ਕਸਬਾ ਉਠੀਆਂ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮਿਲੀ ਲਾਸ਼

Saturday, Dec 05, 2020 - 08:36 PM (IST)

ਕਸਬਾ ਉਠੀਆਂ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮਿਲੀ ਲਾਸ਼

ਰਾਜਾਸਾਂਸੀ,(ਰਾਜਵਿੰਦਰ)- ਪੁਲਸ ਥਾਣਾ ਰਾਜਾਸਾਂਸੀ ਨੂੰ ਪਿੰਡ ਉਠੀਆਂ ਦੇ ਖੇਤਾਂ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਅੰਗਰੇਜ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਤੀ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਉਸ ਦੇ ਦੋ ਪੁੱਤਰ ਇੱਕ ਦੀ ਉਮਰ ਸਾਢੇ ਚਾਰ ਸਾਲ ਤੇ ਦੂਜੇ ਦੀ ਉਮਰ ਢਾਈ ਸਾਲ ਹੈ। ਉਸ ਦਾ ਪਤੀ ਕਰੀਬ ਤਿੰਨ-ਚਾਰ ਮਹੀਨਿਆਂ ਬਾਅਦ 29 ਨਵੰਬਰ ਨੂੰ ਸ਼ਾਮ 7 ਵਜੇ ਪਿੰਡ ਉਠੀਆਂ ਆਪਣੇ ਘਰ ਆਇਆ ਸੀ ਅਤੇ ਰਾਤ ਨੂੰ ਘਰੋਂ ਬਾਹਰ ਗਿਆ ਅਤੇ ਵਾਪਸ ਘਰ ਨਹੀਂ ਆਇਆ। ਇਸ ਸਬੰਧੀ ਪੁਲਸ ਥਾਣਾ ਰਾਜਾਸਾਂਸੀ ਨੂੰ ਇਤਲਾਹ ਦਿੱਤੀ ਸੀ ਅਤੇ ਅੱਜ ਇਕ ਹਫਤੇ ਬਾਅਦ ਉਸ ਦੀ ਲਾਸ਼ ਖੇਤਾਂ 'ਚੋਂ ਮਿਲੀ ਹੈ। ਮ੍ਰਿਤਕ ਦੀ ਪਤਨੀ ਤੇ ਪਰਿਵਾਰਿਕ ਮੈਂਬਰਾਂ ਨੇ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਅੰਗਰੇਜ ਸਿੰਘ ਦਾ ਕਿਸੇ ਨੇ ਬੁਰੀ ਤਰ੍ਹਾਂ ਕੁੱਟ ਮਾਰ ਕਰ ਕਤਲ ਕੀਤਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਸਬੰਧੀ ਥਾਣਾ ਮੁਖੀ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਅੰਗਰੇਜ ਸਿੰਘ (35) ਪੁੱਤਰ ਬਗੀਚਾ ਸਿੰਘ ਵਾਸੀ ਉਠੀਆਂ ਦੀ ਪਿੰਡ ਦੇ ਬਾਹਰ ਵਾਰ ਇਕ ਦਰੱਖਤ ਹੇਠੋਂ ਖੇਤਾਂ 'ਚੋਂ ਲਾਸ਼ ਮਿਲੀ ਹੈ ਤੇ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨਾਂ 'ਤੇ ਧਾਰਾ 302 ਅਧੀਨ ਮਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਕਤਲ ਦੀ ਗੁੱਥੀ ਨੂੰ ਜਲਦ ਸੁਲਝਾ ਲਿਆ ਜਾਵੇਗਾ ਤੇ ਦੋਸ਼ੀ ਸੁਲਾਖਾ ਪਿੱਛੇ ਹੋਣਗੇ।


author

Deepak Kumar

Content Editor

Related News