ਆਰਿਫ਼ ਕੇ ਇਲਾਕੇ ’ਚ ਜ਼ਮੀਨੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ
Sunday, Oct 25, 2026 - 10:49 AM (IST)
ਫਿਰੋਜ਼ਪੁਰ (ਆਨੰਦ) : ਥਾਣਾ ਆਰਿਫ਼ ਕੇ ਅਧੀਨ ਆਉਂਦੇ ਪਿੰਡ ਕਮਾਲਾ ਬੋਦਲਾ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਆਰਿਫ਼ ਕੇ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਸੋਹਣ ਸਿੰਘ ਪੁੱਤਰ ਦਾਰਾ ਸਿੰਘ, ਵਾਸੀ ਪਿੰਡ ਕਮਾਲਾ ਬੋਦਲਾ ਨੇ ਦੱਸਿਆ ਕਿ ਮਿਤੀ 24 ਅਕਤੂਬਰ ਨੂੰ ਸਵੇਰੇ ਕਰੀਬ 10.30 ਵਜੇ ਉਹ ਪਿੰਡ ਵਿਚ ਸਥਿਤ ਆਪਣੀ 27 ਕਨਾਲ 18 ਮਰਲੇ ਜ਼ਮੀਨ ’ਚ ਬੀਜੀ ਝੋਨੇ ਦੀ ਫ਼ਸਲ ਵੱਢਣ ਗਿਆ ਸੀ।
ਇਸੇ ਦੌਰਾਨ ਪਿੰਡ ਦੇ ਹੀ ਜਸਪਾਲ ਸਿੰਘ ਪੁੱਤਰ ਭਗਵੰਤ ਸਿੰਘ ਨੇ ਆਪਣੀ ਲਾਇਸੰਸੀ .315 ਬੋਰ ਰਾਇਫ਼ਲ ਨਾਲ ਉਸ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਸਿੱਧੇ ਫਾਇਰ ਕਰ ਦਿੱਤੇ। ਸੋਹਣ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੀ ਮੁੱਖ ਵਜ੍ਹਾ ਇਹ ਹੈ ਕਿ ਜਸਪਾਲ ਸਿੰਘ ਧੱਕੇ ਨਾਲ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
