ਮਾਮਲਾ ਬੱਚੀ ਨਾਲ ਜਬਰ-ਜ਼ਨਾਹ ਦਾ : ਪੀੜਤ ਪਰਿਵਾਰ ਤੇ ਸਮਾਜ ਸੇਵੀਆਂ ਨੇ ਹਾਈਵੇ ਕੀਤਾ ਜਾਮ
Friday, Jun 29, 2018 - 03:35 AM (IST)

ਬਠਿੰਡਾ(ਬਲਵਿੰਦਰ)-ਬੀਤੀ ਸ਼ਾਮ ਇਕ 8 ਸਾਲਾ ਮਾਸੂਮ ਬੱਚੀ ਜਬਰ-ਜ਼ਨਾਹ ਦਾ ਸ਼ਿਕਾਰ ਹੋ ਗਈ ਸੀ, ਜਿਸਨੂੰ ਇਨਸਾਫ ਦਿਵਾਉਣ ਖਾਤਰ ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਗਈਆਂ ਹਨ। ਜਿਨ੍ਹਾਂ ਵੱਲੋਂ ਅੱਜ ਹਾਈਵੇ ’ਤੇ ਧਰਨਾ ਦੇ ਕੇ ਜਾਮ ਲਾਇਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਸੁੰਨਸਾਨ ਜਗ੍ਹਾ ’ਤੇ ਇਕ 8 ਸਾਲਾ ਮਾਸੂਮ ਬੱਚੀ ਬੇਹੋਸ਼ੀ ਦੀ ਹਾਲਤ ਵਿਚ ਡਿੱਗੀ ਪਈ ਸੀ, ਜਿਸਨੂੰ ਚੁੱਕ ਕੇ ਇਕ ਲੇਡੀ ਡਾਕਟਰ ਕੋਲ ਪਹੁੰਚਾਇਆ ਗਿਆ, ਜਿਸਨੇ ਬੱਚੀ ਨਾਲ ਜਬਰ-ਜ਼ਨਾਹ ਹੋਣ ਦੀ ਪੁਸ਼ਟੀ ਕੀਤੀ। ਸੂਚਨਾ ਮਿਲਦਿਆਂ ਹੀ ਕੁਝ ਸਮਾਜ ਸੇਵੀ ਮੌਕੇ ’ਤੇ ਪਹੁੰਚੇ ਅਤੇ ਬੱਚੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੀਆਂ ਦਰਜਨ ਭਰ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਇਕੱਤਰ ਹੋ ਕੇ ਭਾਈ ਘਨ੍ਹੱਈਆ ਚੌਕ, ਜੀ. ਟੀ. ਰੋਡ ’ਤੇ ਧਰਨਾ ਲਾ ਦਿੱਤਾ। ਜਥੇਬੰਦੀਅਾਂ ਦੀ ਮੰਗ ਸੀ ਕਿ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਮੌਕੇ ’ਤੇ ਪਹੁੰਚੇ ਐੱਸ. ਪੀ. ਗੁਰਮੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਪਾਰਟੀ ਸਰਗਰਮੀ ਨਾਲ ਮੁਲਜ਼ਮ ਦੀ ਭਾਲ ਕਰ ਰਹੀ ਹੈ। ਜਿਥੇ ਇਹ ਘਟਨਾ ਘਟੀ, ਉਥੇ ਆਸ-ਪਾਸ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸੇ ਨੇ ਵੀ ਬੱਚੀ ਨਾਲ ਕਿਸੇ ਹੋਰ ਨੂੰ ਵੇਖਿਆ ਹੋਵੇ। ਉਮੀਦ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।