ਇਸ ਵਾਰ ਫਿਰ ਰਾਮਲੀਲਾ ਤੇ ਦੁਸਹਿਰੇ ''ਤੇ ਸੰਕਟ

09/08/2017 8:13:00 AM

ਚੰਡੀਗੜ੍ਹ  (ਨੀਰਜ ਅਧਿਕਾਰੀ) - ਸ਼ਹਿਰ 'ਚ ਰਾਮਲੀਲਾ ਤੇ ਦੁਸਹਿਰੇ ਦੇ ਆਯੋਜਨ ਪ੍ਰਤੀ ਪ੍ਰਸ਼ਾਸਨ ਤੇ ਨਗਰ ਨਿਗਮ ਦਾ ਰਵੱਈਆ ਅਜਿਹਾ ਹੈ ਕਿ ਰਾਮਲੀਲਾ ਤੇ ਦੁਸਹਿਰਾ ਕਮੇਟੀਆਂ ਨੂੰ ਹਰ ਸਾਲ ਅਫਸਰਾਂ ਦੇ ਚੱਕਰ ਲਾਉਣੇ ਪੈਂਦੇ ਹਨ। ਸ਼ਹਿਰ 'ਚ ਇਸ ਵਾਰ ਫਿਰ ਰਾਮਲੀਲਾ ਤੇ ਦੁਸਹਿਰੇ ਦੇ ਆਯੋਜਨ 'ਤੇ ਸੰਕਟ ਖੜ੍ਹਾ ਹੋ ਗਿਆ ਹੈ। ਪ੍ਰਸ਼ਾਸਨ ਤੇ ਨਗਰ ਨਿਗਮ ਨੇ ਅਜੇ ਤਕ ਕਿਸੇ ਵੀ ਰਾਮਲੀਲਾ ਤੇ ਦੁਸਹਿਰੇ ਲਈ ਇਜਾਜ਼ਤ ਨਹੀਂ ਦਿੱਤੀ ਹੈ। ਇਕ ਮਹੀਨੇ ਤੋਂ ਅਰਜ਼ੀਆਂ ਐੱਸ. ਡੀ. ਐੱਮ. ਤੇ ਨਗਰ ਨਿਗਮ 'ਚ ਪੈਂਡਿੰਗ ਪਈਆਂ ਹਨ ਪਰ ਸੰਬੰਧਿਤ ਵਿਭਾਗਾਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਨ ਇਜਾਜ਼ਤ ਅਟਕੀ ਪਈ ਹੈ। ਇਸ ਤਰ੍ਹਾਂ ਚੰਡੀਗੜ੍ਹ ਕੇਂਦਰੀ ਰਾਮਲੀਲਾ ਮਹਾਸਭਾ ਨੂੰ ਫਿਰ ਕਹਿਣਾ ਪਿਆ ਹੈ ਕਿ ਜੇ 11 ਸਤੰਬਰ ਤਕ ਇਜਾਜ਼ਤ ਨਾ ਮਿਲੀ ਤਾਂ ਸ਼ਹਿਰ 'ਚ ਰਾਮਲੀਲਾ ਤੇ ਦੁਸਹਿਰੇ ਦਾ ਆਯੋਜਨ ਮੁਸ਼ਕਿਲ ਹੋ ਜਾਵੇਗਾ।
ਪਿਛਲੇ ਸਾਲ ਬਦਲਿਆ ਸਿਸਟਮ
ਸ਼ਹਿਰ 'ਚ ਹਰ ਸਾਲ ਲਗਭਗ 45 ਥਾਵਾਂ 'ਤੇ ਰਾਮਲੀਲਾ ਤੇ 30 'ਤੇ ਦੁਸਹਿਰੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਲਈ ਹਰ ਸਾਲ ਕਮੇਟੀਆਂ ਨੂੰ ਇਜਾਜ਼ਤ ਲੈਣੀ ਪੈਂਦੀ ਹੈ। ਦੋ ਸਾਲ ਪਹਿਲਾਂ ਤਕ ਸਿਸਟਮ ਸੀ ਕਿ ਸਾਰੀਆਂ ਕਮੇਟੀਆਂ ਡੀ. ਸੀ. ਦਫ਼ਤਰ 'ਚ ਇਜਾਜ਼ਤ ਲੈਣ ਲਈ ਅਰਜ਼ੀਆਂ ਦਿੰਦੀਆਂ ਸਨ ਤੇ ਡੀ. ਸੀ. ਦਫ਼ਤਰ ਤੋਂ ਹੀ ਸਾਰੀਆਂ ਸ਼ਰਤਾਂ ਪੂਰੀਆਂ ਕਰ ਕੇ ਇਜਾਜ਼ਤ ਦੇ ਦਿੱਤੀ ਜਾਂਦੀ ਸੀ ਪਰ ਪਿਛਲੇ ਸਾਲ ਤੋਂ ਇਸ ਲਈ ਐੱਸ. ਡੀ. ਐੱਮ. (ਈਸਟ), ਐੱਸ. ਡੀ. ਐੱਮ. (ਸਾਊਥ) ਤੇ ਐੱਸ. ਡੀ. ਐੱਮ. (ਸੈਂਟਰਲ) ਨੂੰ ਆਥੋਰਾਈਜ਼ਡ ਕਰ ਦਿੱਤਾ ਗਿਆ ਹੈ। ਹੁਣ ਜਿਹੜੇ ਐੱਸ. ਡੀ. ਐੱਮ. ਦੇ ਖੇਤਰ 'ਚ ਜਿਸ ਨੇ ਰਾਮਲੀਲ ਤੇ ਦੁਸਹਿਰੇ ਦਾ ਆਯੋਜਨ ਕਰਨਾ ਹੈ, ਉਸੇ ਐੱਸ. ਡੀ. ਐੱਮ. ਦੇ ਦਫ਼ਤਰ 'ਚ ਇਜਾਜ਼ਤ ਲਈ ਅਪਲਾਈ ਕਰਨਾ ਪੈਂਦਾ ਹੈ।
ਪ੍ਰਸ਼ਾਸਨ ਨੇ ਰਾਮਲੀਲਾ ਤੇ ਦੁਸਹਿਰੇ ਦੀ ਇਜਾਜ਼ਤ ਲਈ ਇਸ ਵਾਰ ਸਿਸਟਮ ਫਿਰ ਬਦਲ ਦਿੱਤਾ ਹੈ। ਪਹਿਲਾਂ ਇਜਾਜ਼ਤ ਲਈ ਅਪਲਾਈ ਕਰਨ ਤੋਂ ਬਾਅਦ ਡੀ. ਸੀ. ਦਫ਼ਤਰ ਤੋਂ ਹੀ ਗਰਾਂਊਂਡ ਕਲੀਅਰੈਂਸ ਲਈ ਨਗਰ ਨਿਗਮ ਨੂੰ ਫਾਇਰ ਵਿਭਾਗ ਨੂੰ, ਸੁਰੱਖਿਆ ਲਈ ਪੁਲਸ ਵਿਭਾਗ ਆਦਿ ਸਾਰੇ ਵਿਭਾਗਾਂ ਨੂੰ ਪੱਤਰ ਲਿਖੇ ਜਾਂਦੇ ਸਨ ਪਰ ਇਸ ਵਾਰ ਡੀ. ਸੀ. ਦਫ਼ਤਰ ਨੂੰ ਕਿਹਾ ਗਿਆ ਹੈ ਕਿ ਪਹਿਲਾਂ ਨਗਰ ਨਿਗਮ ਤੋਂ ਗਰਾਊਂਡ ਕਲੀਅਰੈਂਸ ਲਿਆਉਣੀ ਹੋਵੇਗੀ, ਉਦੋਂ ਹੀ ਐੱਸ. ਡੀ. ਐੱਮ. ਇਜਾਤ ਦੇਣਗੇ। ਹਾਲਤ ਇਹ ਹੈ ਕਿ ਸ਼ਹਿਰ ਦੀਆਂ ਲਗਭਗ 45 ਰਾਮਲੀਲਾ ਕਮੇਟੀਆਂ ਨੂੰ ਇਕ ਮਹੀਨਾ ਪਹਿਲਾਂ ਅਪਲਾਈ ਕਰਨ ਦੇ ਬਾਵਜੂਦ ਹੁਣ ਤਕ ਇਜਾਜ਼ਤ ਨਹੀਂ ਮਿਲੀ ਹੈ।
ਪ੍ਰੇਸ਼ਾਨ ਕਰ ਰਹੇ ਹਨ ਕਰਮਚਾਰੀ
ਚੰਡੀਗੜ੍ਹ ਕੇਂਦਰੀ ਰਾਮਲੀਲਾ ਮਹਾਸਭਾ ਦੇ ਜਨਰਲ ਸਕੱਤਰ ਭਗਵਤੀ ਪ੍ਰਸਾਦ ਗੌੜ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਇਨ੍ਹਾਂ ਪ੍ਰੋਗਰਾਮਾਂ ਲਈ ਕਈ ਸ਼ਰਤਾਂ ਲਾਈਆਂ ਹਨ। ਅਸੀਂ ਇਨ੍ਹਾਂ ਨੂੰ ਵੀ ਪੂਰਾ ਕਰਨ ਲਈ ਤਿਆਰ ਹਾਂ ਤੇ ਆਪਣੇ ਅਹੁਦੇਦਾਰਾਂ ਦੇ ਨਾਲ ਨਗਰ ਨਿਗਮ ਤੇ ਐੱਸ. ਡੀ. ਐੱਮ. ਦਫ਼ਤਰ ਦੇ ਰੋਜ਼ਾਨਾ ਚੱਕਰ ਲਾ ਰਹੇ ਹਨ ਪਰ ਸੰਬੰਧਿਤ ਕਰਮਚਾਰੀ ਕਹਿੰਦੇ ਹਨ ਕਿ ਪਹਿਲਾਂ ਬਾਕੀ ਵਿਭਾਗਾਂ ਤੋਂ ਕਲੀਅਰੈਂਸ ਲੈ ਕੇ ਆਓ। ਉਨ੍ਹਾਂ ਵਿਭਾਗਾਂ 'ਚ ਜਾਂਦੇ ਹਾਂ ਤਾਂ ਉਥੇ ਵੀ ਕਰਮਚਾਰੀ ਟਾਲ-ਮਟੋਲ ਕਰ ਰਹੇ ਹਨ। ਗੌੜ ਦਾ ਕਹਿਣਾ ਹੈ ਕਿ ਪਹਿਲਾਂ ਡੀ. ਸੀ. ਦਫ਼ਤਰ ਖੁਦ ਸੰਬੰਧਿਤ ਵਿਭਾਗਾਂ ਨੂੰ ਪੱਤਰ ਭੇਜ ਕੇ ਉਨ੍ਹਾਂ ਦੀ ਕਲੀਅਰੈਂਸ ਮੰਗ ਲੈਂਦਾ ਸੀ। ਹੁਣ ਰਾਮਲੀਲਾ ਤੇ ਦੁਸਹਿਰੇ ਵਰਗੇ ਧਾਰਮਿਕ ਪ੍ਰੋਗਰਾਮਾਂ ਦੀ ਇਜਾਜ਼ਤ ਲਈ ਦਫਤਰਾਂ 'ਚ ਧੱਕੇ ਖਾਣੇ ਪੈ ਰਹੇ ਹਨ।
ਮੇਅਰ ਨੇ ਲਾਈ ਕਰਮਚਾਰੀਆਂ ਨੂੰ ਫਿਟਕਾਰ
ਚੰਡੀਗੜ੍ਹ ਕੇਂਦਰੀ ਰਾਮਲੀਲਾ ਮਹਾਸਭਾ ਦੇ ਜਨਰਲ ਸਕੱਤਰ ਭਗਵਤੀ ਪ੍ਰਸਾਦ ਗੌੜ ਦੀ ਅਗਵਾਈ 'ਚ ਅਹੁਦੇਦਾਰ ਅੱਜ ਮੇਅਰ ਆਸ਼ਾ ਜਾਇਸਵਾਲ ਨੂੰ ਮਿਲੇ ਤੇ ਰਾਮਲੀਲਾ ਤੇ ਦੁਸਹਿਰੇ ਦੀ ਅਟਕੀ ਪਈ ਇਜਾਜ਼ਤ ਨੂੰ ਕਲੀਅਰ ਕਰਵਾਉਣ ਦੀ ਮੰਗ ਕੀਤੀ। ਇਸ 'ਤੇ ਮੇਅਰ ਨੇ ਤੁਰੰਤ ਸਾਰੇ ਸੰਬੰਧਿਤ ਕਰਮਚਾਰੀਆਂ ਨੂੰ ਆਪਣੇ ਦਫ਼ਤਰ 'ਚ ਬੁਲਾ ਕੇ ਫਿਟਕਾਰ ਲਾਈ ਤੇ ਇਜਾਜ਼ਤ ਛੇਤੀ ਦੇਣ ਦਾ ਨਿਰਦੇਸ਼ ਦਿੱਤਾ। ਗੌੜ ਅਨੁਸਾਰ ਮੇਅਰ ਨੇ ਸਾਫ਼ ਕਿਹਾ ਕਿ ਪਿਛਲੇ 60 ਸਾਲ ਤੋਂ ਜਿਨ੍ਹਾਂ ਥਾਵਾਂ 'ਤੇ ਰਾਮਲੀਲਾ ਤੇ ਦੁਸਹਿਰੇ ਦਾ ਪ੍ਰੋਗਰਾਮ ਹੁੰਦਾ ਆ ਰਿਹਾ ਹੈ, ਉਥੇ ਹਰ ਵਾਰ ਫਿਜ਼ੀਬਿਲਿਟੀ ਦੀ ਜ਼ਰੂਰਤ ਕਿਉਂ ਪੈਂਦੀ ਹੈ।
ਟੈਂਟ ਤੇ ਪੁਤਲੇ ਬਣਾਉਣ ਵਾਲੇ ਕਾਰੀਗਰ ਤਕ ਨਹੀਂ ਹੋਏ ਬੁੱਕ
ਚੰਡੀਗੜ੍ਹ ਕੇਂਦਰੀ ਰਾਮਲੀਲਾ ਮਹਾਸਭਾ ਦੇ ਚੇਅਰਮੈਨ ਭੁਪਿੰਦਰ ਸ਼ਰਮਾ ਤੇ ਪ੍ਰਧਾਨ ਵਿਕਰਮ ਸਿੰਘ ਬਿਸ਼ਟ ਦਾ ਕਹਿਣਾ ਹੈ ਕਿ ਅਜੇ ਤਕ ਇਜਾਜ਼ਤ ਨਾ ਮਿਲਣ ਕਾਰਨ ਰਾਮਲੀਲਾ ਤੇ ਦਸਹਿਰੇ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਠੱਪ ਪਈਆਂ ਹਨ। ਮੈਦਾਨ ਦੀ ਇਜਾਜ਼ਤ ਨਾ ਹੋਣ ਕਾਰਨ ਟੈਂਟ ਵਾਲੇ ਬੁਕਿੰਗ ਨਹੀਂ ਲੈ ਰਹੇ। ਇਥੋਂ ਤਕ ਕਿ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਬਣਾਉਣ ਵਾਲੇ ਕਾਰੀਗਰ ਵੀ ਬੁਕ ਨਹੀਂ ਹੋ ਸਕੇ ਹਨ। ਜਦੋਂਕਿ 18 ਸਤੰਬਰ ਤੋਂ ਰਾਮਲੀਲਾ ਸ਼ੁਰੂ ਹੋਣੀ ਹੈ। ਰਾਮਲੀਲਾ ਲਈ 12 ਸਤੰਬਰ ਤੋਂ ਮੰਚ ਲਾਉਣੇ ਹਨ। ਪੁਤਲੇ ਬਣਨ 'ਚ ਵੀ ਸਮਾਂ ਲੱਗੇਗਾ। 9 ਤੇ 10 ਸਤੰਬਰ ਨੂੰ ਵਿਭਾਗਾਂ 'ਚ ਛੁੱਟੀ ਹੋਵੇਗੀ। ਭੁਪਿੰਦਰ ਸ਼ਰਮਾ ਤੇ ਭਗਵਤੀ ਪ੍ਰਸਾਦ ਗੌੜ ਦਾ ਕਹਿਣਾ ਹੈ ਕਿ ਇਸ ਹਾਲਤ 'ਚ 11 ਸਤੰਬਰ ਤਕ ਇਜਾਜ਼ਤ ਨਾ ਮਿਲੀ ਤਾਂ ਸ਼ਹਿਰ 'ਚ ਰਾਮਲੀਲਾ ਤੇ ਦੁਸਹਿਰੇ ਦਾ ਆਯੋਜਨ ਮੁਸ਼ਕਿਲ ਹੋ ਜਾਵੇਗਾ। ਇਸ ਸਬੰਧੀ ਜਦੋਂ ਡੀ. ਸੀ. ਅਜੀਤ ਬਾਲਾ ਜੀ ਜੋਸ਼ੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।


Related News