'ਚੰਨੀ ਸਾਬ੍ਹ ਦੀ ਜਿੱਤ ਹੋਈ', ਅਸਤੀਫ਼ੇ ਮਗਰੋਂ ਚੰਨੀ ਤੇ ਪਾਇਲਟ ਬਾਰੇ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ (ਵੀਡੀਓ)

Friday, Oct 02, 2026 - 08:15 PM (IST)

'ਚੰਨੀ ਸਾਬ੍ਹ ਦੀ ਜਿੱਤ ਹੋਈ', ਅਸਤੀਫ਼ੇ ਮਗਰੋਂ ਚੰਨੀ ਤੇ ਪਾਇਲਟ ਬਾਰੇ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ (ਵੀਡੀਓ)

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਪ੍ਰਧਾਨਗੀ ਛੱਡਣ ਮਗਰੋਂ ਆਖ਼ਿਆ ਹੈ ਕਿ 'ਚਰਨਜੀਤ ਸਿੰਘ ਚੰਨੀ ਦੀ ਜਿੱਤ ਹੋ ਗਈ ਹੈ'। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੂੰ ਲੈ ਕੇ ਵੀ ਵੱਡੀਆਂ ਗੱਲਾਂ ਆਖ਼ੀਆਂ ਹਨ। ਦੱਸ ਦਈਏ ਕਿ ਰਾਜਾ ਵੜਿੰਗ ਨੇ ਅੱਜ ਹੀ ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ।

ਨਿਊਜ਼ ਏਜੰਸੀ ਪੀ.ਟੀ.ਆਈ. ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਆਖ਼ਿਆ ਕਿ ਉਨ੍ਹਾਂ ਤੋਂ ਕਿਸੇ ਨੇ ਅਸਤੀਫ਼ਾ ਨਹੀਂ ਮੰਗਿਆ, ਸਗੋਂ ਉਨ੍ਹਾਂ ਨੇ ਆਪ ਹੀ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਫ਼ੀ ਦੇਰ ਤੋਂ ਸਿਆਸਤ ਵਿਚ ਹਨ ਤੇ ਜੋ ਹਾਲਾਤ ਬਣਾਏ ਜਾ ਰਹੇ ਸਨ, ਉਨ੍ਹਾਂ ਦੀ ਸਮਝ ਲੱਗ ਗਈ ਸੀ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਰਟੀ ਕੋਲ ਉਨ੍ਹਾਂ ਬਾਰੇ ਪਿਛਲੇ ਸਾਢੇ ਚਾਰ ਸਾਲਾਂ ਦਾ ਫੀਡਬੈਕ ਸੀ, ਪਰ ਹੋ ਸਕਦਾ ਹੈ ਕਿ ਸਚਿਨ ਪਾਇਲਟ ਨੇ ਪਾਰਟੀ ਨੂੰ ਕੋਈ ਨਵਾਂ ਫੀਡਬੈਕ ਦੇ ਦਿੱਤਾ ਹੋਵੇ ਤੇ ਸ਼ਾਇਦ ਉਨ੍ਹਾਂ ਨੂੰ ਇਹ ਲੱਗਿਆ ਹੋਵੇ ਕਿ ਰਾਜੇ ਦਾ ਪ੍ਰਧਾਨ ਬਣੇ ਰਹਿਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਣਨ ਵਿਚ ਆਇਆ ਹੈ ਕਿ ਸਚਿਨ ਪਾਇਲਟ ਇਹ ਚਾਹੁੰਦੇ ਸਨ ਕਿ ਮੈਂ ਪ੍ਰਧਾਨਗੀ ਤੋਂ ਹੱਟ ਜਾਵਾਂ। ਚੰਨੀ ਸਾਬ੍ਹ ਦੀ ਜਿੱਤ ਹੋ ਗਈ ਹੈ।

ਵੜਿੰਗ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਕਾਫ਼ੀ ਕੰਮ ਕੀਤਾ ਹੈ, ਪੰਜਾਬ ਵਿਚ ਇਸ ਵੇਲੇ ਕਾਂਗਰਸ ਦਾ ਕੈਡਰ ਬਹੁਤ ਮਜ਼ਬੂਤ ਹੈ ਅਤੇ ਬੂਥ ਤੋਂ ਲੈ ਕੇ ਸੂਬਾ ਪੱਧਰ ਤੱਕ ਪੂਰਾ ਸੰਗਠਨਾਤਮਕ ਢਾਂਚਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਕਾਫ਼ੀ ਗੱਲਬਾਤ ਕੀਤੀ ਹੈ, ਪਰ ਉਹ ਇਨ੍ਹਾਂ ਗੱਲਾਂ ਨੂੰ ਕੈਮਰੇ ਮੂਹਰੇ ਨਹੀਂ ਦੱਸਣਾ ਚਾਹੁੰਦੇ।


author

Anmol Tagra

Content Editor

Related News