ 'ਚ ਉਸ ਦਾ ਮੈਡੀਕਲ ਕਰਵਾਇਆ। ਜਾਣਕਾਰੀ ਅਨੁਸਾਰ ਬਾਘਾਪੁਰਾਣਾ ਪੁਲਸ ਨੇ ਉਕਤ ਲੜਕੀ ਦੀ ਮਾਂ ਦੇ ਬਿਆਨਾਂ 'ਤੇ 1 ਜੂਨ, 2017 ਨੂੰ ਉਤਮ ਸਿੰਘ ਨਿਵਾਸੀ ਪਿੰਡ ਵੱਡਾ ਘਰ ਖਿਲਾਫ ਨਾਬਾਲਗ ਲੜਕੀ ਨੂੰ ਭਜਾ ਕੇ ਲਿਜਾਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਗਸੀਰ ਸਿੰਘ ਕਰ ਰਹੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਲੜਕੀ ਅਤੇ ਲੜਕੇ ਨੂੰ ਲੱਭਣ ਲਈ ਕਈ ਜਗ੍ਹਾ ਛਾਪੇਮਾਰੀ ਕੀਤੀ ਅਤੇ ਉਹ ਜਦੋਂ ਲੜਕੀ ਦੀ ਭਾਲ ਲਈ ਬੀਤੇ ਦਿਨੀਂ ਜਾ ਰਹੇ ਸਨ ਤਾਂ ਰਸਤੇ 'ਚ ਲੜਕੀ ਅਤੇ ਉਸ ਦੀ ਮਾਂ ਮਿਲੀ, ਜਿਸ 'ਤੇ ਤੁਰੰਤ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਮਹਿਲਾ ਪੁਲਸ ਮੁਲਾਜ਼ਮ ਵੱਲੋਂ ਪੁੱਛਗਿੱਛ ਕਰਨ 'ਤੇ ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਕਥਿਤ ਪ੍ਰੇਮੀ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਗਿਆ ਸੀ। ਉਸ ਨੇ ਚੰਡੀਗੜ੍ਹ ਕੋਲ ਆਪਣੇ ਦੋਸਤ ਦੇ ਘਰ ਰੱਖਿਆ ਅਤੇ ਉਸ ਨਾਲ ਕਰੀਬ ਇਕ ਮਹੀਨਾ ਜਬਰ-ਜ਼ਨਾਹ ਕਰਦਾ ਰਿਹਾ, ਜਦੋਂ ਮੈਂ ਉਸ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਤਾਂ ਉਹ ਮੇਰੀ ਕੁੱਟਮਾਰ ਕਰਦਾ। ਆਖਿਰ ਮੈਂ ਉੱਥੋਂ ਕਿਸੇ ਤਰ੍ਹਾਂ ਭੱਜ ਕੇ ਬਾਘਾਪੁਰਾਣਾ ਆਪਣੀ ਮਾਂ ਕੋਲ ਆ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖਿਲਾਫ ਦਰਜ ਕੀਤੇ ਗਏ ਮਾਮਲੇ 'ਚ ਧਾਰਾ 376 (ਜਬਰ-ਜ਼ਨਾਹ ਦੇ ਦੋਸ਼) ਤਹਿਤ ਜੁਰਮ 'ਚ ਵਾਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੜਕੇ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
