5 ਲੱਖ ਰੁਪਏ ਦੀ ਫਿਰੌਤੀ ਨਾ ਦੇਣ ’ਤੇ ਡੇਰਾ ਬਾਬਾ ਨਾਨਕ ਦੇ ਤਲਵੰਡੀ ਰਾਮਾ ’ਚ ਚੱਲੀਆਂ ਗੋਲੀਆਂ
Monday, Jul 11, 2022 - 07:41 PM (IST)

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਜ. ਬ.)- ਬੀਤੀ ਰਾਤ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਰਾਮਾ ’ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਪ੍ਰਾਈਵੇਟ ਹਸਪਤਾਲ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆ ਹਸਪਤਾਲ ਦੇ ਮਾਲਕ ਅਤੇ ਪਿੰਡ ਪਖੋਕੇ ਮਹਿਮਾਰਾਂ ਦੇ ਮੌਜੂਦਾ ਸਰਪੰਚ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕੇ ਉਨ੍ਹਾਂ ਨੂੰ ਬੀਤੇ ਦਿਨੀਂ ਲੇਸ਼ੀਆ ਦੇ ਨੰਬਰ ਤੋਂ ਇਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਆਪਣਾ ਨਾਮ ਤੂਫਾਨ ਸਿੰਘ ਦੱਸਿਆ ਅਤੇ ਕਿਹਾ ਸੀ ਕਿ ਉਹ ਜੇਲ੍ਹ ’ਚੋਂ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਕਤ ਵਿਅਕਤੀ ਵੱਲੋਂ ਉਨ੍ਹਾਂ ਤੋਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ: ਕੂੜੇ ਦੇ ਢੇਰ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼
ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਧਮਕੀ ਦਿੰਦਿਆਂ ਕਿਹਾ ਸੀ ਕਿ ਜੇ ਉਨ੍ਹਾਂ ਨੇ 5 ਲੱਖ ਦੀ ਫਿਰੌਤੀ ਨਾ ਦਿੱਤੀ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਕਤ ਵਿਅਕਤੀ ਵੱਲੋਂ ਇਸ ਸਬੰਧੀ ਸਾਨੂੰ ਕਈ ਮੈਸੇਜ ਵੀ ਕੀਤੇ ਗਏ ਹਨ, ਜਿਨ੍ਹਾਂ ਨੂੰ ਲੈ ਕੇ ਅਸੀਂ ਬੀਤੀ 3 ਤਰੀਖ਼ ਨੂੰ ਐੱਸ. ਐੱਸ. ਪੀ. ਬਟਾਲਾ ਨੂੰ ਮਿਲਣ ਲਈ ਗਏ ਸੀ। ਐੱਸ. ਐੱਸ. ਪੀ. ਬਟਾਲਾ ਨਾਲ ਮੇਲ ਨਾ ਹੋਣ ਕਰ ਕੇ ਉਨ੍ਹਾਂ ਵੱਲੋਂ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਤੇ ਐੱਸ. ਐੱਚ. ਓ. ਡੇਰਾ ਬਾਬਾ ਨਾਨਕ ਨੂੰ ਲਿਖਤੀ ਤੌਰ ’ਤੇ ਦਰਖ਼ਾਸਤ ਦਿੱਤੀ ਗਈ।
ਪੜ੍ਹੋ ਇਹ ਵੀ ਖ਼ਬਰ: ਦਿਲ ਕੰਬਾਊ ਹਾਦਸਾ: ਵਿਧਾਇਕ ਸ਼ੈਰੀ ਕਲਸੀ ਦੇ PA ਸਣੇ 3 ਨੌਜਵਾਨਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ (ਤਸਵੀਰਾਂ)
ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਰਾਤ 8 ਵਜੇ ਦੇ ਕਰੀਬ ਆਪਣੇ ਹਸਪਤਾਲ ਤੋਂ ਘਰ ਪਿੰਡ ਪੱਖੋਕੇ ਮਹਿਮਾਰਾ ਨੂੰ ਜਾ ਰਹੇ ਸੀ। ਉਨ੍ਹਾਂ ਨੂੰ ਹਸਪਤਾਲ ਤੋਂ ਫੋਨ ਆਇਆ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਸਪਤਾਲ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਜਦ ਉਹ ਐੱਸ. ਐੱਚ. ਓ. ਡੇਰਾ ਬਾਬਾ ਨਾਨਕ ਤੇ ਚੌਕੀ ਇੰਚਾਰਜ ਮਾਲੇਵਾਲ ਸਮੇਤ ਆਪਣੇ ਹਸਪਤਾਲ ਤਲਵੰਡੀ ਰਾਮਾ ਵਿਖੇ ਪੁੱਜੇ ਤਾਂ ਉਕਤ ਵਿਅਕਤੀ ਗੋਲੀਆਂ ਚਲਾ ਕੇ ਫ਼ਰਾਰ ਹੋ ਚੁੱਕੇ ਸਨ। ਭਾਵੇਂ ਇਨ੍ਹਾਂ ਗੋਲੀਆਂ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੋਲੀਆਂ ਲੱਗਣ ਨਾਲ ਹਸਪਤਾਲ ਦੇ ਸ਼ੀਸ਼ੇ ਟੁੱਟੇ ਹੋਏ ਸਨ।
ਪੜ੍ਹੋ ਇਹ ਵੀ ਖ਼ਬਰ: ਜੇਠ-ਜਠਾਣੀ ਤੋਂ ਦੁਖੀ ਦਰਾਣੀ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਉਨ੍ਹਾਂ ਦੱਸਿਆ ਕਿ ਪੁਲਸ ਦੇ ਹੁੰਦਿਆਂ ਉਨ੍ਹਾਂ ਨੂੰ ਉਕਤ ਵਿਅਕਤੀਆਂ ਦਾ ਦੁਬਾਰਾ ਫੋਨ ਆਇਆ ਕਿ ਅੱਜ ਅਸੀਂ ਸਿਰਫ ਟਰੇਲਰ ਹੀ ਦਿਖਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਸਬੰਧੀ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਡਾ. ਪਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।