ਰਾਹੁਲ ਅਣਜਾਣ ਡਰਾਈਵਰ, ਇਸ ਦੇ ਕੋਲ ਤਾਂ ਡਰਾਈਵਿੰਗ ਦਾ ਲਰਨਿੰਗ ਲਾਇਸੈਂਸ ਵੀ ਨਹੀਂ : ਬਾਦਲ

Friday, May 10, 2019 - 09:32 AM (IST)

ਰਾਹੁਲ ਅਣਜਾਣ ਡਰਾਈਵਰ, ਇਸ ਦੇ ਕੋਲ ਤਾਂ ਡਰਾਈਵਿੰਗ ਦਾ ਲਰਨਿੰਗ ਲਾਇਸੈਂਸ ਵੀ ਨਹੀਂ : ਬਾਦਲ

ਰਾਮਾਂ ਮੰਡੀ (ਪਰਮਜੀਤ) : ਕਾਂਗਰਸ ਪਾਰਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਤੋਪਾਂ ਨਾਲ ਹਮਲਾ ਕਰਵਾਇਆ ਅਤੇ ਦਿੱਲੀ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਘਾ, ਲਾਲੇਆਣਾ ਅਤੇ ਗਾਟਵਾਲੀ ਵਿਖੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈਆਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਬਾਦਲ ਨੇ ਕਿਹਾ ਕਿ ਦੇਸ਼ ਨੂੰ ਨਰਿੰਦਰ ਮੋਦੀ ਵਰਗੇ ਮਜ਼ਬੂਤ ਪ੍ਰਧਾਨ ਮੰਤਰੀ ਦੀ ਲੋੜ ਹੈ, ਉਨ੍ਹਾਂ ਨੇ ਕਿਹਾ ਰਾਹੁਲ ਗਾਂਧੀ ਅਣਜਾਣ ਡਰਾਈਵਰ ਹੈ, ਇਸ ਦੇ ਕੋਲ ਤਾਂ ਡਰਾਈਵਿੰਗ ਦਾ ਲਰਨਿੰਗ ਲਾਇਸੈਂਸ ਵੀ ਨਹੀਂ ਅਤੇ ਕਾਂਗਰਸੀ ਇਸ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਸੁਪਨੇ ਦੇਖ ਰਹੇ ਹਨ। ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਸਿੱਖਾਂ ਤੋਂ ਨਫਰਤ ਕਰਦਾ ਹੈ ਅਤੇ ਪੰਜਾਬ ਵਿਰੋਧੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਪੰਜਾਬ ਵਿਚ ਸਰਕਾਰ ਬਣਾਈ ਅਤੇ ਸਾਡੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਆਟਾ-ਦਾਲ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਨੂੰ ਬੰਦ ਕਰ ਦਿੱਤਾ, ਜਿਸ ਦਾ ਹਿਸਾਬ ਵੋਟਰ 19 ਮਈ ਨੂੰ ਲੈਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਕਿਹਾ ਕਰ ਕੇ ਵਿਖਾਇਆ ਕੈਪਟਨ ਅਮਰਿੰਦਰ ਸਿੰਘ ਵਾਂਗ ਝੂਠੀਆਂ ਸਹੁੰਆਂ ਖਾ ਕੇ ਗੱਪਾਂ ਨਹੀਂ ਮਾਰੀਆਂ। ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਹਲਕੇ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਅਤੇ ਸੈਂਟਰਲ ਯੂਨੀਵਰਸਿਟੀ ਤੇ ਏਮਜ਼ ਵਰਗੇ ਕਈ ਵੱਡੇ ਪਾਜੈਕਟ ਬਠਿੰਡਾ ਵਿਚ ਲਿਆ ਕੇ ਦਿੱਤੇ। ਇਸ ਸਮੇਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਮੋਹਨ ਸਿੰਘ ਬੰਗੀ ਸ਼੍ਰੋਮਣੀ ਕਮੇਟੀ ਮੈਂਬਰ, ਡਾ. ਓਮ ਪ੍ਰਕਾਸ਼ ਸ਼ਰਮਾ ਜ਼ਿਲਾ ਪ੍ਰੈੱਸ ਸਕੱਤਰ ਆਦਿ ਹਾਜ਼ਰ ਸਨ।


author

Baljeet Kaur

Content Editor

Related News