ਕੈਨੇਡਾ ਜਾਣ ਤੋਂ ਪਹਿਲਾਂ ਭੇਦਭਰੀ ਹਾਲਤ ‘ਚ ਲਾਪਤਾ ਹੋਇਆ ਨੌਜਵਾਨ
Friday, Oct 05, 2018 - 01:37 PM (IST)

ਕੈਨੇਡਾ/ਫਗਵਾੜਾ(ਮੁਕੇਸ਼)— ਕੈਨੇਡਾ ਜਾਣ ਤੋਂ ਪਹਿਲਾਂ ਫਗਵਾੜਾ ਦਾ ਇਕ ਨੌਜਵਾਨ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ ਹੈ। ਪੁਲਸ ਮੁਤਾਬਕ ਗੁਰੂ ਨਾਨਕ ਪੁਰਾ ਫਗਵਾੜਾ ਦਾ ਵਸਨੀਕ ਰਮਨੀਕ ਸਿੰਘ ਕੈਨੇਡਾ ਦਾ ਨਾਗਰਿਕ ਹੈ ਅਤੇ ਉਸ ਦੀ ਵਾਪਸੀ ਫਲਾਈਟ ਸੀ ਪਰ ਬੀਤੀ ਰਾਤ ਉਹ ਫਗਵਾੜਾ ਤੋਂ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ ਹੈ। ਪੁਲਸ ਵੱਲੋਂ ਉਸ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।
ਥਾਣਾ ਸਿਟੀ ਦੇ ਮੁਖੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਰਮਨੀਕ ਸਿੰਘ (27) ਪੁੱਤਰ ਜਸਪਾਲ ਸਿੰਘ ਵਜੋਂ ਹੋਈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਕੈਨੇਡਾ ਤੋਂ ਛੁੱਟੀਆਂ ਆਪਣੇ ਘਰ ਆਇਆ ਸੀ ਅਤੇ ਵਾਪਸ ਜਾਣ ਤੋਂ ਪਹਿਲਾਂ ਨੇੜੇ ਰਹਿੰਦੀ ਦਾਦੀ ਨੂੰ ਤਕਰੀਬਨ 7 ਵਜੇ ਮਿਲਣ ਗਿਆ ਪਰ ਵਾਪਸ ਨਹੀਂ ਮੁੜਿਆ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਦੇਖਿਆ ਕਿ ਉਹ ਤਕਰੀਬਨ 7.18 ਵਜੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਰਿਹਾ ਸੀ ਅਤੇ ਇਸ ਤੋਂ ਬਾਅਦ ਉਸ ਬਾਰੇ ਕੋਈ ਹੋਰ ਫੁਟੇਜ ਨਹੀਂ ਮਿਲੀ।
ਰਮਨੀਕ ਸਿੰਘ ਆਪਣਾ ਮੋਬਾਇਲ, ਪਾਸਪੋਰਟ ਅਤੇ ਟਿਕਟ ਵੀ ਘਰ ਛੱਡ ਕੇ ਗਿਆ ਹੈ। ਉਸ ਦਾ ਮੋਬਾਇਲ ਦੇਖਣ 'ਤੇ ਪਤਾ ਲੱਗਾ ਕਿ ਉਸ ਨੇ ਆਖਰੀ ਵਾਰ ਆਪਣੀ ਮੰਗੇਤਰ ਨਾਲ ਗੱਲ ਕੀਤੀ ਸੀ। ਫਿਲਹਾਲ ਨੌਜਵਾਨ ਦੀ ਭਾਲ ਜਾਰੀ ਹੈ।