ਟਰੈਕਟਰ ਹੇਠਾਂ ਦੱਬੇ ਜਾਣ ਕਾਰਨ ਨੌਜਵਾਨ ਦੀ ਮੌਤ
Monday, Oct 19, 2026 - 06:36 PM (IST)
ਫਿਰੋਜ਼ਪੁਰ (ਮਲਹੋਤਰਾ)- ਸ਼ੈਲਰ ਵਿਚ ਕੰਮ ਕਰਨ ਵਾਲੇ ਨੌਜਵਾਨ ਦੀ ਟਰੈਕਟਰ ਹੇਠਾਂ ਦੱਬੇ ਜਾਣ ਕਾਰਨ ਮੌਤ ਹੋ ਗਈ। ਹਾਦਸਾ ਪਿੰਡ ਲੋਹਕੇ ਖੁਰਦ ਵਿਚ ਵਾਪਰਿਆ। ਥਾਣਾ ਮੱਲਾਂਵਾਲਾ ਪੁਲਸ ਨੂੰ ਦਿੱਤੀ ਸੂਚਨਾ ਵਿਚ ਮਹਿਲ ਸਿੰਘ ਵਾਸੀ ਅਲੀਪੁਰ ਨੇ ਦੱਸਿਆ ਕਿ ਉਸਦਾ ਮੁੰਡਾ ਗੁਰਕਮਲ ਸਿੰਘ ਪਿੰਡ ਲੋਹਕੇ ਖੁਰਦ ਵਿਚ ਜੀ.ਜੀ.ਐਸ. ਐਗਰੋ ਵਿਚ ਕੰਮ ਕਰਦਾ ਹੈ। ਉਥੇ ਨੌਕਰੀ ਕਰਨ ਵਾਲੇ ਮੁਨੀਮ ਮਨਜਿੰਦਰ ਸਿੰਘ ਨੇ ਐਤਵਾਰ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਮੁੰਡਾ ਗੁਰਕਮਲ ਸਿੰਘ ਟਰੈਕਟਰ ਦੇ ਹੇਠਾਂ ਆਉਣ ਕਾਰਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਜ਼ੀਰਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਉਥੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਭੇਜਿਆ ਗਿਆ ਸੀ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਥਾਣਾ ਮੱਲਾਂਵਾਲਾ ਦੇ ਏ.ਐਸ.ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਟਰੈਕਟਰ ਚਾਲਕ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
