ਢੱਡਰੀਆਂ ਵਾਲਿਆ ਦੀਆਂ ਵਧੀਆਂ ਮੁਸ਼ਕਲਾਂ, ਮਾਣਹਾਨੀ ਦਾ ਕੇਸ ਦਰਜ (ਵੀਡੀਓ)
Monday, Sep 09, 2019 - 06:12 PM (IST)
ਫਤਿਹਗੜ੍ਹ ਸਾਹਿਬ (ਬਿਪਨ ਬੀਜਾ) - ਹਮੇਸ਼ਾ ਕਿਸੇ ਨਾ ਕਿਸੇ ਗੱਲ ਤੋਂ ਸੁਰਖੀਆਂ 'ਚ ਰਹਿਣ ਵਾਲੇ ਸਿੱਖ ਧਰਮ ਦੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆ ਦੀਆਂ ਮੁਸ਼ਕਲਾਂ ਹੁਣ ਵਧਣ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਢੱਡਰੀਆਂ ਵਾਲਿਆ ਦੇ ਖਿਲਾਫ ਫਤਿਹਗੜ੍ਹ ਸਾਹਿਬ ਦੀ ਇਕ ਅਦਾਲਤ 'ਚ ਮਾਣਹਾਨੀ ਦਾ ਮੁਕੱਦਮਾ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਮੁਕੱਦਮਾ ਸ਼੍ਰੋਮਣੀ ਕਮੇਟੀ ਤੇ ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਦਰਜ ਕਰਵਾਇਆ ਗਿਆ ਹੈ।
ਪੱਤਰਕਾਰਾਂ ਨੂੰ ਮੁਕੱਦਮੇ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਰੰਧਾਵਾ ਦੇ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਢੱਡਰੀਆਂ ਵਾਲਿਆ ਨੇ ਸੰਗਤ ਦੇ ਸਾਹਮਣੇ ਜੋ ਸ਼ਬਦ ਬੋਲੇ ਹਨ, ਉਸ ਨਾਲ ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਗਏ ਹਨ। ਗੁਰਪ੍ਰੀਤ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਢੱਡਰੀਆ ਵਾਲਿਆ ਨੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਰੰਧਾਵਾ ਖਿਲਾਫ ਭੱਦੀਆਂ ਟਿੱਪਣੀਆਂ ਕੀਤੀਆਂ ਹਨ, ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ ਅਤੇ ਸਿੱਖ ਸੰਗਤਾਂ ਦਾ ਮਨ ਵੀ ਬਹੁਤ ਦੁਖੀ ਹੋਇਆ ਹੈ।