ਅਗਲੇ 24 ਘੰਟੇ ਅਹਿਮ! ਪੰਜਾਬ 'ਚ ਹਨ੍ਹੇਰੀ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ 4 ਜਨਵਰੀ ਤੱਕ ਦਿੱਤੀ ਵੱਡੀ ਚਿਤਾਵਨੀ
Wednesday, Dec 31, 2025 - 06:19 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਸੀਤ ਲਹਿਰ ਨੇ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸਾਲ ਦਾ ਆਖਰੀ ਦਿਨ ਹੈ ਅਤੇ ਨਵੇਂ ਸਾਲ ਦਾ ਸੁਆਗਤ ਪੰਜਾਬ ਵਿਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਵਿਚਾਲੇ ਕੀਤਾ ਜਾਵੇਗਾ। ਜਿੱਥੇ ਆਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਆਉਣ ਵਾਲੇ ਦਿਨਾਂ ਨੂੰ ਲੈ ਕੇ ਉਥੇ ਹੀ ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਲਈ ਅਗਲੇ 24 ਘੰਟੇ ਅਹਿਮ ਮੰਨੇ ਜਾ ਰਹੇ ਹਨ, ਕਿਉਂਕਿ ਇਸ ਦਰਮਿਆਨ ਸੂਬੇ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 4 ਜਨਵਰੀ ਤੱਕ ਪੰਜਾਬ ਦੇ ਮੌਸਮ ਸਬੰਧੀ ਵੱਡੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ 31 ਦਸੰਬਰ ਤੋਂ 4 ਜਨਵਰੀ ਤੱਕ ਸੀਤ ਲਹਿਰ ਅਤੇ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਨ੍ਹੇਰੀ-ਤੂਫ਼ਾਨ ਅਤੇ ਬਿਜਲੀ ਚਮਕਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ : ਦੋਸਤਾਂ ਨਾਲ ਘਰੋਂ ਗਏ ਨੌਜਵਾਨ ਦੀ ਖੇਤਾਂ 'ਚੋਂ ਮਿਲੀ ਲਾਸ਼, ਪਰਿਵਾਰ ਨੇ ਲਾਇਆ ਕਤਲ ਦਾ ਦੋਸ਼

ਪਹਾੜੀ ਇਲਾਕਿਆਂ 'ਚ ਇਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ 4 ਜਨਵਰੀ ਤੱਕ ਮੌਸਮ ਵਿੱਚ ਮਹੱਤਵਪੂਰਨ ਤਬਦੀਲੀਆਂ ਆ ਸਕਦੀਆਂ ਹਨ। ਇਥੇ ਇਹ ਵੀ ਦੱਸ ਦੇਈਏ ਕਿ ਬੁੱਧਵਾਰ ਸਵੇਰੇ ਵੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਛਾਈ ਰਹੀ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ ਕੁਝ ਥਾਵਾਂ 'ਤੇ ਸੰਘਣੀ ਧੁੰਦ ਪੈ ਸਕਦੀ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਵਿੱਚ ਵੱਖ-ਵੱਖ ਥਾਵਾਂ ‘ਤੇ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ RTA ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤ 'ਚ ਮੌਤ, ਬਾਥਰਮ 'ਚੋਂ ਮਿਲੀ ਲਾਸ਼
ਇਸ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਧੁੰਦ ਕਾਰਨ ਡਰਾਈਵਰਾਂ ਨੂੰ ਵਾਧੂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਸੀਤ ਲਹਿਰ ਤੋਂ ਬਚਣ ਲਈ ਬੇਲੋੜੀ ਯਾਤਰਾ ਤੋਂ ਬਚਣ ਅਤੇ ਗਰਮ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ‘ਚ ਵੱਡਾ ਫੇਰਬਦਲ! ਜਲੰਧਰ ਦੇ DCP ਨਰੇਸ਼ ਡੋਗਰਾ ਸਣੇ ਦੋ ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
