ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ 'ਤੇ ਜੇਲ 'ਚ ਹਮਲਾ
Wednesday, Jan 01, 2020 - 02:48 PM (IST)

ਫਰੀਦਕੋਟ (ਜਗਤਾਰ, ਰਾਜਨ)- ਮਾਡਰਨ ਜੇਲ ਦੇ ਹਵਾਲਾਤੀ ਰਜਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਕ੍ਰਿਤੀ ਕਿਸਾਨ ਯੂਨੀਅਨ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਦੀਪ ਸਿੰਘ ਵਾਲਾ, ਜੋ ਮਾਰਡਨ ਜੇਲ 'ਚ ਬੰਦ ਹੈ, 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਕਾਰਨ ਜ਼ਖਮੀ ਹੋਏ ਰਜਿੰਦਰ ਸਿੰਘ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸ ਦੇਈਏ ਕਿ ਰਾਜਿੰਦਰ ਨੇ ਨਿਸ਼ਾਨ ਸਿੰਘ ਨਾਮੀਂ ਨੌਜਵਾਨ ਅਤੇ ਉਸ ਦੇ ਸਾਥੀਆਂ 'ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ। ਸਥਾਨਕ ਥਾਣਾ ਸਿਟੀ ਦੀ ਪੁਲਸ ਨੇ ਰਾਜਿੰਦਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਮੀਤ ਪ੍ਰਧਾਨ ਨੇ ਦੋਸ਼ ਲਾਇਆ ਕਿ ਉਸ ਦੇ ਪਿੰਡ ਦੇ ਗਮਦੂਰ ਸਿੰਘ ਅਲਿਆਸ ਕਾਲਾ ਨੇ ਉਸ ਦੀ ਪਤਨੀ ਜਗਰੂਪ ਕੌਰ ਨੂੰ ਇਹ ਕਿਹਾ ਸੀ ਕਿ ਉਹ ਬਿਆਨ ਕਰਤਾ ਦਾ ਦੁਸ਼ਮਣ ਹੈ। ਹੁਣ ਇਹ ਜੇਲ 'ਚੋਂ ਸਹੀ ਸਲਾਮਤ ਬਾਹਰ ਨਹੀਂ ਆਵੇਗਾ। ਬਿਆਨ ਕਰਤਾ ਅਨੁਸਾਰ ਜਦ ਇਹ ਧਮਕੀ ਉਸ ਦੀ ਪਤਨੀ ਵਲੋਂ ਜਿਨਸੀ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਧਿਆਨ 'ਚ ਲਿਆਂਦੀ ਗਈ ਤਾਂ ਕਮੇਟੀ ਮੈਂਬਰ ਜੇਲ 'ਚ ਸੁਪਰਡੈਂਟ ਨੂੰ ਮਿਲਣ ਆਏ ਸਨ। ਨਾ ਮਿਲਣ ਦੀ ਸੂਰਤ 'ਚ ਕਮੇਟੀ ਮੈਂਬਰ ਇਕ ਪੱਤਰ ਡਿਪਟੀ ਸੁਪਰਡੈਂਟ ਜੇਲ ਗੁਰਜੀਤ ਸਿੰਘ ਬਰਾੜ ਨੂੰ ਦੇ ਗਏ, ਜਿਸ 'ਚ ਉਨ੍ਹਾਂ ਉਸ 'ਤੇ ਹੋਣ ਵਾਲੇ ਹਮਲੇ ਸਬੰਧੀ ਜਾਣਕਾਰੀ ਦਿੱਤੀ ਸੀ।
ਬਿਆਨ ਕਰਤਾ ਅਨੁਸਾਰ ਜਦੋਂ ਉਹ ਜੇਲ ਦੀ ਬੈਰਕ 'ਚ ਬੈਠਾ ਹੋਇਆ ਸੀ ਤਾਂ ਇਕ ਪਛਾਤੇ ਅਤੇ 20 ਦੇ ਕਰੀਬ ਅਣਪਛਾਤਿਆਂ ਨੇ ਦਸਤੀ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਗੁਰਪ੍ਰੀਤ ਸਿੰਘ ਡੀ. ਐੱਸ. ਪੀ. ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।