ਸਮਰਾਲਾ ਥਾਣੇ ਅੱਗੇ ਲੋਕਾਂ ਦਾ ਮੁੜ ਹੰਗਾਮਾ, ਜਬਰ-ਜ਼ਿਨਾਹ ਦੇ ਦੋਸ਼ੀਆਂ ਨੂੰ ਫੜ੍ਹਨ ਦੀ ਮੰਗ
Monday, May 24, 2021 - 03:18 PM (IST)

ਸਮਰਾਲਾ (ਗਰਗ) : ਕੁੱਝ ਦਿਨ ਪਹਿਲਾ 20 ਸਾਲਾ ਇਕ ਮੰਦਬੁੱਧੀ ਕੁੜੀ ਨਾਲ ਹੋਏ ਜਬਰ-ਜ਼ਿਨਾਹ ਦੇ ਦੋਸ਼ੀਆਂ ਨੂੰ ਪੁਲਸ ਵੱਲੋਂ ਅਜੇ ਤੱਕ ਗ੍ਰਿਫ਼ਤਾਰ ਨਾ ਕੀਤੇ ਜਾਣ ਖ਼ਿਲਾਫ਼ ਸੋਮਵਾਰ ਨੂੰ ਪਿੰਡ ਦੇ ਲੋਕਾਂ ਅਤੇ ਜੱਥੇਬੰਦੀਆਂ ਵੱਲੋਂ ਥਾਣਾ ਸਮਰਾਲਾ ਅੱਗੇ ਖੂਬ ਹੰਗਾਮਾ ਕੀਤਾ ਗਿਆ। ਇਹ ਲੋਕ ਇਨਸਾਫ਼ ਦੀ ਮੰਗ ਕਰਦੇ ਹੋਏ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਇਸ ਹੰਗਾਮੇ ਮਗਰੋਂ ਰੋਹ ਵਿੱਚ ਆਏ ਲੋਕਾਂ ਵੱਲੋਂ ਸ਼ਹਿਰ ਦੇ ਮੁੱਖ ਚੌਂਕ 'ਚ ਪਹੁੰਚ ਕੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਤੱਕ ਨੂੰ ਜਾਮ ਕਰ ਦਿੱਤਾ ਗਿਆ। ਇਹ ਧਰਨਾਕਾਰੀ ਪੁਲਸ ’ਤੇ ਕਥਿਤ ਦੋਸ਼ੀਆਂ ਦੀ ਮੱਦਦ ਕਰਨ ਦਾ ਦੋਸ਼ ਲਗਾਉਂਦੇ ਹੋਏ ਧਰਨੇ ’ਤੇ ਬੈਠੇ ਰਹੇ।
ਲੋਕਾਂ ਦੇ ਵੱਧਦੇ ਰੋਹ ਨੂੰ ਵੇਖਦੇ ਹੋਏ ਡੀ. ਐੱਸ. ਪੀ. ਸਮਰਾਲਾ ਜਸਵਿੰਦਰ ਸਿੰਘ ਚਹਿਲ ਨੇ ਧਰਨਕਾਰੀਆਂ ਨੂੰ ਇਕ ਹਫ਼ਤੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਭਰੋਸਾ ਦਿੰਦੇ ਹੋਏ ਧਰਨਾ ਖ਼ਤਮ ਕਰਨ ਲਈ ਕਿਹਾ ਪਰ ਧਰਨਕਾਰੀ ਇਸ ਗੱਲ 'ਤੇ ਵੀ ਸ਼ਾਂਤ ਨਹੀਂ ਹੋਏ ਅਤੇ ਉਨ੍ਹਾਂ ਆਖਿਆ ਕਿ ਦੋਸ਼ੀ ਖੁੱਲੇਆਮ ਘੁੰਮ ਰਹੇ ਹਨ ਤਾਂ ਫਿਰ ਪੁਲਸ ਉਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਦੇਰੀ ਕਿਉਂ ਕਰ ਰਹੀ ਹੈ।
ਇਸੇ ਦੌਰਾਨ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਸਮੇਤ ਕਈ ਬਸਪਾ ਆਗੂ ਅਤੇ ਕਿਸਾਨ ਯੂਨੀਅਨ ਦੇ ਆਗੂ ਵੀ ਧਰਨੇ ਵਿੱਚ ਪਹੁੰਚ ਗਏ ਅਤੇ ਮੰਗ ਕੀਤੀ ਕਿ ਦੋਸ਼ੀ ਤੁਰੰਤ ਫੜ੍ਹੇ ਜਾਣ ਤਾਂ ਹੀ ਇਹ ਧਰਨਾ ਚੁੱਕਿਆ ਜਾਵੇਗਾ। ਉਧਰ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਹਿਲਾ ਤਾਂ ਪੁਲਸ ਨੇ ਮਾਮਲਾ ਦਰਜ ਕਰਨ ਵਿੱਚ ਹੀ ਦੇਰੀ ਕੀਤੀ ਅਤੇ ਕੁੜੀ ਦਾ ਮੈਡੀਕਲ ਵੀ ਸਮੇਂ ’ਤੇ ਨਹੀਂ ਕਰਵਾਇਆ ਗਿਆ। ਹੁਣ ਜਦੋਂ ਮਾਮਲਾ ਦਰਜ ਕਰ ਲਿਆ ਤਾਂ ਪੁਲਸ ਕਥਿਤ ਦੋਸ਼ੀਆਂ ਜਿਨ੍ਹਾਂ ਵਿੱਚ ਕੁੜੀ ਦੀ ਇਕ ਰਿਸ਼ਤੇਦਾਰ ਜਨਾਨੀ ਅਤੇ ਉਸ ਦਾ ਸਾਥੀ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਹੀ ਨਹੀਂ ਕੀਤਾ ਜਾ ਰਿਹਾ।
ਅਕਾਲੀ ਦਲ ਦੇ ਹਲਕਾ ਇਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਇਸ ਮਾਮਲੇ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ’ਤੇ ਵੀ ਕਾਰਵਾਈ ਕਰਨ ਸਮੇਤ ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣ ਦੀ ਮੰਗ ਕਰਦੇ ਹੋਏ ਆਖਿਆ ਕਿ ਪਹਿਲਾ ਤਾਂ ਲੋਕਾਂ ਨੂੰ ਮਾਮਲਾ ਦਰਜ ਕਰਵਾਉਣ ਲਈ ਧਰਨਾ ਮਾਰਦੇ ਹੋਏ ਲੰਬੀ ਜੱਦੋ-ਜਹਿਦ ਕਰਨੀ ਪਈ। ਹੁਣ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲੋਕ ਫਿਰ ਸੜਕਾਂ ’ਤੇ ਬੈਠੇ ਹਨ ਪਰ ਪੁਲਸ ਸੁਣਵਾਈ ਨਹੀਂ ਕਰ ਰਹੀ। ਇੱਥੇ ਜ਼ਿਕਰਯੋਗ ਹੈ ਕਿ ਸਮਰਾਲਾ ਵਾਸੀ ਜਨਾਨੀ ਜਸਵਿੰਦਰ ਕੌਰ ਨੇ ਕੋਰੋਨਾ ਪਾਜ਼ੇਟਿਵ ਹੋਣ 'ਤੇ ਪੀੜਤ ਕੁੜੀ ਨੂੰ ਆਪਣੇ ਘਰ ਕੰਮਕਾਜ ਲਈ ਸੱਦ ਲਿਆ ਸੀ ਅਤੇ ਉੱਥੇ ਰਵੀ ਨਾਮਕ ਵਿਅਕਤੀ ਨੇ ਇਸ ਕੁੜੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।