ਡੋਲੀ ਵਾਲੀ ਰੇਂਜ ਰੋਵਰ ਨਾਲ ਟੱਕਰ ਤੋਂ ਬਾਅਦ ਲਾੜੇ ਦੇ ਸਾਥੀ ਖੋਹ ਕੇ ਲੈ ਗਏ ਸਕਾਰਪੀਓ, ਥਾਣੇ ਪੁੱਜੀ ਪੂਰੀ ਬਾਰਾਤ
Friday, Dec 03, 2021 - 06:24 PM (IST)
ਫਿਲੌਰ (ਭਾਖੜੀ) : ਲਾੜੇ ਦੇ ਸਾਥੀ ਸਾਕੀ ਡੋਲੀ ਦੀ ਗੱਡੀ ਲਿਜਾਂਦੇ ਸਮੇਂ ਰਸਤੇ ’ਚ ਸਕਾਰਪੀਓ ਗੱਡੀ ਖੋਹ ਕੇ ਲੈ ਗਏ। ਪੀੜਤ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ ’ਤੇ ਦਿੱਤੀ ਤਾਂ ਡੇਢ ਘੰਟੇ ਬਾਅਦ ਹੀ ਪੁਲਸ ਨੇ ਖੋਹੀ ਹੋਈ ਗੱਡੀ ਅਤੇ ਲਾੜੇ ਦੇ ਦੋਵੇਂ ਸਾਥੀ ਫੜ ਕੇ ਥਾਂਣੇ ਲੈਆਂਦੇ। ਜਾਣਕਾਰੀ ਮੁਤਾਬਕ ਬੀਤੇ ਦਿਨ ਪਿੰਡ ਪੁਵਾਦੜਾ ਤੋਂ ਲਾੜਾ ਫੁੱਲਾਂ ਨਾਲ ਸਜਾਈ ਹੋਈ ਰੇਂਜ ਰੋਵਰ ਗੱਡੀ ਵਿਚ ਬੈਠ ਕੇ ਵਿਆਹ ਕਰਵਾਉਣ ਲਈ ਨਿਕਲਿਆ। ਦੇਰ ਰਾਤ ਸਾਢੇ 8 ਵਜੇ ਜਦੋਂ ਉਹ ਵਿਆਹ ਕਰਵਾ ਕੇ ਆਪਣੀ ਲਾੜੀ ਨਾਲ ਪਿੰਡ ਵਾਪਸ ਜਾ ਰਿਹਾ ਸੀ ਤਾਂ ਸਥਾਨਕ ਸ਼ਹਿਰ ਨੇੜੇ ਪੁੱਜਦੇ ਹੀ ਲਾੜੇ ਦੀ ਰੇਂਜ ਰੋਵਰ ਗੱਡੀ ਦੀ ਮਾਮੂਲੀ ਜਿਹੀ ਟੱਕਰ ਜਸਪ੍ਰੀਤ ਸਿੰਘ ਦੀ ਸਕਾਰਪੀਓ ਗੱਡੀ ਪੀ. ਬੀ. 08 ਈ.ਸੀ. 5793 ਨਾਲ ਹੋ ਗਈ, ਜਿਸ ਨਾਲ ਲਾੜੇ ਦੀ ਮਹਿੰਗੀ ਕਾਰ ’ਤੇ ਮਾਮੂਲੀ ਜਿਹੀ ਝਰੀਟ ਲੱਗ ਗਈ ਤਾਂ ਉਸੇ ਸਮੇਂ ਤੁਰੰਤ ਉਸ ਗੱਡੀ ਨੂੰ ਚਲਾ ਰਿਹਾ ਚਾਲਕ ਮੱਖਣ ਸਿੰਘ ਅਤੇ ਰਾਜੂ ਉਸ ’ਚੋਂ ਬਾਹਰ ਨਿਕਲੇ। ਪਹਿਲਾਂ ਤਾਂ ਉਨ੍ਹਾਂ ਨੇ ਸਕਾਰਪੀਓ ਚਾਲਕ ਜਸਪ੍ਰੀਤ ਨੂੰ ਗਲ਼ਤ ਬੋਲਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਉਹ ਜਸਪ੍ਰੀਤ ਤੋਂ ਸਕਾਰਪੀਓ ਦੀ ਚਾਬੀ ਫੜ ਕੇ ਜ਼ਬਰਨ ਖੋਹ ਕੇ ਆਪਣੇ ਨਾਲ ਲੈ ਗਏ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨਾਲ ਕਲੇਸ਼ ਦਰਮਿਆਨ ਸੁਨੀਲ ਜਾਖੜ ਦਾ ਧਮਾਕੇਦਾਰ ਟਵੀਟ, ਆਖੀ ਵੱਡੀ ਗੱਲ
ਉਨ੍ਹਾਂ ਦੇ ਜਾਣ ਤੋਂ ਬਾਅਦ ਜਸਪ੍ਰੀਤ ਨੇ ਪੁਲਸ ਕੰਟਰੋਲ ਰੂਮ ਵਿਚ ਗੱਡੀ ਖੋਹੇ ਜਾਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੂਰੇ ਸਬ-ਡਵੀਜ਼ਨ ਦੀ ਪੁਲਸ ਅਲਰਟ ਹੋ ਗਈ। ਤੁਰੰਤ ਘਟਨਾ ਸਥਾਨ ’ਤੇ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਜਸਪ੍ਰੀਤ ਤੋਂ ਜਾਣਕਾਰੀ ਲੈ ਕੇ ਜਿਸ ਪਾਸੇ ਦੋਵੇਂ ਗੱਡੀਆਂ ਗਈਆਂ ਸਨ, ਉਸ ਰਸਤੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਦੇ ਹੋਏ ਉਹ ਲਾੜੇ ਦੇ ਪਿੰਡ ਪੁਵਾਦੜਾ ਪੁੱਜ ਗਏ, ਜਿੱਥੇ ਉਨ੍ਹਾਂ ਨੂੰ ਵਿਆਹ ਵਾਲੇ ਘਰ ਵਿਚ ਖੜ੍ਹੀ ਖੋਹੀ ਗਈ ਸਕਾਰਪੀਓ ਗੱਡੀ ਮਿਲ ਗਈ।
ਇਹ ਵੀ ਪੜ੍ਹੋ : ਸਿੱਖਿਆ ਦੇ ਮਾਮਲੇ ’ਤੇ ਵਧਿਆ ਵਿਵਾਦ, ਮਨੀਸ਼ ਸਿਸੋਦੀਆ ਦਾ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਕੂਲਾਂ ’ਚ ਛਾਪਾ
ਪੁਲਸ ਨੇ ਗੱਡੀ ਬਰਾਮਦ ਕਰਕੇ ਦੋਵੇਂ ਨੌਜਵਾਨਾਂ ਮੱਖਣ ਅਤੇ ਰਾਜੂ ਨੂੰ ਫੜ ਕੇ ਦੇਰ ਰਾਤ ਥਾਣੇ ਲੈ ਆਂਦਾ। ਉਸ ਤੋਂ ਬਾਅਦ ਸਾਰੇ ਬਾਰਾਤੀ ਉਨ੍ਹਾਂ ਦਾ ਬਚਾਅ ਕਰਨ ਥਾਣੇ ਪੁੱਜਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਜਾ ਕੇ ਘਟਨਾ ਤੋਂ ਪਰਦਾ ਉੱਠਿਆ ਕਿ ਲਾੜੇ ਦੀ ਲਗਜ਼ਰੀ ਗੱਡੀ ਨਾਲ ਮਾਮੂਲੀ ਜਿਹੀ ਟੱਕਰ ਹੋਣ ਤੋਂ ਬਾਅਦ ਉਹ ਜਸਪ੍ਰੀਤ ਦੀ ਗੱਡੀ ਖੋਹ ਕੇ ਲੈ ਗਏ। ਇਸ ਵਿਚ ਉਨ੍ਹਾਂ ਦੀ ਕੋਈ ਲੁੱਟ ਦੀ ਮਨਸ਼ਾ ਨਹੀਂ ਸੀ। ਉਕਤ ਵਿਅਕਤੀਆਂ ਨੇ ਜਸਪ੍ਰੀਤ ਨੂੰ ਵੀ ਗਲਤੀ ਦਾ ਅਹਿਸਾਸ ਕਰਵਾਇਆ। ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਵਿਆਹ ਦਾ ਸਮਾਗਮ ਖਰਾਬ ਨਾ ਹੋਵੇ ਤਾਂ ਸਵੇਰ ਹੁੰਦੇ ਹੀ ਜਸਪ੍ਰੀਤ ਨੇ ਵੀ ਸ਼ਿਕਾਇਤ ਵਾਪਸ ਲੈ ਲਈ। ਥਾਣਾ ਮੁਖੀ ਨੇ ਕਿਹਾ ਕਿ ਜਸਪ੍ਰੀਤ ਵੱਲੋਂ ਸ਼ਿਕਾਇਤ ਵਾਪਸ ਲੈਣ ਕਾਰਨ ਉਨ੍ਹਾਂ ਨੂੰ ਲਾੜੇ ਦੇ ਸਾਥੀਆਂ ਨੂੰ ਛੱਡਣਾ ਪਿਆ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਵੱਲੋਂ ਸਰਕਾਰੀ ਕਾਲਜਾਂ ਲਈ ‘ਮੁੱਖ ਮੰਤਰੀ ਵਜ਼ੀਫਾ ਸਕੀਮ’ ਲਾਗੂ ਕਰਨ ਨੂੰ ਪ੍ਰਵਾਨਗੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?