ਸਮਾਜ ਵਿਰੋਧੀ ਅਨਸਰਾਂ ਦੇ ਨਿਸ਼ਾਨੇ ’ਤੇ ‘ਮਾਸੂਮ ਬੱਚੇ-ਬੱਚੀਆਂ’

Friday, May 17, 2024 - 03:46 AM (IST)

ਸਮਾਜ ਵਿਰੋਧੀ ਅਨਸਰਾਂ ਦੇ ਨਿਸ਼ਾਨੇ ’ਤੇ ‘ਮਾਸੂਮ ਬੱਚੇ-ਬੱਚੀਆਂ’

ਸਰਕਾਰ ਵਲੋਂ ਕਾਨੂੰਨ ਵਿਵਸਥਾ ਕਾਬੂ ’ਚ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ’ਚ ਅਪਰਾਧੀ ਅਨਸਰਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ। ਇੱਥੋਂ ਤੱਕ ਕਿ ਮਾਸੂਮ ਬੱਚੇ-ਬੱਚੀਆਂ ਵੀ ਸੁਰੱਖਿਅਤ ਨਹੀਂ ਹਨ। ਨਵ-ਜੰਮੇ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਬੇਔਲਾਦ ਜੋੜਿਆਂ ਨੂੰ ਵੇਚਣ, ਵੱਡੇ ਬੱਚਿਆਂ ਨੂੰ ਭੀਖ ਮੰਗਾਉਣ, ਚੋਰੀ-ਚਕਾਰੀ ਵਰਗੇ ਅਪਰਾਧਾਂ ’ਚ ਅਤੇ ਲੜਕੀਆਂ ਨੂੰ ਵੇਸਵਾਪੁਣੇ ’ਚ ਧੱਕਿਆ ਜਾ ਰਿਹਾ ਹੈ :

* 24 ਅਪ੍ਰੈਲ, 2024 ਨੂੰ ਸੀ.ਬੀ.ਆਈ. ਨੇ ਹਰਿਆਣਾ ਅਤੇ ਦਿੱਲੀ ’ਚ 7 ਸਥਾਨਾਂ ’ਤੇ ਸਰਚ ਆਪ੍ਰੇਸ਼ਨ ਚਲਾ ਕੇ ਦਿੱਲੀ ’ਚ ਬੇਔਲਾਦ ਮਾਤਾ-ਪਿਤਾਵਾਂ ਦੇ ਨਾਲ ਲੱਖਾਂ ਰੁਪਇਆਂ ਦੀ ਠੱਗੀ ਮਾਰ ਚੁੱਕੇ ਇਕ ਵੱਡੇ ਬੱਚਾ ਚੋਰ ਗਿਰੋਹ ਦੇ 7 ਮੈਂਬਰ ਗ੍ਰਿਫਤਾਰ ਕੀਤੇ।

ਇਹ ਗਿਰੋਹ ਆਮ ਤੌਰ ’ਤੇ ਫੇਸਬੁੱਕ ਪੇਜ ਅਤੇ ਵ੍ਹਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ਼ਤਿਹਾਰਾਂ ਰਾਹੀਂ ਬੇਔਲਾਦ ਮਾਤਾ-ਪਿਤਾਵਾਂ ਨਾਲ ਸੰਪਰਕ ਕਰ ਕੇ ਚੋਰੀ ਕੀਤੇ ਗਏ ਬੱਚੇ ਉਨ੍ਹਾਂ ਨੂੰ 4 ਤੋਂ 6 ਲੱਖ ਰੁਪਏ ਤੱਕ ’ਚ ਵੇਚਿਆ ਕਰਦਾ ਸੀ।

ਅਧਿਕਾਰੀਆਂ ਅਨੁਸਾਰ ਇਸ ਸਰਚ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਇਕ ਬੱਚਾ ਸਿਰਫ ਡੇਢ ਦਿਨ ਦੀ ਉਮਰ ਦਾ ਅਤੇ 2 ਬੱਚੇ 15 ਦਿਨਾਂ ਦੀ ਉਮਰ ਦੇ ਮਿਲੇ, ਜਿਨ੍ਹਾਂ ਨੂੰ ਇਹ ਗਿਰੋਹ ਵੇਚਣ ਦੀ ਤਾਕ ’ਚ ਸੀ। ਤਲਾਸ਼ੀ ਦੌਰਾਨ ਗਿਰੋਹ ਦੇ ਮੈਂਬਰਾਂ ਤੋਂ ਸਾਢੇ 5 ਲੱਖ ਰੁਪਏ ਨਕਦ ਜ਼ਬਤ ਕੀਤੇ ਗਏ।

* 14 ਮਈ, 2024 ਨੂੰ ਜੈਪੁਰ ਰੇਲਵੇ ਪੁਲਸ ਨੇ ਰੇਲਵੇ ਸਟੇਸ਼ਨਾਂ ਆਦਿ ਭੀੜ-ਭਾੜ ਵਾਲੇ ਸਥਾਨਾਂ ਤੋਂ ਬੱਚਿਆਂ ਨੂੰ ਅਗਵਾ ਕਰਨ ਵਾਲੇ ‘ਮਦਾਰੀ ਗੈਂਗ’ ਦੇ 5 ਮੈਂਬਰਾਂ ‘ਮੁਕੇਸ਼ ਮਦਾਰੀ’, ‘ਕਰਨ ਮਦਾਰੀ’, ‘ਅਰਜੁਨ ਮਦਾਰੀ’, ‘ਪ੍ਰੇਮ ਮਦਾਰੀ’, ਅਤੇ ‘ਲੱਜੋ’ ਨੂੰ ਗ੍ਰਿਫਤਾਰ ਕੀਤਾ।

ਪਤੀ-ਪਤਨੀ, ਭਰਾ ਅਤੇ ਬੇਟਿਆਂ ’ਤੇ ਆਧਾਰਿਤ ਇਸ ਗਿਰੋਹ ਤੋਂ ਅਧਿਕਾਰੀਆਂ ਨੇ 5 ਮਈ ਨੂੰ ਮਦਾਰੀ ਦੀ ਖੇਡ ’ਚ ‘ਜਮੂਰੇ’ ਦੇ ਰੂਪ ’ਚ ਇਸਤੇਮਾਲ ਕਰਨ ਲਈ ਕੋਟਾ ਤੋਂ ਅਗਵਾ ਕੀਤੇ ਗਏ ਇਕ 4 ਸਾਲਾ ਬੱਚੇ ਨੂੰ ਬਰਾਮਦ ਕਰਨ ਤੋਂ ਇਲਾਵਾ ਇਕ ਹੋਰ ਅਗਵਾ ਕੀਤਾ 10 ਸਾਲਾ ਬੱਚਾ ਵੀ ਬਰਾਮਦ ਕੀਤਾ।

ਅਧਿਕਾਰੀਆਂ ਅਨੁਸਾਰ ਗਿਰੋਹ ਦੇ ਮੈਂਬਰ ਪਹਿਲਾਂ 4 ਸਾਲਾ ਬੱਚੇ ਨੂੰ ਮੱਧ ਪ੍ਰਦੇਸ਼ ’ਚ ਭੋਪਾਲ ਲੈ ਕੇ ਗਏ ਅਤੇ ਉੱਥੋਂ ਜੈਪੁਰ ਲੈ ਕੇ ਆਏ ਸਨ।

ਇਹ ਗਿਰੋਹ ਪਹਿਲਾਂ ਬੱਚਿਆਂ ਨੂੰ ਆਪਣੇ ਡੇਰਿਆਂ ’ਤੇ ਰੱਖ ਕੇ ਟ੍ਰੇਨਿੰਗ ਦਿੰਦਾ ਅਤੇ ਕਲਾਬਾਜ਼ੀ ਆਦਿ ਲਗਾਉਣਾ ਸਿਖਾ ਕੇ ਅਤੇ ਉਨ੍ਹਾਂ ਦੇ ਸਰੀਰ ’ਤੇ ਰੰਗ-ਰੋਗਨ ਆਦਿ ਲਗਾ ਕੇ ਉਨ੍ਹਾਂ ਨੂੰ ਮਦਾਰੀ ਦੀ ਖੇਡ ’ਚ ‘ਜਮੂਰਾ’ ਬਣਾਉਂਦਾ ਸੀ।

ਗਿਰੋਹ ਦੇ ਮੈਂਬਰ ਇਨ੍ਹਾਂ ਤੋਂ ਭੀਖ ਮੰਗਵਾਉਣ ਦੇ ਇਲਾਵਾ ਦੂਜੇ ਅਪਰਾਧ ਵੀ ਕਰਵਾਉਂਦੇ ਸਨ। ਗਿਰੋਹ ਦੇ ਮੈਂਬਰਾਂ ਅਨੁਸਾਰ ਇਸ ਦੇ ਮੈਂਬਰ ਵਿਆਹ-ਸ਼ਾਦੀਆਂ ਵਾਲੇ ਘਰਾਂ ’ਚ ਭਾਂਡੇ ਮਾਂਜਣ ਅਤੇ ਸਫਾਈ ਦਾ ਕੰਮ ਵੀ ਕਰਦੇ ਹਨ।

* 15 ਮਈ, 2024 ਨੂੰ ਅਰੁਣਾਚਲ ਪ੍ਰਦੇਸ਼ ਦੀ ਪੁਲਸ ਨੇ ਇਕ ਅੰਤਰਰਾਜੀ ਵੇਸਵਾਵ੍ਰਿਤੀ ਗਿਰੋਹ ਦਾ ਭਾਂਡਾ ਭੰਨਣ ਦੀ ਜਾਣਕਾਰੀ ਦਿੱਤੀ। ਇਸ ਸਿਲਸਿਲੇ ’ਚ ਕੁੱਲ 21 ਲੋਕਾਂ ਨੂੰ ਪਿਛਲੇ 10 ਦਿਨਾਂ ਦੇ ਅੰਦਰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ’ਚੋਂ ਇਕ ਡੀ.ਐੱਸ.ਪੀ., ਸਿਹਤ ਵਿਭਾਗ ਦਾ ਇਕ ਡਿਪਟੀ ਡਾਇਰੈਕਟਰ, ਇਕ ਕਾਂਸਟੇਬਲ, ਇਕ ਅਸਿਸਟੈਂਟ ਇੰਜੀਨੀਅਰ, ਇਕ ਜੂਨੀਅਰ ਇੰਜੀਨੀਅਰ ਅਤੇ ਗਾਹਕ ਸ਼ਾਮਲ ਹਨ।

ਇਹ ਗਿਰੋਹ 10 ਤੋਂ 15 ਸਾਲ ਦੀ ਉਮਰ ਦੀਆਂ ਨਾਬਾਲਗਾਂ ਨੂੰ ਦੂਜੇ ਸੂਬਿਆਂ ਅਤੇ ਵੱਖ-ਵੱਖ ਪਿੰਡਾਂ ਤੋਂ ਅਗਵਾ ਕਰ ਕੇ ਇੱਥੇ ਲਿਆ ਕੇ ਉਨ੍ਹਾਂ ਨੂੰ ਦੇਹ ਵਪਾਰ ’ਚ ਧੱਕ ਦਿੰਦਾ ਸੀ।

ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ‘ਈਟਾਨਗਰ’ ਦੇ ਪੁਲਸ ਸੁਪਰਡੈਂਟ ਰੋਹਿਤ ਰਾਜਬੀਰ ਸਿੰਘ ਦੇ ਅਨੁਸਾਰ, ਦੋ ਭੈਣਾਂ ਗੁਆਂਢੀ ਸੂਬੇ ਅਸਾਮ ਦੇ ‘ਧੇਮਾਜੀ’ ਸ਼ਹਿਰ ਤੋਂ ਨਾਬਾਲਗ ਲੜਕੀਆਂ ਨੂੰ ਸਮੱਗਲਿੰਗ ਕਰ ਕੇ ਸੂਬੇ ’ਚ ਲਿਆ ਰਹੀਆਂ ਸਨ।

‘ਈਟਾਨਗਰ’ ਦੇ ਨੇੜੇ ਹੀ ‘ਚਿੰਪੂ’ ’ਚ ਨਾਬਾਲਗ ਲੜਕੀਆਂ ਨਾਲ ਜੁੜਿਆ ਇਕ ਵੇਸਵਾਵ੍ਰਿਤੀ ਗਿਰੋਹ ਸਰਗਰਮ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਟੀਮ ਨੇ 4 ਮਈ ਨੂੰ ਬਿਊਟੀ ਪਾਰਲਰ ਚਲਾਉਣ ਵਾਲੀਆਂ ਉਕਤ ਦੋਵਾਂ ਭੈਣਾਂ ਦੇ ਘਰਾਂ ’ਤੇ ਛਾਪਾ ਮਾਰ ਕੇ ‘ਧੇਮਾਜੀ’ ਸ਼ਹਿਰ ਤੋਂ ਲਿਆਂਦੀਆਂ ਗਈਆਂ ਨਾਬਾਲਗ ਲੜਕੀਆਂ ਨੂੰ ਮੁਕਤ ਕਰਵਾਇਆ।

ਇਸ ਤੋਂ ਬਾਅਦ ‘ਧੇਮਾਜੀ’ ਤੋਂ ਹੀ ਸਮੱਗਲਿੰਗ ਕਰ ਕੇ ਲਿਆਂਦੀ ਗਈ ਅਤੇ ਇਕ ਹੋਰ ਔਰਤ ਦੇ ਚੁੰਗਲ ’ਚ ਫਸੀਆਂ 2 ਹੋਰ ਨਾਬਾਲਗ ਲੜਕੀਆਂ ਅਤੇ ਇਕ ਹੋਰ ਲੜਕੀ ਨੂੰ ਇਕ ਹੋਟਲ ’ਚ ਛਾਪੇਮਾਰੀ ਕਰ ਕੇ ਛੁਡਵਾਇਆ ਗਿਆ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਮਾਸੂਮ ਲੜਕੇ-ਲੜਕੀਆਂ ਕਿਸ ਤਰ੍ਹਾਂ ਸਮਾਜ ਵਿਰੋਧੀ ਅਨਸਰਾਂ ਦੇ ਨਿਸ਼ਾਨੇ ’ਤੇ ਆਏ ਹੋਏ ਹਨ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ’ਤੇ ਵੱਧ ਧਿਆਨ ਦੇਣ, ਖਾਸ ਤੌਰ ’ਤੇ ਰੇਲਵੇ ਸਟੇਸ਼ਨਾਂ ਅਤੇ ਹੋਰ ਭੀੜ-ਭਾੜ ਵਾਲੇ ਜਨਤਕ ਸਥਾਨਾਂ ’ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ ਕਿਉਂਕਿ ਥੋੜ੍ਹੀ ਜਿਹੀ ਲਾਪ੍ਰਵਾਹੀ ਦੀ ਬੜੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਇਸ ਬੁਰਾਈ ’ਤੇ ਰੋਕ ਲਗਾਉਣ ਲਈ ਅਜਿਹੇ ਅਪਰਾਧਾਂ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਵੀ ਲੋੜ ਹੈ।

-ਵਿਜੇ ਕੁਮਾਰ


author

Harpreet SIngh

Content Editor

Related News