ਦੁਕਾਨਦਾਰ ਦੀ ਕੁੱਟਮਾਰ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਖਿਲਾਫ ਥਾਣੇ ਅੱਗੇ ਧਰਨਾ

Wednesday, Sep 16, 2026 - 05:10 PM (IST)

ਦੁਕਾਨਦਾਰ ਦੀ ਕੁੱਟਮਾਰ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਖਿਲਾਫ ਥਾਣੇ ਅੱਗੇ ਧਰਨਾ

ਬਰੇਟਾ (ਬੰਸਲ) : ਪਿਛਲੇ ਦਿਨੀ ਪਿੰਡ ਕੁਲਰੀਆਂ ਵਿਖੇ ਮੋਬਾਈਲਾਂ ਦੀ ਦੁਕਾਨ ਕਰ ਰਹੇ ਨੌਜਵਾਨ ਹਰਬੰਸ ਸਿੰਘ ਵਾਸੀ ਜੁਗਲਾਣ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਦੋਸ਼ੀਆਂ ਦੀ ਹਾਲੇ ਤੱਕ ਗ੍ਰਿਫਤਾਰੀ ਨਾ ਹੋਣ ਕਾਰਨ ਨਾਰਾਜ਼ ਵਪਾਰੀ ਵਰਗ, ਪਿੰਡ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਅੱਜ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਬਰੇਟਾ ਥਾਣੇ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਘਟਨਾ ਨੂੰ ਵਾਪਰਿਆਂ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸ ਤੋਂ ਪੁਲਸ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ।

ਇਸ ਮੌਕੇ ਬੋਲਦਿਆਂ ਆੜ੍ਹਤੀਆਂ ਐਸੋਸੀਏਸ਼ਨ ਦੇ ਆਗੂ ਜਤਿੰਦਰ ਮੋਹਨ ਗਰਗ ਅਤੇ ਕੌਂਸਲਰ ਜੁਗਰਾਜ ਸਿੰਘ ਕਾਲਾ ਨੇ ਕਿਹਾ ਕਿ ਇਲਾਕੇ ਵਿਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਹਨ ਅਤੇ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਗਣੇਸ਼ਵਰ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਜੰਗੀ ਪੱਧਰ 'ਤੇ ਚੱਲ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਂਦਾ ਜਾਵੇਗਾ। 


author

Gurminder Singh

Content Editor

Related News