ਨਾਬਾਲਗਾ ਨਾਲ 3 ਮਹੀਨਿਆਂ ਤੱਕ ਕਰਦਾ ਰਿਹਾ ਜਬਰ-ਜ਼ਿਨਾਹ, ਗਰਭਵਤੀ ਹੋਣ ’ਤੇ ਖੁੱਲ੍ਹਿਆ ਭੇਤ
Monday, May 16, 2022 - 02:35 PM (IST)
ਲੁਧਿਆਣਾ (ਰਾਜ) : ਗੋਪਾਲ ਨਗਰ ਇਲਾਕੇ ਵਿਚ ਗੁਆਂਢੀ ਨੌਜਵਾਨ ਨਾਬਾਲਗਾ ਨੂੰ ਡਰਾ-ਧਮਕਾ ਕੇ 3 ਮਹੀਨਿਆਂ ਤੱਕ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਜਦੋਂ ਨਾਬਾਲਗਾ ਦੇ ਢਿੱਡ ’ਚ ਦਰਦ ਹੋਇਆ ਤਾਂ ਉਸ ਨੂੰ ਸਿਵਲ ਹਸਪਤਾਲ ਚੈੱਕ ਕਰਵਾਇਆ ਗਿਆ, ਜਿੱਥੋਂ ਪਤਾ ਲੱਗਾ ਕਿ ਉਹ ਗਰਭਵਤੀ ਹੈ। ਥਾਣਾ ਟਿੱਬਾ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਗੋਪਾਲ ਨਗਰ ਦੇ ਰਹਿਣ ਵਾਲੇ ਮੁਲਜ਼ਮ ਮੋਹਿਤ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੈਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਏ. ਐੱਸ. ਆਈ. ਬਲਦੇਵ ਰਾਜ ਨੇ ਦੱਸਿਆ ਕਿ ਮੁਲਜ਼ਮ ਮੋਹਿਤ ਨਾਬਾਲਗਾ ਦੇ ਗੁਆਂਢ ’ਚ ਰਹਿੰਦਾ ਹੈ, ਜੋ ਡਰਾ-ਧਮਕਾ ਕੇ ਪੀੜਤਾ ਨਾਲ ਕਾਫੀ ਸਮੇਂ ਤੋਂ ਜਬਰ-ਜ਼ਿਨਾਹ ਕਰ ਰਿਹਾ ਸੀ।
ਡਰਦੇ ਹੋਏ ਪੀੜਤਾ ਨੇ ਕਿਸੇ ਨੂੰ ਕੁੱਝ ਨਹੀਂ ਦੱਸਿਆ। ਕੁੱਝ ਦਿਨ ਪਹਿਲਾਂ ਪੀੜਤਾ ਦੇ ਪੇਟ ’ਚ ਦਰਦ ਹੋਇਆ ਸੀ। ਉਸ ਦੇ ਪਰਿਵਾਰ ਵਾਲੇ ਉਸ ਨੂੰ ਸਿਵਲ ਹਸਪਤਾਲ ਲੈ ਗਏ। ਜਦੋਂ ਉਸ ਦਾ ਚੈੱਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਡੇਢ ਮਹੀਨੇ ਦੀ ਗਰਭਵਤੀ ਹੈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਪੁੱਛਣ ’ਤੇ ਉਸ ਨੇ ਸਾਰੀ ਗੱਲ ਦੱਸੀ ਕਿ ਮੁਲਜ਼ਮ ਮੋਹਿਤ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਹੈ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ’ਤੇ ਪਰਚਾ ਦਰਜ ਕਰ ਕੇ ਕਾਬੂ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਦਾ ਸਵੈਬ ਜਾਂਚ ਲਈ ਲੈਬ ’ਚ ਭੇਜਿਆ ਗਿਆ ਹੈ।