ਬ੍ਰਹਮਪੁਰਾ ਦੇ ਬਿਆਨ ''ਤੇ ਢੀਂਡਸਾ ਨੇ ਵੱਟੀ ਚੁੱਪ
Saturday, Jul 04, 2020 - 06:29 PM (IST)
ਚੰਡੀਗੜ੍ਹ : ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਲਗਾਏ ਗਏ ਦੋਸ਼ਾਂ 'ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਚੁੱਪ ਵੱਟ ਲਈ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਢੀਂਡਸਾ ਨੇ ਆਖਿਆ ਕਿ ਉਨ੍ਹਾਂ ਦਾ ਮੁੱਖ ਟੀਚਾ ਮਾਂ ਪਾਰਟੀ ਅਕਾਲੀ ਦਲ ਨੂੰ ਬਚਾਉਣਾ ਹੈ। ਜਿਸ ਲਈ ਪੰਜਾਬ ਦੇ ਸਾਰੇ ਹਿਤੈਸ਼ੀਆਂ ਨੂੰ ਇਕ ਮੰਚ 'ਤੇ ਆਉਣਾ ਚਾਹੀਦਾ ਹੈ। ਅਗਲੀ ਰਣਨੀਤੀ ਸੰਬੰਧੀ ਪੁੱਛੇ ਗਏ ਸਵਾਲ 'ਤੇ ਢੀਂਡਸਾ ਨੇ ਆਖਿਆ ਕਿ ਆਉਂਦੀ 7 ਤਰੀਕ ਨੂੰ ਉਹ ਆਪਣੀ ਨਵੀਂ ਪਾਰਟੀ ਦਾ ਫ਼ੈਸਲਾ ਕਰਨਗੇ।
ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ ਰੂਪ ਧਾਰਨ ਕਰਨ ਲੱਗੀ ਗਰਮੀ, ਬਠਿੰਡਾ 'ਚ 3 ਮੌਤਾਂ
ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਜਲਦ ਤੋਂ ਜਲਦ ਕਰਵਾਏ ਜਾਣ ਦੀ ਮੰਗ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਐੱਸ. ਜੀ. ਪੀ. ਸੀ. 'ਤੇ ਇਕੋ ਪਰਿਵਾਰ ਦਾ ਕਬਜ਼ਾ ਹੈ, ਜਿਸ ਤੋਂ ਛੁਟਕਾਰੇ ਲਈ ਜਲਦੀ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਰੈਫਰੈਂਡਮ ਸੰਬੰਧੀ ਪੁੱਛੇ ਸਵਾਲ 'ਤੇ ਢੀਂਡਸਾ ਨੇ ਕਿਹਾ ਕਿ ਪੰਜਾਬ ਨੂੰ ਕਿਸੇ ਰੈਫਰੈਂਡਮ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਰੈਫਰੈਂਡਮ ਕਰਵਾਉਣ ਵਾਲਾ ਗੁਰਪਤਵੰਤ ਸਿੰਘ ਪੰਨੂ ਤਾਂ ਆਪ ਹੀ ਗੁਰਸਿੱਖ ਨਹੀਂ ਹੈ। ਇਸ ਦੇ ਨਾਲ ਹੀ ਨਿੱਤ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੀ ਢੀਂਡਸਾ ਨੇ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਤੇਲ ਕੀਮਤਾਂ 'ਚ ਕਟੌਤੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਦਾ ਕਹਿਰ, ਹੁਣ ਤਕ 25 ਮੁਲਾਜ਼ਮਾਂ ਨੂੰ ਹੋਈ ਮਹਾਮਾਰੀ