ਰਾਜਿੰਦਰਾ ਹਸਪਤਾਲ ’ਚ ‘ਕੋਰੋਨਾ’ ਪੀੜਤ ਦਾ ਇਲਾਜ ਕਰਨ ਵਾਲੇ 5 ਮੁਲਾਜ਼ਮਾਂ ਸਮੇਤ 8 ‘ਆਈਸੋਲੇਟ’
Friday, Apr 03, 2020 - 12:35 PM (IST)
ਪਟਿਆਲਾ (ਜੋਸਨ): ਬੀਤੇ ਦਿਨੀਂ ‘ਕੋਰੋਨਾ’ ਪੀਡ਼ਤ ਲੁਧਿਆਣਾ ਦੀ ਵਸਨੀਕ 42 ਸਾਲਾ ਪੂਜਾ ਦਾ ਰਾਜਿੰਦਰਾ ਹਸਪਤਾਲ ਵਿਚ ਇਲਾਜ ਕਰਨ ਵਾਲੇ ਮੁਲਾਜ਼ਮਾਂ ਨੂੰ ਅੱਜ ‘ਆਈਸੋਲੇਟ’ ਕਰ ਦਿੱਤਾ ਗਿਆ ਹੈ। ਯਾਦ ਰਹੇ ਕਿ ‘ਜਗ ਬਾਣੀ’ ਨੇ ਇਹ ਖਬਰ ਪ੍ਰਮੁੱਖਤਾ ਦੇ ਅਧਾਰ ’ਤੇ ਪ੍ਰਕਾਸ਼ਿਤ ਕੀਤੀ ਸੀ। ਲੁਧਿਆਣਾ ਦੀ ‘ਕੋਰੋਨਾ ਵਾਇਰਸ’ ਪੀੜਤ ਔਰਤ ਐਮਰਜੈਂਸੀ ਵਿਚ ਰਹੀ ਹੈ, ਜਿਸ ਕਾਰਣ ਇਸ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਸਟਾਫ ਲਈ ਵੱਡਾ ਖਤਰਾ ਹੈ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਪੈਨਸ਼ਨਧਾਰਕਾਂ ਲਈ ਚੰਗੀ ਖਬਰ, ਕੈਪਟਨ ਨੇ ਕੀਤਾ ਵੱਡਾ ਐਲਾਨ
ਇਨ੍ਹਾਂ ’ਚੋਂ ਸਭ ਤੋਂ ਪਹਿਲਾਂ ਸਟਾਫ ਨਰਸ ਰਣਦੀਪ ਕੌਰ (ਜਿਸ ਦੀ ਉਸ ਦਿਨ ਐਮਰਜੈਂਸੀ ਰਾਜਿੰਦਰਾ ਹਸਪਤਾਲ ਵਿਚ ਡਿਊਟੀ ਸੀ ਅਤੇ ਉਸ ਨੇ ਹੀ ਉਕਤ ‘ਕੋਰੋਨਾ’ ਪੀਡ਼ਤ ਔਰਤ ਨੂੰ ਬਿਨਾਂ ਕਿੱਟ ਪਾਇਆਂ ਸਭ ਤੋਂ ਪਹਿਲਾਂ ਹੱਥ ਲਾਇਆ ਸੀ) ਨੂੰ ਅੱਜ ਜਦੋਂ ਖਾਂਸੀ ਅਤੇ ਬੁਖਾਰ ਹੋਣ ਦੀ ਸ਼ਿਕਾਇਤ ਮਿਲੀ ਤਾਂ ਤੁਰੰਤ ਉਸ ਨੂੰ ‘ਆਈਸੋਲੇਟ’ ਕਰ ਕੇ 14 ਦਿਨਾਂ ਲਈ ‘ਇਕਾਂਤਵਾਸ’ ਕਰ ਦਿੱਤਾ। ਉਸੇ ਦਿਨ ਡਿਊਟੀ ’ਤੇ ਹਾਜ਼ਰ 3 ਹੋਰ ਸਟਾਫ ਨਰਸਾਂ ਕੁਲਵਿੰਦਰ ਕੌਰ, ਬਲਜਿੰਦਰ ਕੌਰ ਅਤੇ ਤੇਜਿੰਦਰ ਕੌਰ ਜਦਕਿ ਚੌਥਾ ਦਰਜਾ ਕਰਮਚਾਰੀ ਗੁਰਪ੍ਰੀਤ ਸਿੰਘ ਦੇ ਵੀ ਸੈਂਪਲ ਲੈ ਕੇ ਉਨ੍ਹਾਂ ਨੂੰ ਵੀ ਆਈਸੋਲੇਟ ਵਾਰਡ ਵਿਚ ਭੇਜਿਆ ਗਿਆ ਹੈ।ਇਸ ਤੋਂ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਪੈਰਾ-ਮੈਡੀਕਲ ਸਟਾਫ ਸਮੇਤ ਨਰਸਿੰਗ ਸਟਾਫ ਨੇ ਹਾਲ ਹੀ ਵਿਚ ਹਸਪਤਾਲ ਅੰਦਰ ਰੋਸ ਪ੍ਰਦਰਸ਼ਨ ਕਰ ਕੇ ਇਸ ਨਾਮੁਰਾਦ ਬੀਮਾਰੀ ਨਾਲ ਨਜਿੱਠਣ ਸਮੇਂ ਇਕ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਕਿੱਟ ਦੀ ਮੰਗ ਕੀਤੀ ਸੀ। ਇਸ ਸੰਘਰਸ਼ ਦੌਰਾਨ ਹਸਪਤਾਲ ਵਿਚ ਨਰਸਾਂ ਨੇ ਦਾਅਵਾ ਕੀਤਾ ਸੀ ਕਿ ਆਈਸੋਲੇਸ਼ਨ ਵਾਰਡ ਵਿਚ ਕੰਮ ਕਰਨ ਵਾਲੇ ਮੈਡੀਕਲ ਸਟਾਫ ਨੂੰ ਸੁਰੱਖਿਆ ਵਾਲੇ ਉਪਕਰਨ ਮੁਹੱਈਆ ਕੀਤੇ ਜਾ ਰਹੇ ਸਨ ਪਰ ਐਮਰਜੈਂਸੀ ਵਾਰਡ ਵਿਚ ਪੈਰਾ-ਮੈਡੀਕਲ ਸਟਾਫ ਨੂੰ ਕੋਈ ਡਾਕਟਰੀ ਜਾਂ ਸੁਰੱਖਿਆ ਕਿੱਟ ਮੁਹੱਈਆ ਨਹੀਂ ਕਰਵਾਈ ਜਾ ਰਹੀ।
ਇਹ ਵੀ ਪੜ੍ਹੋ: ਕੋਰੋਨਾ ਮੁਸੀਬਤ ’ਚ ਲੋਕਾਂ ਦੀ ਮਦਦ ਲਈ ਅੱਗੇ ਆਏ ਚੀਮਾ ਤੇ ਬਲਬੀਰ, ਮੁੜ ਬਣੇ ਡਾਕਟਰ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੁਧਿਆਣਾ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਈ ‘ਕੋਰੋਨਾ ਵਾਇਰਸ’ ਪੀਡ਼ਤ ਔਰਤ ਦੀ ਮੌਤ ਨੇ ਹਸਪਤਾਲ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਸੀ। ਸਟਾਫ ਨਰਸਾਂ, ਦਰਜਾ ਚਾਰ ਅਤੇ ਐਮਰਜੈਂਸੀ ਸਟਾਫ ਨੂੰ ਵੀ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਤੋਂ ਆਈ ਉਕਤ ਮਰੀਜ਼ ਪਹਿਲਾਂ ਐਮਰਜੈਂਸੀ ਵਾਰਡ ਵਿਚ ਲਿਜਾਈ ਗਈ ਪਰ ਐਮਰਜੈਂਸੀ ਸਟਾਫ ਅਜਿਹੇ ਕੇਸਾਂ ਨੂੰ ਸੰਭਾਲਣ ਲਈ ‘ਆਈਸੋਲੇਟ’ ਨਹੀਂ ਸੀ। ਹਸਪਤਾਲ ਦੀ ਐਮਰਜੈਂਸੀ ਵਿਚ ਅਜਿਹੇ ਪ੍ਰਬੰਧ ਨਹੀਂ ਸਨ। ਮਰੀਜ਼ ਪੂਜਾ ਦੀ ਇਥੇ ਮੌਤ ਹੋ ਗਈ ਸੀ। ਇਸ ਮਾਮਲੇ ਨੂੰ 4 ਦਿਨ ਬੀਤ ਜਾਣ ਬਾਅਦ ਵੀ ਹਸਪਤਾਲ ਪ੍ਰਸ਼ਾਸਨ ਨੇ ਕੋਈ ਪੁਖਤਾ ਪ੍ਰਬੰਧ ਨਹੀਂ ਕੀੇਤੇ ਸਨ। ਔਰਤ ਦਾ ਇਲਾਜ ਕਰਨ ਵਾਲੇ ਸਟਾਫ ਨੂੰ ਅੱਜ ‘ਆਈਸੋਲੇਟ’ ਕਰਨਾ ਪਿਆ।
ਇਹ ਵੀ ਪੜ੍ਹੋ: ਕਰਫਿਊ ਕਾਰਨ ਕਿਸੇ ਵੀ ਹਸਪਤਾਲ ਨੇ ਨਹੀਂ ਖੋਲ੍ਹਿਆ ਬੂਹਾ, ਦਿੱਤਾ ਸੜਕ 'ਤੇ ਬੱਚੇ ਨੂੰ ਜਨਮ
ਪੈਰਾ-ਮੈਡੀਕਲ ਸਟਾਫ਼ ਨੂੰ ਮਿਲੀਆਂ ਕਿੱਟਾਂ: ਅੱਜ ਜਦੋਂ ਹੀ 4 ਸਟਾਫ ਨਰਸਾਂ ਅਤੇ ਇਕ ਚੌਥਾ ਦਰਜਾ ਕਰਮਚਾਰੀ ਨੂੰ ‘ਆਈਸੋਲੇਟ’ ਕਰਨ ਦੀ ਨੌਬਤ ਆਈ ਤਾਂ ਤੁਰੰਤ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ। ਇਨ੍ਹਾਂ ਨੂੰ ‘ਆਈਸੋਲੇਟ’ ਕਰਨ ਤੋਂ ਤੁਰੰਤ ਬਾਅਦ ਮੈਨਜਮੈਂਟ ਨੇ ਪੈਰਾ-ਮੈਡੀਕਲ ਸਟਾਫ ਨੂੰ ਵੀ ਪੀ. ਪੀ. ਏ. ਕਿੱਟਾਂ ਮੁਹੱਈਆ ਕਰਵਾ ਦਿੱਤੀਆਂ। ਨਾਲ ਹੀ ਡਿਊਟੀ ’ਤੇ ਹਾਜ਼ਰ ਸਟਾਫ ਨੂੰ 3 ਸਮੇਂ ਖਾਣਾ, ਚਾਹ, ਗਰਮ ਪਾਣੀ ਅਤੇ ਹੋਰ ਲੋਡ਼ੀਂਦਾ ਸਾਮਾਨ ਵੀ ਮੁਹੱਈਆ ਕਰਵਾ ਦਿੱਤਾ। ਮੈਡੀਕਲ ਸੁਪਰਡੈਂਟ ਡਾ. ਪਾਂਡਵ ਦਾ ਕਹਿਣਾ ਹੈ ਕਿ ਹੁਣ ਐਮਰਜੈਂਸੀ ਵਾਰਡ ਵਿਚ ਆਉਣ ਵਾਲੇ ਹਰ ਮਰੀਜ਼ ਨੂੰ ਪਹਿਲਾਂ ਇਕ ਮਾਹਿਰ ਡਾਕਟਰ ਵੱਲੋਂ ਚੈੱਕ ਕੀਤਾ ਜਾਵੇਗਾ। ਜੇਕਰ ਉਸ ਵਿਚ ‘ਕੋਰੋਨਾ’ ਦੇ ਲੱਛਣ ਨਜ਼ਰ ਆਉਣਗੇ ਤਾਂ ਉਸ ਨੂੰ ਵੱਖਰੇ ਵਾਰਡ ਵਿਚ ਰੱਖਿਆ ਜਾਵੇਗਾ।