ਭਾਜਪਾ ਸਿਰਫ ਹਿੰਦੂਆਂ ''ਤੇ ਰਾਜਨੀਤੀ ਕਰਦੀ ਹੈ, ਆਬਾਦੀ ਅਨੁਸਾਰ ਮਿਲੇ ਹੱਕ : ਰਾਣਾ ਕੇ. ਪੀ.

09/18/2019 1:52:51 PM

ਜਲੰਧਰ (ਧਵਨ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਹੈ ਕਿ ਰਾਜ 'ਚ ਹਿੰਦੂਆਂ ਨੂੰ ਆਬਾਦੀ ਮੁਤਾਬਕ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ, ਜਿਸ ਨਾਲ ਪਾਰਟੀ ਰਾਜ 'ਚ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਵੇ। ਵਿਧਾਨ ਸਭਾ ਦੇ ਸਪੀਕਰ ਨੇ ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਿੰਦੂ ਨੂੰ ਕਦੇ ਵੀ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ।  | ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼ਹਿਰਾਂ 'ਚ ਹਿੰਦੂ ਵਰਗ ਕਾਂਗਰਸ ਤੋਂ ਦੂਰ ਹੋਇਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੁਦ ਇਸ ਦਾ ਜ਼ਿਕਰ ਚੋਣ ਨਤੀਜੇ ਆਉਣ ਤੋਂ ਬਾਅਦ ਆਪਣੇ ਬਿਆਨ 'ਚ ਕੀਤਾ ਸੀ। |

ਰਾਣਾ ਕੇ. ਪੀ. ਨੇ ਕਿਹਾ ਕਿ ਹਿੰਦੂ ਜਦੋਂ ਵੀ ਆਪਣੇ ਆਪ ਨੂੰ ਨਜ਼ਰ-ਅੰਦਾਜ਼ ਮਹਿਸੂਸ ਕਰਦਾ ਹੈ ਤਾਂ ਉਹ ਦੂਜੇ ਪਾਸੇ ਚਲੇ ਜਾਂਦਾ ਹੈ। ਇਸੇ ਗੱਲ ਨੂੰ ਪਾਰਟੀ ਨੂੰ ਸਮਝਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੁਨਰਗਠਨ ਦੇ ਬਾਅਦ ਤੋਂ ਹੀ ਸੂਬੇ 'ਚ ਹਿੰਦੂਆਂ ਦੀ ਸਥਿਤੀ ਕਮਜ਼ੋਰ ਹੁੰਦੀ ਚਲੀ ਗਈ। ਰਾਜਸੀ, ਆਰਥਿਕ ਅਤੇ ਸਮਾਜਿਕ ਖੇਤਰਾਂ 'ਚ ਹਿੰਦੂ ਕਮਜ਼ੋਰ ਹੋਇਆ। ਉਨ੍ਹਾਂ ਕਿਹਾ ਕਿ 2017 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ 'ਚ ਜਿਸ ਤਰ੍ਹਾਂ ਨਾਲ ਹਿੰਦੂਆਂ ਨੇ ਕਾਂਗਰਸ ਦਾ ਸਾਥ ਦਿੱਤਾ ਸੀ, ਉਸ ਮਗਰੋਂ ਪਾਰਟੀ ਉਪਰ ਇਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਿੰਦੂਆਂ ਦਾ ਪੂਰਾ ਮਾਣ-ਸਨਮਾਨ ਕਰੇ।|ਰਾਣਾ ਕੇ. ਪੀ. ਨੇ ਕਿਹਾ ਕਿ ਭਾਜਪਾ ਤਾਂ ਸਿਰਫ ਹਿੰਦੂਆਂ 'ਤੇ ਰਾਜਨੀਤੀ ਕਰਨਾ ਜਾਣਦੀ ਹੈ। ਭਾਜਪਾ ਦੇ ਹੱਥਾਂ 'ਚ ਹਿੰਦੂਆਂ ਦੇ ਹਿੱਤ ਕਿਸੇ ਤਰ੍ਹਾਂ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸੰਸਦ ਅਤੇ ਵਿਧਾਨ ਸਭਾ 'ਚ ਅਤੇ ਹੋਰਨਾਂ ਚੁਣੀਆਂ ਹੋਈਆਂ ਸੰਸਥਾਵਾਂ 'ਚ ਹਿੰਦੂਆਂ ਨੂੰ ਵੱਧ ਤੋਂ ਵੱਧ ਨੁਮਾਇੰਦਗੀ ਦੇ ਕੇ ਉਨ੍ਹਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹ।

ਉਨ੍ਹਾਂ ਕਿਹਾ ਕਿ ਭਾਜਪਾ ਤਾਂ ਅਕਾਲੀ ਦਲ ਦੀ ਪਿੱਛਲੱਗੂ ਪਾਰਟੀ ਹੈ। ਰਾਜ 'ਚ ਜਦੋਂ-ਜਦੋਂ ਅਕਾਲੀ ਦਲ-ਭਾਜਪਾ ਗਠਜੋੜ ਦੀਆਂ ਸਰਕਾਰਾਂ ਬਣੀਆਂ ਤਾਂ ਉਨ੍ਹਾਂ ਨੇ ਹਿੰਦੂਆਂ ਨੂੰ ਕਮਜ਼ੋਰ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਹਿੰਦੂਆਂ ਦੇ ਹੱਥਾਂ 'ਚ ਪਾਰਟੀ ਦੀ ਕਮਾਨ ਮੁੜ ਸੌਂਪੀ ਹੈ, ਜੋ ਕਿ ਇਕ ਸਹੀ ਕਦਮ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕਾਂਗਰਸ ਆਪਣੇ ਕਾਰਜਕਾਲ 'ਚ ਹਿੰਦੂਆਂ ਨੂੰ ਹੋਰ ਮਜ਼ਬੂਤੀ ਦੇਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਹਿੰਦੂਆਂ 'ਚ ਰਾਸ਼ਟਰ ਪ੍ਰੇਮ ਦੀ ਭਾਵਨਾ ਸਿਰਫ ਭਾਜਪਾ ਨੇ ਹੀ ਪੈਦਾ ਨਹੀਂ ਕੀਤੀ ਹੈ ਪਰ ਸਦੀਆਂ ਤੋਂ ਹਿੰਦੂਆਂ 'ਚ ਰਾਸ਼ਟਰ ਪ੍ਰੇਮ ਦੀ ਭਾਵਨਾ ਪਾਈ ਜਾਂਦੀ ਰਹੀ ਹੈ |


Anuradha

Content Editor

Related News