ਰਾਜਸਥਾਨ ਬਾਰਡਰ ’ਤੇ ਵੰਡੀ ਗਈ ‘627ਵੇਂ ਟਰੱਕ ਦੀ ਰਾਹਤ ਸਮੱਗਰੀ’
Monday, Dec 20, 2021 - 06:47 PM (IST)
ਰਾਜਸਥਾਨ/ਜਲੰਧਰ (ਵਰਿੰਦਰ ਜੈਨ)- ਜੰਮੂ-ਕਸ਼ਮੀਰ ਦੇ ਨਾਲ-ਨਾਲ ਰਾਜਸਥਾਨ ’ਚ ਪਾਕਿਸਤਾਨ ਦੀ ਸਰਹੱਦ ’ਤੇ ਵਸੇ ਪਿੰਡਾਂ ਦੇ ਲੋਕ ਵੀ ਬੇਹੱਦ ਔਖੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਲਈ ‘ਪੰਜਾਬ ਕੇਸਰੀ’ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਬੀਤੇ ਦਿਨੀਂ 627ਵੇਂ ਟਰੱਕ ਦੀ ਰਾਹਤ ਸਮੱਗਰੀ ਰਾਜਸਥਾਨ ਦੇ ਜੈਸਲਮੇਲ ਦੇ ਲੌਂਗੇਵਾਲਾ ਬਾਰਡਰ ’ਤੇ ਵੰਡੀ ਗਈ, ਜੋ ਕਿ ਲੁਧਿਆਣਾ ਦੇ ਰਾਜ ਫੈਬ੍ਰਿਕਸ ਦੇ ਵਿਪਿਨ ਜੈਨ ਅਤੇ ਮਹਾਵੀਰ ਉਦਯੋਗ ਦੇ ਰਾਕੇਸ਼ ਜੈਨ ਨੀਟਾ ਵੱਲੋਂ ਭਿਜਵਾਈ ਗਈ ਸੀ। ਇਸ ਟਰੱਕ ’ਚ 300 ਲੋੜਵੰਦ ਪਰਿਵਾਰਾਂ ਲਈ ਗਰਮ ਕੋਟੀਆਂ ਸਨ।
ਰਾਹਤ ਵੰਡ ਸਮਾਗਮ ਦਾ ਆਯੋਜਨ ਬੀ.ਐੱਸ.ਐੱਫ. ਦੇ ਡੀ. ਆਈ. ਜੀ. ਅਰੁਣ ਸਿੰਘ ਦੀ ਪ੍ਰਧਾਨਗੀ ’ਚ ਕੀਤਾ ਗਿਆ। ਅਰੁਣ ਸਿੰਘ ਨੇ ਕਿਹਾ ਕਿ ਰਾਜਸਥਾਨ ’ਚ ਸਰਹੱਦੀ ਖੇਤਰਾਂ ਦੇ ਲੋਕਾਂ ਦੇ ਕੋਲ ਰੇਤ, ਝਾੜੀਆਂ ਅਤੇ ਬਬੂਲ ਦੇ ਰੁੱਖਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ, ਜਿਸ ਕਾਰਨ ਉਹ ਗਰੀਬੀ ਅਤੇ ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਹਨ। ਉਤੋਂ ਵਿਕਾਸ ਦੀ ਘਾਟ ਨੇ ਵੀ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾ ਰੱਖੀ ਹੈ।
ਇਹ ਵੀ ਪੜ੍ਹੋ: ਜਦੋਂ ਵਿਆਹੁਣ ਆਏ ਲਾੜੇ ਦੇ ਨਾਜਾਇਜ਼ ਸਬੰਧਾਂ ਦਾ ਪ੍ਰੇਮਿਕਾ ਦੇ ਪਤੀ ਨੇ ਖੋਲ੍ਹਿਆ ਭੇਤ, ਹੈਰਾਨ ਕਰੇਗਾ ਪੂਰਾ ਮਾਮਲਾ
ਭਗਵਾਨ ਮਹਾਵੀਰ ਜੈਨ ਸੇਵਾ ਸੰਸਥਾਨ ਦੇ ਮੁਖੀ ਰਾਕੇਸ਼ ਜੈਨ ਅਤੇ ਵਿਪਿਨ ਜੈਨ ਨੇ ਕਿਹਾ ਕਿ ‘ਪੰਜਾਬ ਕੇਸਰੀ’ ਗਰੁੱਪ ਸਰਹੱਦੀ ਖੇਤਰਾਂ ’ਚ ਰਹਿ ਰਹੇ ਲੋਕਾਂ ਦੀ ਮਦਦ ਕਰ ਕੇ ਉਹ ਕੰਮ ਕਰ ਰਿਹਾ ਹੈ, ਅਸਲ ’ਚ ਜੋ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ। ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ‘ਪੰਜਾਬ ਕੇਸਰੀ’ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ’ਚ ਲੁਧਿਆਣਾ ਦੇ ਦਾਨਵੀਰ ਸੱਜਣਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਲਈ ਅਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ।