ਹਾਲ-ਏ-ਸਰਕਾਰੀ ਰਾਜਿੰਦਰਾ ਹਸਪਤਾਲ 4 ਘੰਟੇ ਸਟ੍ਰੈਚਰ ''ਤੇ ਤੜਪਦਾ ਰਿਹਾ ਜ਼ਖਮੀ
Tuesday, Jul 11, 2017 - 01:33 AM (IST)
ਬਾਰਨ(ਇੰਦਰਪ੍ਰੀਤ)-ਸਰਕਾਰ ਸੂਬੇ ਅੰਦਰ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਬਹੁਤ ਗੰਭੀਰ ਦਿਖਾਈ ਦੇ ਰਹੀ ਹੈ। ਸਿਹਤ ਮੰਤਰੀ ਨਵੀਆਂ ਯੋਜਨਾਵਾਂ ਤਹਿਤ ਸਰਕਾਰੀ ਹਸਪਤਾਲਾਂ ਵਿਚ ਪ੍ਰਾਈਵੇਟ ਹਸਪਤਾਲਾਂ ਵਾਂਗ ਸਹੂਲਤਾਂ ਦੇਣ ਦੀ ਗੱਲ ਆਖ ਰਹੇ ਹਨ। ਜੇਕਰ ਸਰਕਾਰੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਮੰਤਰੀ ਦੇ ਜ਼ਿਲੇ ਅੰਦਰ ਹੀ ਸਿਹਤ ਸਹੂਲਤਾਂ ਦਾ ਬਹੁਤਾ ਮਾੜਾ ਹਾਲ ਹੈ। ਮਰੀਜ਼ਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਡਾਕਟਰਾਂ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹ। ਇਸ ਤਰ੍ਹਾਂ ਦੀ ਮਿਸਾਲ ਅਕਸਰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਵੇਖਣ ਨੂੰ ਮਿਲਦੀ ਹੈ। ਮਰੀਜ਼ ਭਾਵੇਂ ਗੰਭੀਰ ਹਾਲਤ ਵਿਚ ਹੋਵੇ, ਉਸ ਨੂੰ ਡਾਕਟਰਾਂ ਦੇ ਇੰਤਜ਼ਾਰ ਲਈ ਕਈ-ਕਈ ਘੰਟੇ ਤੜਪਣਾ ਪੈਂਦਾ ਹੈ।
ਬੀਤੇ ਦਿਨੀਂ ਵਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜਿੰਦਲਪੁਰ, ਜਿਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ। ਸੜਕ ਹਾਦਸੇ ਦੌਰਾਨ ਉਸ ਦੀ ਲੱਤ ਟੁੱਟ ਗਈ ਸੀ ਅਤੇ ਸਿਰ 'ਚ ਸੱਟ ਲੱਗੀ ਸੀ। ਉਹ ਇਲਾਜ ਲਈ 4 ਘੰਟੇ ਐਮਰਜੈਂਸੀ ਵਾਰਡ ਦੇ ਅੱਗੇ ਸਟੈਚਰ 'ਤੇ ਪਿਆ ਤੜਪਦਾ ਰਿਹਾ ਪਰ ਕੋਈ ਡਾਕਟਰ ਉਸ ਦਾ ਇਲਾਜ ਕਰਨ ਨਹੀਂ ਆਇਆ। ਆਖਰ ਪਰਿਵਾਰਕ ਮੈਂਬਰਾਂ ਨੇ ਰਾਜਨੀਤਕ ਸਿਫਾਰਸ਼ਾਂ ਪੁਆਈਆਂ। ਫਿਰ ਕਿਤੇ ਦਾਖਲ ਕਰ ਕੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ। ਇਸ ਤੋਂ ਇਹ ਸਾਫ ਹੁੰਦਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਵੀ ਸਿਫਾਰਸ਼ 'ਤੇ ਹੀ ਇਲਾਜ ਹੁੰਦਾ ਹੈ। ਜਿਨ੍ਹਾਂ ਦੀ ਕੋਈ ਸਿਫਾਰਸ਼ ਨਹੀਂ, ਉਨ੍ਹਾਂ ਮਰੀਜ਼ਾਂ ਦਾ ਤਾਂ ਰੱਬ ਹੀ ਰਾਖਾ ਹੈ। ਜੇਕਰ ਸਿਹਤ ਮੰਤਰੀ ਦੇ ਜ਼ਿਲੇ ਵਿਚ ਸਰਕਾਰੀ ਹਸਪਤਾਲਾਂ ਦੀ ਇਹ ਹਾਲਤ ਹੈ ਤਾਂ ਬਾਕੀ ਜ਼ਿਲਿਆਂ ਦੇ ਹਸਪਤਾਲਾਂ ਦਾ ਤਾਂ ਰੱਬ ਹੀ ਰਾਖਾ ਹੈ।
