ਜਬਰ-ਜ਼ਨਾਹ ਦੇ ਮਾਮਲੇ ''ਤੇ ਪੁਲਸ ਵੱਲੋਂ ਪਰਦੇ ਪਾਉਣ ਦੀ ਕੋਸ਼ਿਸ਼

02/24/2018 7:44:59 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਪੁਲਸ ਵੱਲੋਂ ਜਬਰ-ਜ਼ਨਾਹ ਦੇ ਮਾਮਲੇ 'ਤੇ ਕਥਿਤ ਤੌਰ 'ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰਕਾਰਾਂ ਵੱਲੋਂ ਇਹ ਮਾਮਲਾ ਐੈੱਸ. ਐੱਸ. ਪੀ. ਦੇ ਧਿਆਨ 'ਚ ਲਿਆਂਦਾ ਗਿਆ। ਥਾਣਾ ਸਿਟੀ ਦੇ ਐੈੱਸ. ਐੱਚ. ਓ. ਬਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ 'ਚ ਨੌਜਵਾਨ ਸੰਦੀਪ ਕੁਮਾਰ ਖਿਲਾਫ ਅਗਵਾ ਦਾ ਕੇਸ ਦਰਜ ਕੀਤਾ ਹੈ।  ਲੜਕੀ ਨੇ ਆਪਣੇ ਬਿਆਨ ਜੱਜ ਸਾਹਮਣੇ ਲਿਖਵਾਏ ਹਨ ਅਤੇ ਉਸ ਦਾ ਡਾਕਟਰੀ ਮੁਆਇਨਾ ਵੀ ਕਰਵਾਇਆ ਗਿਆ ਹੈ, ਜਿਸ ਦੀ ਅਜੇ ਤੱਕ ਰਿਪੋਰਟ ਨਹੀਂ ਆਈ। ਰਿਪੋਰਟ ਆਉਣ ਮਗਰੋਂ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਜਸਵੀਰ ਔਲਖ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਨਾਲ ਕਿਸੇ ਨੇ ਸਰੀਰਕ ਸਬੰਧ ਬਣਾਏ ਹਨ। ਜਦੋਂ ਸਿਵਲ ਹਸਪਤਾਲ 'ਚ ਪੱਤਰਕਾਰਾਂ ਨੇ ਮਹਿਲਾ ਪੁਲਸ ਅਧਿਕਾਰੀ ਤੋਂ ਇਸ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਉਕਤ ਮਹਿਲਾ ਪੁਲਸ ਅਧਿਕਾਰੀ ਨੇ ਵਰਦੀ ਵੀ ਨਹੀਂ ਪਹਿਨੀ ਹੋਈ ਸੀ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਦੀ ਫੋਟੋ ਖਿੱਚਣੀ ਚਾਹੀ ਤਾਂ ਉਨ੍ਹਾਂ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਅਤੇ ਖੁਦ ਵੀ ਪੱਤਰਕਾਰਾਂ ਦੀ ਮੂਵੀ ਬਣਾਉਣ ਲੱਗੀ।
ਮਹਿਲਾ ਪੁਲਸ ਅਧਿਕਾਰੀ ਨੂੰ ਬੁਲਾ ਕੇ ਸਮਝਾਇਆ ਜਾਵੇਗਾ : ਐੱਸ. ਐੱਸ. ਪੀ. 
ਜਦੋਂ ਇਸ ਸਬੰਧੀ ਐੈੱਸ. ਐੈੱਸ. ਪੀ. ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਪੁਲਸ ਅਧਿਕਾਰੀ ਨੂੰ ਬੁਲਾ ਕੇ ਸਮਝਾਇਆ ਜਾਵੇਗਾ। ਰਹੀ ਗੱਲ ਪੁਲਸ ਵਰਦੀ ਨਾ ਪਹਿਨਣ ਦੀ, ਬੱਚੀ ਨਾਬਾਲਗ ਸੀ, ਇਸ ਲਈ ਮਹਿਲਾ ਪੁਲਸ ਅਧਿਕਾਰੀ ਨੇ ਵਰਦੀ ਨਹੀਂ ਪਹਿਨੀ ਹੋਈ ਸੀ।


Related News