ਰਾਮ ਚੰਦ ਛਾਬੜਾ ਕਤਲ ਕਾਂਡ : ਸਬੂਤ ਮਿਟਾਉਣ ਲਈ ਸਾੜ ਦਿੱਤੀ ਸੀ 75 ਸਾਲਾ ਬਜ਼ੁਰਗ ਦੀ ਲਾਸ਼

Sunday, Oct 07, 2018 - 01:11 PM (IST)

ਜਲੰਧਰ (ਮਹੇਸ਼) - ਸ਼ੀਤਲ ਨਗਰ ਵਾਸੀ ਪਸ਼ੂ ਵਪਾਰੀ ਰਾਮ ਚੰਦ ਛਾਬੜਾ (75) ਪੁੱਤਰ ਟਾਲਾ ਰਾਮ ਛਾਬੜਾ ਦੀ ਪਿੰਡ ਜੌਹਲਾਂ 'ਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਹਤਿਆ ਦੀ ਮੁੱਖ ਮੁਲਜ਼ਮ ਔਰਤ ਰਣਜੀਤ ਕੌਰ ਨੇ ਆਪਣੇ ਸਾਥੀ ਸਸਪੈਂਡ ਪੁਲਸ ਮੁਲਾਜ਼ਮ ਮਨਜਿੰਦਰ ਸਿੰਘ ਨਾਲ ਮਿਲ ਕੇ ਮੰਜੇ 'ਤੇ ਉਸ ਦੀ ਲਾਸ਼ ਰੱਖ ਉਸ ਨੂੰ ਅੱਗ ਲਾ ਦਿੱਤੀ ਸੀ ਤਾਂ ਜੋ ਹੱਤਿਆ ਦਾ ਕੋਈ ਸਬੂਤ ਨਾ ਰਹੇ। ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਰਾਮ ਚੰਦ ਦੀ ਸੜੀ ਲਾਸ਼ ਨੂੰ ਘਰ ਦੀ ਤੀਜੀ ਮੰਜ਼ਿਲ 'ਤੇ ਪਈਆਂ ਇੱਟਾਂ ਪਿੱਛੇ ਲੁਕਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਯੋਜਨਾ ਬਣਾਈ। 

PunjabKesari

ਮ੍ਰਿਤਕ ਦੇ ਭਤੀਜੇ ਕੁਲਦੀਪ ਛਾਬੜਾ ਪੁੱਤਰ ਕਿਸ਼ਨ ਲਾਲ ਦੇ ਬਿਆਨਾਂ 'ਤੇ ਆਈ. ਪੀ. ਸੀ. ਦੀ  ਧਾਰਾ 302 ਤਹਿਤ ਥਾਣਾ ਪਤਾਰਾ 'ਚ ਨਾਮਜ਼ਦ ਕੀਤੇ ਦੋਵੇਂ ਮੁਲਾਜ਼ਮਾਂ ਨੂੰ ਬੀਤੇ ਦਿਨ ਦਿਹਾਤੀ ਪੁਲਸ ਦੇ ਸੀ. ਆਈ. ਏ. ਸਟਾਫ 'ਚ ਲਿਜਾ ਕੇ ਰਾਮ ਚੰਦ ਛਾਬੜਾ ਦੀ ਹੱਤਿਆ ਬਾਰੇ ਪੁੱਛਗਿੱਛ ਕੀਤੀ ਗਈ। ਭਾਵੇਂ ਮੁਲਜ਼ਮ ਔਰਤ ਦੀ ਗ੍ਰਿਫਤਾਰੀ ਦਿਖਾ ਦਿੱਤੀ ਹੈ ਪਰ ਉਸ ਦੇ ਸਾਥੀ ਸਸਪੈਂਡ ਪੁਲਸ ਮੁਲਾਜ਼ਮ ਦੀ ਗ੍ਰਿਫਤਾਰੀ ਅਜੇ ਨਹੀਂ ਦਿਖਾਈ । ਐੱਸ.ਐੱਸ.ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਮ੍ਰਿਤਕ ਦੀ ਸੜੀ ਹੋਈ ਲਾਸ਼ ਰਣਜੀਤ ਕੌਰ ਦੇ ਘਰੋਂ ਬਰਾਮਦ ਕਰ ਲਈ ਹੈ, ਜਿਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਮਾਮਲੇ ਦੀ ਜਾਂਚ ਕਰਨ 'ਤੇ ਮ੍ਰਿਤਕ ਛਾਬੜਾ ਦਾ ਮੋਬਾਇਲ ਅਜੇ ਤੱਕ ਪੁਲਸ ਦੇ ਹੱਥ ਨਹੀਂ ਲੱਗਾ। ਇਸ ਤੋਂ ਇਲਾਵਾ ਕਾਰੋਬਾਰ ਨਾਲ ਸਬੰਧਤ ਇਕ ਡਾਇਰੀ ਜੋ ਹਮੇਸ਼ਾ ਉਨ੍ਹਾਂ ਕੋਲ ਹੁੰਦੀ ਸੀ, ਨਹੀਂ ਮਿਲੀ।  

PunjabKesari
ਥਾਣਾ ਨੰ. 1 'ਚ ਦਰਜ ਕਰਵਾਈ ਸੀ ਗੁੰਮਸ਼ੁਦਗੀ ਦੀ ਸ਼ਿਕਾਇਤ
ਵੀਰਵਾਰ ਦੇਰ ਰਾਤ ਤੱਕ ਰਾਮ ਚੰਦ ਛਾਬੜਾ ਦੇ ਘਰ ਨਾ ਆਉਣ 'ਤੇ ਉਨ੍ਹਾਂ ਦੇ ਪੋਤੇ ਸਾਹਿਲ ਛਾਬੜਾ ਨੇ ਥਾਣਾ ਨੰ. 1 'ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਮੋਬਾਇਲ ਨੰਬਰ ਦੀ ਲੋਕੇਸ਼ਨ ਚੈੱਕ ਕਰਵਾਈ ਪਰ ਵੀਰਵਾਰ ਨੂੰ 2.38 ਵਜੇ ਤੋਂ ਬਾਅਦ ਉਨ੍ਹਾਂ ਦਾ ਮੋਬਾਇਲ ਸਵਿਚ ਆਫ ਹੋ ਗਿਆ ਸੀ। ਜੌਹਲਾਂ ਪਿੰਡ ਦੀ ਲੋਕੇਸ਼ਨ ਮਿਲਣ 'ਤੇ ਮ੍ਰਿਤਕ ਦਾ ਭਤੀਜਾ ਤੇ ਹੋਰ ਪਰਿਵਾਰਕ ਮੈਂਬਰ ਪਿੰਡ ਜੌਹਲਾਂ ਪਹੁੰਚੇ। ਮ੍ਰਿਤਕ ਦੀ ਐਕਟਿਵਾ ਦੇ ਨੰਬਰ ਦੇ ਆਧਾਰ 'ਤੇ ਪੁੱਛਗਿੱਛ ਕਰਨ 'ਤੇ ਉਨ੍ਹਾਂ ਨੂੰ ਇਕ ਕਰਿਆਨਾ ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਇਕ ਘਰ ਦੇ ਬਾਹਰ ਇਸ ਨੰਬਰ ਦੀ ਐਕਟਿਵਾ ਖੜ੍ਹੀ ਵੇਖੀ ਹੈ। ਸੜਕ ਕਿਨਾਰੇ ਐਕਟਿਵਾ ਮਿਲਣ 'ਤੇ ਸਾਫ ਹੋ ਗਿਆ ਕਿ ਉਹ ਇਥੇ ਆਏ ਸਨ। 

ਦੱਸਣਯੋਗ ਹੈ ਕਿ ਹੱਤਿਆ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸਸਪੈਂਡ ਪੁਲਸ ਮੁਲਾਜ਼ਮ ਮਨਜਿੰਦਰ 2012 'ਚ ਬਤੌਰ ਕਾਂਸਟੇਬਲ ਪੰਜਾਬ ਪੁਲਸ 'ਚ ਭਰਤੀ ਹੋਇਆ ਸੀ ਤੇ ਉਸ ਦੀ ਪੋਸਟਿੰਗ ਜ਼ਿਲਾ ਦਿਹਾਤੀ ਪੁਲਸ 'ਚ ਸੀ। ਅਪਰਾਧਿਕ ਮਾਮਲੇ 'ਚ ਕੁਝ ਮਹੀਨੇ ਪਹਿਲਾਂ ਉਸ 'ਤੇ ਕੇਸ ਦਰਜ ਹੋ ਜਾਣ ਕਾਰਨ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਜੋ ਦੁਬਾਰਾ ਆਪਣੀ ਨੌਕਰੀ 'ਤੇ ਬਹਾਲ ਨਹੀਂ ਹੋਇਆ ਅਤੇ ਉਹ ਤਰਨਤਾਰਨ ਦਾ ਰਹਿਣ ਵਾਲਾ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਮੁਲਜ਼ਮ ਵੱਲੋਂ ਰਾਮਚੰਦਰ ਛਾਬੜਾ ਨੂੰ ਮੌਤ ਦੇ ਘਾਟ ਉਤਾਰਨ ਲਈ ਇਸਤੇਮਾਲ ਕੀਤਾ ਗਿਆ ਸਾਮਾਨ ਬਰਾਮਦ ਕਰ ਲਿਆ ਹੈ। ਥਾਣਾ ਪਤਾਰਾ ਦੀ ਪੁਲਸ ਉਕਤ ਮੁਲਾਜ਼ਮਾਂ ਨੂੰ ਐਤਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ ਤਾਂ ਕਿ ਵਾਰਦਾਤ 'ਚ ਜੁੜੇ ਹੋਰ ਪਹਿਲੂਆਂ 'ਤੇ ਪੁੱਛਗਿੱਛ ਕੀਤੀ ਜਾ ਸਕੇ। ਮੁਲਜ਼ਮਾਂ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ।


Related News