ਛੋਟੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਲਈ ਪੰਜਾਬ ''ਚ ਫਾਂਸੀ ਕਿਉਂ ਨਹੀਂ?

03/17/2018 4:04:09 AM

ਲੁਧਿਆਣਾ(ਪਾਲੀ)-ਜਦੋਂ ਵੀ ਪੰਜਾਬ ਦਾ ਦੁਨੀਆ 'ਚ ਕਿੱਧਰੇ ਜ਼ਿਕਰ ਆਉਂਦਾ ਹੈ ਤਾਂ ਪੰਜਾਬੀਆਂ ਦੀਆਂ ਦੇਸ਼ ਕੌਮ ਲਈ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਸਭ ਤੋਂ ਪਹਿਲੀ ਕਤਾਰ 'ਚ ਆਉਂਦਾ ਹੈ। ਇਸ ਦੇਸ਼ ਚੋਂ ਭਾਰੀ ਕੁਰਬਾਨੀਆਂ ਕਰ ਕੇ ਜ਼ਾਲਮ ਮੁਗਲ ਸਰਕਾਰ ਦੀਆਂ ਜੜ੍ਹਾਂ ਸਿੱਖਾਂ ਨੇ ਉਖਾੜੀਆਂ, ਜਿਨ੍ਹਾਂ ਦਾ ਸਬੰਧ ਪੁਰਾਣੇ ਪੰਜਾਬ ਦੀ ਧਰਤੀ ਨਾਲ ਸੀ। ਅੰਗਰੇਜ਼ ਸਰਕਾਰ ਤੋਂ ਦੇਸ਼ ਆਜ਼ਾਦ ਕਰਵਾਉਣ 'ਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਤੇ ਅੱਜ ਪੂਰੀ ਦੁਨੀਆ 'ਚ ਪੰਜਾਬੀਆਂ ਨੇ ਸਖਤ ਮਿਹਨਤ ਕਰ ਕੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਉਥੋਂ ਦੀਆਂ ਸਰਕਾਰਾਂ ਪੰਜਾਬੀਆਂ 'ਤੇ ਮਾਣ ਕਰਦੀਆਂ ਹਨ। ਅੱਜ ਗੋਰਿਆਂ ਦੇ ਦੇਸ਼ਾਂ 'ਚ ਔਰਤ ਦੀ ਇੱਜ਼ਤ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਅਣਖੀਲੇ ਪੰਜਾਬੀਆਂ ਦਾ ਆਪਣਾ ਘਰ ਹੈ, ਜਿਨ੍ਹਾਂ ਨੇ ਦੇਸ਼ 'ਚ ਹਰੀ ਕ੍ਰਾਂਤੀ ਤੇ ਦੇਸ਼ ਦੀਆਂ ਸਰਹੱਦਾਂ 'ਤੇ ਜਾਨਾਂ ਵਾਰ ਕੇ ਆਪਣੇ ਪੰਜਾਬ ਦਾ ਨਾਂ ਉੱਚਾ ਕਰ ਕੇ ਰੱਖਿਆ ਹੋਇਆ ਹੈ। ਉਸ ਪੰਜਾਬ 'ਚ ਛੋਟੀਆਂ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇੱਥੇ ਹੀ ਬਸ ਨਹੀ ਫੁੱਲਾਂ ਵਰਗੀਆਂ ਮਾਸੂਮ ਬਾਲੜੀਆਂ ਨਾਲ ਜਬਰ-ਜ਼ਨਾਹ ਕਰ ਕੇ ਦਰਿੰਦਿਆਂ ਵਲੋਂ ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ। ਸੂਰਮਿਆਂ ਨੂੰ ਜਨਮ ਦੇਣ ਵਾਲੀ ਧਰਤੀ ਪੰਜਾਬ ਨੂੰ ਅਜਿਹੀਆਂ ਦਰਿੰਦਗੀ ਵਾਲੀਆਂ ਘਟਨਾਵਾਂ ਨਾਲ ਕਲੰਕਿਤ ਕੀਤਾ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਘੱਟੋ-ਘੱਟ ਮੌਤ ਦੀ ਸਜ਼ਾ ਦੇਣ ਲਈ ਮੱਧ ਪ੍ਰਦੇਸ਼, ਰਾਜਸਥਾਨ ਤੇ ਹੁਣ ਹਰਿਆਣਾ ਸਰਕਾਰ ਨੇ ਵੀ ਬਿੱਲ ਪਾਸ ਕਰ ਕੇ ਅਜਿਹੇ ਦਰਿੰਦਿਆਂ ਲਈ ਫਾਂਸੀ ਦੀ ਸਜ਼ਾ ਮੁਕਰਰ ਕੀਤੀ ਗਈ ਹੈ ਤਾਂ ਪੰਜਾਬ ਸਰਕਾਰ ਅਜਿਹਾ ਕਾਨੂੰਨ ਪਾਸ ਕਿਉਂ ਨਹੀਂ ਕਰ ਰਹੀ ਜਦਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਈ ਵਾਰ ਇਨ੍ਹਾਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਵਕਾਲਤ ਕਰ ਚੁੱਕੇ ਹਨ।


Related News