ਬਰਸਾਤ ਨੇ ਵਿਗਾੜਿਆ ਰਸੋਈ ਦਾ ਬਜਟ
Thursday, Aug 03, 2017 - 12:54 AM (IST)
ਅੰਮ੍ਰਿਤਸਰ, (ਵੜੈਚ/ਸੰਜੀਵ)- ਸਮੇਂ ਸਿਰ ਆਏ ਮਾਨਸੂਨ ਨਾਲ ਸੂਬੇ ਦੇ ਕਿਸਾਨਾਂ ਦੇ ਚਿਹਰੇ ਪੂਰੀ ਤਰ੍ਹਾਂ ਨਾਲ ਖਿੜ ਗਏ ਹਨ। ਉਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਸਬਜ਼ੀਆਂ ਤੇ ਫਲਾਂ ਦੇ ਰੇਟ 7ਵੇਂ ਆਸਮਾਨ ਨੂੰ ਛੂਹ ਰਹੇ ਹਨ। ਸਿਰਫ ਟਮਾਟਰ ਨੇ ਹੀ ਤੜਕੇ ਦੇ ਸੁਆਦ ਨੂੰ ਫਿੱਕਾ ਕਰ ਦਿੱਤਾ ਹੈ। ਔਰਤਾਂ ਵੱਲੋਂ ਹਫਤੇ ਦੀਆਂ ਲਿਆਂਦੀਆਂ ਜਾਣ ਵਾਲੀਆਂ ਸਬਜ਼ੀਆਂ 'ਤੇ ਹੋਣ ਵਾਲਾ ਖਰਚ ਹੁਣ ਦੁੱਗਣਾ ਹੋ ਗਿਆ ਹੈ, ਜਿਸ ਕਾਰਨ ਰੋਟੀ ਦੀ ਥਾਲੀ 'ਚ ਨਾ ਹੀ ਟਮਾਟਰ ਦਿਖਾਈ ਦੇ ਰਿਹਾ ਹੈ, ਨਾ ਹੀ ਖੁਸ਼ਬੂ ਲਈ ਪਾਇਆ ਜਾਣ ਵਾਲਾ ਧਨੀਆ। ਅਦਰਕ ਤੇ ਪਿਆਜ਼ ਦੀ ਖਰੀਦਦਾਰੀ ਰੋਟੀ ਦੇ ਨਾਲ ਖਾਣੇ ਦਾ ਸੁਆਦ ਵਧਾਉਣ ਲਈ ਖਾਧਾ ਜਾਣ ਵਾਲਾ ਸਲਾਦ ਵੱਧ ਚੁੱਕੇ ਰੇਟਾਂ ਵਿਚ ਗੁਆਚ ਗਿਆ ਹੈ। 5 ਤੋਂ 10 ਰੁਪਏ 'ਚ ਵਿਕਣ ਵਾਲੀ ਮੂਲੀ 50 ਰੁਪਏ ਵਿਚ ਲੱਭਣੀ ਪੈ ਰਹੀ ਹੈ। ਖੀਰੇ ਦੇ ਵੀ ਰੇਟ ਆਸਮਾਨ ਨੂੰ ਛੂਹ ਰਹੇ ਹਨ, ਜਿਸ ਕਾਰਨ ਰਸੋਈ ਦੇ ਬਜਟ ਨੂੰ ਸੰਤੁਲਿਤ ਕਰਨ ਲਈ ਔਰਤਾਂ ਮੂਲੀ, ਗਾਜਰ, ਖੀਰੇ ਤੇ ਟਮਾਟਰ ਸਲਾਦ ਵਿਚ ਕੱਟਣ ਤੋਂ ਗੁਰੇਜ਼ ਕਰ ਰਹੀਆਂ ਹਨ। ਸਬਜ਼ੀ ਦੇ ਰੇਟ ਵਧਣ ਉਪਰੰਤ ਲੋਕ ਪਹਿਲਾਂ ਨਾਲੋਂ ਘੱਟ ਸਬਜ਼ੀ ਖਰੀਦ ਕੇ ਸਮਾਂ ਪਾਸ ਕਰ ਰਹੇ ਹਨ।
ਕਮਾਈ ਉਹੀ, ਮਹਿੰਗਾਈ ਦੁੱਗਣੀ : ਸਬਜ਼ੀਆਂ ਦੇ ਵਧੇ ਰੇਟਾਂ ਤੋਂ ਪ੍ਰੇਸ਼ਾਨ ਰੀਟਾ ਸ਼ਰਮਾ, ਗੁਰਕੀਰਤ ਕੌਰ, ਸੀਮਾ ਰਾਣੀ, ਹਰਪ੍ਰੀਤ, ਮਨਪ੍ਰੀਤ, ਅਰਚਨਾ ਤੇ ਸੁਖਵਿੰਦਰ ਕੌਰ ਨੇ ਕਿਹਾ ਕਿ ਦਿਨੋ-ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਦਿੱਤਾ ਹੈ। ਕਮਾਈ ਉਹੀ ਹੈ, ਜਦਕਿ ਮਹਿੰਗਾਈ ਦੁੱਗਣੀ ਹੋ ਗਈ ਹੈ। ਸਬਜ਼ੀਆਂ ਦੇ ਵਧੇ ਰੇਟਾਂ ਕਰ ਕੇ ਰੋਟੀ ਦਾ ਸੁਆਦ ਫਿੱਕਾ ਹੋ ਗਿਆ ਹੈ। ਲੋਕ ਘੱਟ ਸਬਜ਼ੀ ਬਣਾ ਕੇ ਗੁਜ਼ਾਰਾ ਕਰਨ 'ਤੇ ਮਜਬੂਰ ਹੋ ਰਹੇ ਹਨ। ਸਬਜ਼ੀਆਂ ਦੀ ਕਾਸ਼ਤ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਤੇ ਸਹਿਯੋਗ ਕਰਨ ਲਈ ਸਰਕਾਰਾਂ ਨੂੰ ਵਿਸ਼ੇਸ਼ ਕਦਮ ਉਠਾਉਣੇ ਚਾਹੀਦੇ ਹਨ।
ਦੁਬਾਰਾ ਸਬਜ਼ੀ ਮੰਗਣ 'ਤੇ ਰੁਕਦਾ ਹੈ ਹੱਥ : ਸਬਜ਼ੀਆਂ ਦੇ ਰੇਟ ਵਧਣ ਨਾਲ ਢਾਬਿਆਂ, ਰੈਸਟੋਰੈਂਟਾਂ, ਹੋਟਲਾਂ ਦੇ ਮਾਲਕ ਵੀ ਪ੍ਰੇਸ਼ਾਨ ਹਨ। ਥਾਲੀਆਂ ਵਿਚ ਸਬਜ਼ੀਆਂ ਦੀ ਮਾਤਰਾ ਘੱਟ ਰਹੀ ਹੈ। ਸਬਜ਼ੀਆਂ ਦੇ ਰੇਟ ਵਧਣ ਕਰ ਕੇ ਗਾਹਕ ਦੂਜੀ ਵਾਰੀ ਸਬਜ਼ੀ ਮੰਗਣ ਤੋਂ ਖੁਦ ਹੀ ਹਿਚਕਚਾ ਰਹੇ ਹਨ, ਜੇਕਰ ਕੋਈ ਦੁਕਾਨਦਾਰ ਤੋਂ ਸਬਜ਼ੀ ਦੁਬਾਰਾ ਮੰਗ ਲੈਂਦਾ ਹੈ ਤਾਂ ਥਾਲੀ ਵਿਚ ਸਬਜ਼ੀ ਪਾਉਣ ਲੱਗਿਆਂ ਦੁਕਾਨਦਾਰਾਂ ਦੇ ਹੱਥ ਰੁਕ ਰਹੇ ਹਨ।
