ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ
Wednesday, Aug 31, 2022 - 04:04 PM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਦੀ ਫਾਸਟ ਟਰੈਕ ਅਦਾਲਤ ਨੇ ਮੌਲੀ ਜਾਗਰਾਂ ਦੇ ਰਹਿਣ ਵਾਲੇ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ ਹੈ। ਮੁਲਜ਼ਮ ਦੀ ਇਹ ਦੂਜੀ ਜ਼ਮਾਨਤ ਅਰਜ਼ੀ ਸੀ। ਇਸ ਤੋਂ ਪਹਿਲਾਂ ਜੁਲਾਈ ’ਚ ਪਹਿਲੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਸੀ।
ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਅਤੇ ਪੀੜਤ ਧਿਰ ਤੋਂ ਪੁੱਛਗਿੱਛ ਕੀਤੀ ਗਈ ਹੈ। ਉਸ ਨੇ ਇਸਤਗਾਸਾ ਪੱਖ ਦੀ ਕਹਾਣੀ ਦਾ ਸਮਰਥਨ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਹਾਲ ਹੀ ’ਚ ਪਟੀਸ਼ਨਕਰਤਾ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਪਟੀਸ਼ਨਕਰਤਾ ’ਤੇ ਹੈ। ਸਰਕਾਰੀ ਵਕੀਲ ਨੇ ਇਨ੍ਹਾਂ ਦਲੀਲਾਂ ਦਾ ਵਿਰੋਧ ਕੀਤਾ। ਅਦਾਲਤ ਨੇ ਦੋਵੇਂ ਪੱਖ ਸੁਣਨ ਤੋਂ ਬਾਅਦ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ।
ਇਹ ਸੀ ਮਾਮਲਾ
ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਮੁਲਜ਼ਮ ਉਸਦੀ ਨਾਬਾਲਗ ਧੀ ਨੂੰ ਆਪਣੇ ਘਰ ਲਿਜਾ ਕੇ ਜ਼ਬਰਦਸਤੀ ਸਬੰਧ ਬਣਾ ਲੈਂਦਾ ਸੀ। ਉਸ ਨੇ ਪੰਚਕੂਲਾ ਦੇ ਸੈਕਟਰ-5 ਸਥਿਤ ਪਾਰਕ ਵਿਚ ਉਸ ਨਾਲ ਜਬਰ-ਜ਼ਿਨਾਹ ਕੀਤਾ। ਜਦੋਂ ਮੁਲਜ਼ਮ ਨੇ ਦੁਬਾਰਾ ਉਸ ਨੂੰ ਮਿਲਣ ਲਈ ਬੁਲਾਇਆ ਤਾਂ ਪੀੜਤਾ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਮਾਰਚ ਵਿਚ ਗ੍ਰਿਫ਼ਤਾਰ ਕਰ ਲਿਆ।