ਖ਼ੁਦ ਨੂੰ ਅਣਵਿਆਹਿਆ ਦੱਸ ਕੇ ਪ੍ਰੇਮ ਜਾਲ ''ਚ ਫਸਾਈ ਕੁੜੀ, ਫਿਰ ਕੀਤਾ ਜਬਰ-ਜ਼ਨਾਹ

Sunday, Jun 28, 2020 - 04:20 PM (IST)

ਖ਼ੁਦ ਨੂੰ ਅਣਵਿਆਹਿਆ ਦੱਸ ਕੇ ਪ੍ਰੇਮ ਜਾਲ ''ਚ ਫਸਾਈ ਕੁੜੀ, ਫਿਰ ਕੀਤਾ ਜਬਰ-ਜ਼ਨਾਹ

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ) : ਨਜ਼ਦੀਕੀ ਪਿੰਡ ਦੀ ਇਕ ਲੜਕੀ ਨੇ ਸਥਾਨਕ ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਕਾਲਜ ਵਿਖੇ ਪੜ੍ਹਦੀ ਸੀ ਅਤੇ ਇਸ ਦੌਰਾਨ ਉਸਦੀ ਕਾਲਜ ਦੇ ਗੇਟ ਤੇ ਮੁਲਾਕਾਤ ਸੋਨੂੰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਲੈਪੋ ਨਾਲ ਹੋਈ। ਸੋਨੂੰ ਸਿੰਘ ਉਦੋਂ ਇੱਥੇ ਕੰਪਿਊਟਰ ਸਿੱਖਣ ਆਉਂਦਾ ਸੀ ਅਤੇ ਬਾਅਦ ਵਿਚ ਉਹ ਗੁਰੂਹਰਸਹਾਏ ਵਿਖੇ ਠੇਕਾ ਆਧਾਰ 'ਤੇ ਬਿਜਲੀ ਬੋਰਡ ਵਿਚ ਲੱਗ ਗਿਆ। ਬਿਆਨਕਰਤਾ ਅਨੁਸਾਰ ਉਨ੍ਹਾਂ ਦੀ ਆਪਸੀ ਜਾਣ ਪਛਾਣ ਵੱਧ ਗਈ ਤਾਂ ਉਸਨੇ ਦੱਸਿਆ ਕਿ ਉਹ ਅਣਵਿਆਹੁਤਾ ਹੈ ਤਾਂ ਉਸਦੇ ਝਾਂਸੇ ਵਿਚ ਆ ਕੇ ਉਸ ਨਾਲ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਬਿਆਨਕਰਤਾ ਅਨੁਸਾਰ 5 ਮਈ ਰਾਤ ਕਰੀਬ 12 ਵਜੇ ਸੋਨੂੰ ਸਿੰਘ ਉਨ੍ਹਾਂ ਦੇ ਘਰ ਕੋਲ ਆਇਆ ਤਾਂ ਉਹ ਆਪਣੇ ਸਾਰੇ ਸਰਟੀਫਿਕੇਟ, ਪਛਾਣ ਪੱਤਰ, ਢਾਈ ਤੋਲੇ ਸੋਨਾ ਅਤੇ ਕਰੀਬ 65 ਹਜ਼ਾਰ ਰੁਪਏ ਚੁੱਕ ਸੋਨੂੰ ਸਿੰਘ ਨਾਲ ਉਸਦੇ ਘਰ ਪਿੰਡ ਲੈਪੋ ਚਲੀ ਗਈ। 

ਉੱਥੇ ਉਸਨੇ ਉਸ ਤੋਂ ਸਾਰੇ ਕਾਗਜ਼ਾਤ, ਨਗਦੀ ਅਤੇ ਸੋਨਾ ਲੈ ਲਿਆ। 7 ਮਈ ਨੂੰ ਉਹ ਮਾਣਯੋਗ ਅਦਾਲਤ ਵਿਚ ਪੇਸ਼ ਹੋਏ ਤਾਂ ਉੱਥੇ ਬਿਆਨਕਰਤਾ ਨੂੰ ਪੁਲਸ ਪ੍ਰੋਟੈਕਸ਼ਨ ਦਿੱਤੀ ਗਈ ਅਤੇ ਉਹ ਪ੍ਰੋਟੈਕਸ਼ਨ ਹਾਊਸ ਦੇ ਨਿਯਮਾਂ ਮੁਤਾਬਕ ਅਲੱਗ ਅਲੱਗ ਰਹੇ। 13 ਮਈ ਨੂੰ ਜਦੋਂ ਉਨ੍ਹਾਂ ਦੀ ਪੇਸ਼ੀ ਸੀ ਤਾਂ ਸੋਨੂੰ ਸਿੰਘ ਦੀ ਪਤਨੀ ਰੀਨਾ ਆਪਣੀ ਬੱਚੀ ਸਮੇਤ ਮਾਣਯੋਗ ਅਦਾਲਤ ਵਿਚ ਪੇਸ਼ ਹੋਈ ਅਤੇ ਸੋਨੂੰ ਸਿੰਘ ਨੇ ਮਾਣਯੋਗ ਜੱਜ ਦੇ ਸਾਹਮਣੇ ਮੰਨਿਆ ਕਿ ਉਹ ਪਹਿਲਾਂ ਵਿਆਹੁਤਾ ਹੈ ਅਤੇ ਬੱਚੀ ਵੀ ਉਸਦੀ ਹੈ। ਬਿਆਨਕਰਤਾ ਅਨੁਸਾਰ ਮਾਨਯੋਗ ਅਦਾਲਤ ਵਿਚੋਂ ਵਾਪਿਸ ਆ ਕੇ ਉਸਨੇ ਬਹੁਤ ਰੌਲਾ ਪਾਇਆ ਕਿ ਉਸਨੂੰ ਵਾਪਸ ਉਸਦੇ ਪਿੰਡ ਬਰਕੰਦੀ ਛੱਡ ਦਿੱਤਾ ਜਾਵੇ ਤਾਂ ਸੋਨੂੰ ਸਿੰਘ ਅਤੇ ਇਸਦੇ ਨਾਲ ਹੋਰਾਂ ਨੇ ਉਸਨੂੰ ਪਿਸਤੌਲ ਦਿਖਾ ਕੇ ਡਰਾਇਆ ਧਮਕਾਇਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆ ਅਤੇ ਪਿੰਡ ਲੈਪੋ ਵਿਖੇ ਹਰਪਾਲ ਸਿੰਘ ਬੇਦੀ ਦੀ ਹਵੇਲੀ ਵਿਚ 20 ਮਈ 2020 ਤੋਂ 10 ਜੂਨ 2020 ਤੱਕ ਉਸਦੀ ਮਰਜ਼ੀ ਖ਼ਿਲਾਫ਼ ਰੱਖਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। 

ਬਿਆਨਕਰਤਾ ਅਨੁਸਾਰ ਜਦ ਉਸਦਾ ਪਿਤਾ ਹੋਰ ਪੰਚਾਇਤੀ ਵਿਅਕਤੀਆਂ ਨਾਲ ਉਸਨੂੰ ਲੈਣ ਗਿਆ ਤਾਂ ਹਰਪਾਲ ਸਿੰਘ ਬੇਦੀ, ਸੋਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਵਾਪਿਸ ਭੇਜਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਜੋ ਮਰਜ਼ੀ ਕਰ ਲੈਣ ਉਹ ਕੁੜੀ ਨੂੰ ਵਾਪਿਸ ਨਹੀਂ ਭੇਜਣਗੇ। ਅਗਲੇ ਦਿਨ ਫਿਰ ਮੇਰੇ ਪਿਤਾ ਅਤੇ ਪੰਚਾਇਤੀ ਮੈਂਬਰਾਂ ਨੇ ਪਿੰਡ ਦੇ ਮੋਹਤਬਰਾਂ ਰਾਹੀਂ ਮੈਨੂੰ ਵਾਪਿਸ ਲਿਆਂਦਾ। ਫਿਲਹਾਲ ਥਾਣਾ ਸਦਰ ਪੁਲਸ ਨੇ ਲੜਕੀ ਦੇ ਬਿਆਨਾਂ 'ਤੇ ਸੋਨੂੰ ਸਿੰਘ ਪੁੱਤਰ ਦੀਦਾਰ ਸਿੰਘ, ਦੀਦਾਰ ਸਿੰਘ, ਗੀਤਾ ਰਾਣੀ ਪਤਨੀ ਦੀਦਾਰ ਸਿੰਘ, ਮੋਨੂੰ ਸਿੰਘ ਪੁੱਤਰ ਦੀਦਾਰ ਸਿੰਘ ਅਤੇ ਹਰਪਾਲ ਸਿੰਘ ਬੇਦੀ ਵਾਸੀ ਲੈਪੋ ਤੋਂ ਧਾਰਾ 366, 376, 406, 506, 120 ਬੀ ਅਤੇ ਆਰਮਜ ਐਕਟ ਦੀ ਧਾਰਾ 25, 27, 54, 59 ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਮਲਕੀਤ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।


author

Gurminder Singh

Content Editor

Related News