'ਜੱਟਾ ਤੇਰੀ ਜੂਨ ਬੁਰੀ' ਮੀਂਹ ਤੇ ਗੜੇਮਾਰੀ ਕਾਰਨ 'ਆਲੂਆਂ ਦੇ ਪਏ ਪਟਾਕੇ'

Thursday, Feb 14, 2019 - 11:33 AM (IST)

'ਜੱਟਾ ਤੇਰੀ ਜੂਨ ਬੁਰੀ' ਮੀਂਹ ਤੇ ਗੜੇਮਾਰੀ ਕਾਰਨ 'ਆਲੂਆਂ ਦੇ ਪਏ ਪਟਾਕੇ'

ਅਜੀਤਵਾਲ (ਗੋਪੀ ਰਾਊਕੇ): ਸੂਬੇ 'ਚ ਬੀਤੇ ਦਿਨੀਂ ਪਏ ਮੀਂਹ ਨੇ ਜਿੱਥੇ ਆਮ ਜਨਜੀਵਨ ਨੂੰ ਇਕ ਵਾਰ ਪ੍ਰਭਾਵਿਤ ਕਰ ਕੇ ਰੱਖ ਦਿੱਤਾ, ਉਥੇ ਹੀ ਆਲੂਆਂ ਦੀ ਫਸਲ ਬੀਜਣ ਵਾਲੇ ਕਿਸਾਨਾਂ ਨੂੰ 'ਅੱਖਾਂ 'ਚੋਂ ਹੰਝੂ' ਵਹਾਉਣ ਲਈ ਮਜਬੂਰ ਕਰ ਦਿੱਤਾ ਹੈ। ਕਰਜ਼ੇ ਦੀ ਪੰਡ ਦਾ ਭਾਰ ਹੌਲਾ ਕਰਨ ਲਈ ਕਿਸਾਨ  ਉਮੀਦਾਂ ਨਾਲ ਹਾੜ੍ਹੀ ਤੇ ਸਾਉਣੀ ਦੀ ਫਸਲ ਉਗਾਉਂਦਾ ਹੈ ਪਰ ਜਦੋਂ ਮੁੱਲ ਵੱਟਣ ਦਾ ਵੇਲਾ ਨੇੜੇ ਆਉਂਦਾ ਹੈ ਤਾਂ ਕਦੇ ਫਸਲ ਦਾ ਸਹੀ ਮੁੱਲ ਨਹੀਂ ਮਿਲਦਾ ਤੇ ਕਦੇ ਮੌਸਮ ਦੀ ਖਰਾਬੀ ਜਿਵੇਂ ਕੀ ਹੜ੍ਹ, ਮੀਂਹ ਤੇ ਗੜੇਮਾਰੀ ਕਰ ਕੇ ਫਸਲ ਬਰਬਾਦ ਹੋ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਦੇ ਪੱਲੇ ਨਾਮੋਸ਼ੀ ਹੀ ਪੈਂਦੀ ਹੈ। ਇਸ ਵਾਰ ਮੋਗਾ ਜ਼ਿਲੇ 'ਚ ਵੀ 'ਆਈ ਬਸੰਤ ਪਾਲਾ ਉਡੰਤ' ਦੀ ਕਹਾਵਤ ਨੂੰ ਨਜ਼ਰ ਲੱਗ ਗਈ ਜਾਪ ਰਹੀ ਹੈ। ਬਸੰਤ ਦੇ ਤਿਉਹਾਰ ਉਪਰੰਤ ਜਿੱਥੇ ਪਾਲੇ ਨੇ ਪਾਸਾ ਨਹੀਂ ਵੱਟਿਆ, ਉੱਥੇ ਹੀ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਅਜਿਹੇ ਹੀ ਹਾਲਾਤ ਪੈਦਾ ਹੋ ਗਏ ਹਨ ਮੋਗਾ ਜ਼ਿਲੇ ਦੇ ਪਿੰਡਾਂ ਦੌਧਰ ਗਰਬੀ, ਦੌਧਰ ਸ਼ਰਕੀ, ਮੱਲੇਆਣਾ, ਰਸੂਲਪੁਰ ਆਦਿ 'ਚ, ਜਿੱਥੇ ਕਿ ਕਿਸਾਨਾਂ ਵੱਲੋਂ ਕਾਸ਼ਤ ਕੀਤੀ ਆਲੂਆਂ ਦੀ ਖੇਤੀ ਨੂੰ ਬੀਤੇ ਦਿਨੀਂ ਪਏ ਮੀਂਹ ਨੇ ਤਬਾਹ ਕਰ ਕੇ ਰੱਖ ਦਿੱਤਾ। ਅੱਜ 'ਜਗਬਾਣੀ' ਵੱਲੋਂ ਕੀਤੇ  ਗਏ ਵਿਸ਼ੇਸ਼ ਦੌਰੇ ਦੌਰਾਨ ਆਪਣਾ ਦੁੱਖੜਾ ਰੋਂਦਿਆਂ ਪਿੰਡ ਦੌਧਰ ਸ਼ਰਕੀ ਦੇ ਕਿਸਾਨ ਬਲਵੰਤ ਸਿੰਘ ਨੇ ਦੱਸਿਆ ਕਿ ਪਹਿਲਾਂ ਝੋਨੇ ਦੀ ਫਸਲ ਨੂੰ ਲੈ  ਕੇ ਮੰਡੀਆਂ 'ਚ ਰੁਲਦੇ ਰਹੇ ਤੇ ਪਰਾਲੀ ਨੂੰ ਅੱਗ ਨਾ ਲਾ ਕੇ ਕਿਸਾਨਾਂ ਨੇ ਆਪਣੀ ਜੇਬ 'ਤੇ ਬੋਝ ਪਾਇਆ ਤੇ ਹੁਣ  ਉਮੀਦ ਨਾਲ ਆਲੂਆਂ ਦੀ ਫਸਲ ਬੀਜੀ  ਸੀ ਪਰ ਬੀਤੇ ਦਿਨੀਂ ਮੌਸਮ ਦੀ ਖਰਾਬੀ ਕਾਰਨ ਮੀਂਹ ਤੇ ਗੜੇਮਾਰੀ ਨੇ ਆਲੂਆਂ ਦੀ ਫਸਲ ਤਬਾਹ ਕਰ ਕੇ ਰੱਖ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਿਰਫ ਦੌਧਰ ਸ਼ਰਕੀ ਤੇ ਗਰਬੀ 'ਚ ਹੀ ਕਿਸਾਨਾਂ ਵੱਲੋਂ 5 ਹਜ਼ਾਰ ਏਕੜ ਦੇ ਕਰੀਬ ਕਾਸ਼ਤ ਕੀਤੀ ਗਈ ਆਲੂਆਂ ਦੀ ਫਸਲ ਨੂੰ ਮੀਂਹ ਨੇ ਤਬਾਹ ਕਰ  ਦਿੱਤਾ।

ਮੌਕਾ ਵੇਖਣ ਨਹੀਂ ਆਇਆ ਕੋਈ ਅਧਿਕਾਰੀ
ਪਿੰਡ ਦੌਧਰ ਦੇ ਕਿਸਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਮੀਂਹ ਕਾਰਨ ਗਲੇ ਆਲੂਆਂ ਦੇ ਪਏ ਪਟਾਕਿਆਂ ਨੇ ਕਿਸਾਨਾਂ ਦੀ ਉਮੀਦਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। 50 ਹਜ਼ਾਰ ਰੁਪਏ ਦੇ ਕਰੀਬ ਪ੍ਰਤੀ ਏਕੜ ਖਰਚਾ ਕਰ ਕੇ ਉਗਾਈ ਇਸ ਫਸਲ ਨੂੰ ਅੱਜ ਅਸੀਂ ਮੀਂਹ ਦੀ ਵਜ੍ਹਾ ਨਾਲ ਵਾਹੁਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਿਸੇ ਅਧਿਕਾਰੀ ਨੇ ਹਾਲੇ ਤੱਕ ਸਾਡੇ ਪਿੰਡਾਂ ਦਾ ਮੌਕਾ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਜਿੱਥੇ ਇਸ ਫਸਲ ਦੀ ਬਰਬਾਦੀ ਨਾਲ ਕਿਸਾਨੀ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਆਲੂਆਂ ਦੀ ਪੁਟਾਈ ਤੇ ਉਗਾਈ 'ਚ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਵਾਲੀ ਲੇਬਰ ਵੀ ਹੱਥ 'ਤੇ ਹੱਥ ਧਰ ਕੇ ਬੈਠਣ ਨੂੰ ਮਜਬੂਰ ਹੋ ਗਈ ਹੈ। 

ਮੀਂਹ ਤੋਂ ਬਾਅਦ ਫਸਲ 'ਚੋਂ ਪਾਣੀ ਕੱਢਣ ਦਾ ਨਹੀਂ ਹੋਇਆ ਹੱਲ : ਕਿਸਾਨ ਹਰਦੀਪ ਸਿੰਘ
ਕਿਸਾਨ ਹਰਦੀਪ ਸਿੰਘ ਨੇ ਕਿਹਾ ਕਿ ਆਲੂਆਂ ਦੀ ਫਸਲ ਬਹੁਤ ਘੱਟ ਪਾਣੀ ਨਾਲ ਪੈਦਾ ਹੁੰਦੀ ਹੈ ਪਰ ਮੀਂਹ ਕਾਰਨ ਆਲੂਆਂ ਦੀ ਫਸਲ ਨੂੰ ਪਏ ਹੱਦੋਂ ਵੱਧ ਪਾਣੀ ਨੇ ਆਲੂਆਂ ਨੂੰ ਅੰਦਰੋਂ ਖਤਮ ਕਰ ਕੇ ਰੱਖ ਦਿੱਤਾ ਹੈ। ਮੀਂਹ ਪੈਣ ਉਪਰੰਤ ਕਿਸਾਨਾਂ ਵੱਲੋਂ ਆਪੋ-ਆਪਣੇ ਖੇਤਾਂ 'ਚੋਂ ਪਾਣੀ ਕੱਢਣ ਲਈ ਚਾਰਾਜੋਈ ਕਰਦਿਆਂ ਦਿਨ-ਰਾਤ ਇਕ ਕੀਤਾ ਗਿਆ ਪਰ ਫਿਰ ਵੀ ਕੋਈ ਹੱਲ ਨਹੀਂ  ਹੋਇਆ। ਹਰਦੀਪ ਸਿੰਘ ਨੇ ਕਿਹਾ ਕਿ ਆਲੂਆਂ ਦੀ ਕਾਸ਼ਤ ਲਈ 4-5 ਰੁਪਏ ਪ੍ਰਤੀ ਕਿਲੋ ਖਰਚਾ ਆਉਂਦਾ ਹੈ ਤੇ ਵੱਡੇ ਪੱਧਰ 'ਤੇ ਛੋਟੇ ਕਿਸਾਨਾਂ ਵੱਲੋਂ ਜ਼ਮੀਨਾਂ ਠੇਕੇ 'ਤੇ ਲਈਆਂ ਗਈਆਂ ਹਨ, ਜਿਸ ਕਾਰਨ ਕਿਸਾਨਾਂ 'ਤੇ ਹੋਏ ਇਸ ਕਹਿਰ ਨੇ ਕਿਸਾਨਾਂ ਨੂੰ ਦਬਾ ਕੇ ਰੱਖ ਦਿੱਤਾ ਹੈ।  ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਲੂਆਂ ਦੀ ਫਸਲ ਕਾਰਨ ਤਬਾਹ ਹੋਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ।

ਦਿਲ 'ਤੇ ਪੱਥਰ ਰੱਖ ਕੇ ਫਸਲ ਵਾਹੁਣ ਲਈ ਮਜਬੂਰ ਕਿਸਾਨ
ਪਿੰਡ ਦੌਧਰੀ ਸ਼ਰਕੀ ਦੇ ਕਿਸਾਨ ਹਰਜੰਟ ਸਿੰਘ ਨੇ ਕਿਹਾ ਕਿ ਮੌਸਮ ਦੀ ਖਰਾਬੀ ਕਾਰਨ  ਆਲੂ ਖਰਾਬ ਹੋ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ 5 ਹਜ਼ਾਰ ਏਕੜ ਦੇ ਕਰੀਬ ਖਰਾਬ ਹੋਈ ਫਸਲ ਨੇ  ਉਨ੍ਹਾਂ  ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਪਿੰਡਾਂ ਦਾ ਮੁਆਇਨਾ ਕਰਨ ਲਈ ਕਿਸੇ ਵੀ ਸਰਕਾਰੀ ਵਿਭਾਗੀ ਅਧਿਕਾਰੀ ਨੇ ਆ ਕੇ ਦੁੱਖੜਾ ਸੁਣਨਾ ਜ਼ਰੂਰੀ ਨਹੀਂ ਸਮਝਿਆ। ਮੀਂਹ ਕਾਰਨ ਗਲ  ਚੁੱਕੇ ਆਲੂ ਮੁਸ਼ਕ ਮਾਰ ਰਹੇ ਹਨ ।  ਕਿਸਾਨ ਦਿਲ 'ਤੇ ਪੱਥਰ ਰੱਖ ਕੇ ਅੱਜ ਆਪਣੀ ਫਸਲ ਨੂੰ ਵਾਹੁਣ ਲਈ ਮਜਬੂਰ ਹਨ।

ਜਥੇਦਾਰ ਤੋਤਾ ਸਿੰਘ ਵੱਲੋਂ ਪਿੰਡ ਮੱਲੇਆਣਾ ਦਾ ਦੌਰਾ
ਅੱਜ ਦੌਧਰ ਗਰਬੀ, ਸ਼ਰਕੀ ਸਮੇਤ ਆਸ-ਪਾਸ ਦੇ ਪਿੰਡਾਂ 'ਚ ਖਰਾਬ ਹੋਈ ਆਲੂਆਂ ਦੀ ਫਸਲ ਦਾ ਨਿਰੀਖਣ ਕਰਨ ਲਈ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵਿਸ਼ੇਸ਼ ਤੌਰ 'ਤੇ ਪਿੰਡ ਮੱਲੇਆਣਾ ਵਿਖੇ ਗਏ, ਜਿਥੇ ਉਨ੍ਹਾਂ ਖਰਾਬ ਹੋਈ ਫਸਲ ਦਾ ਜਾਇਜ਼ਾ ਲਿਆ, ਉੱਥੇ ਉਨ੍ਹਾਂ ਕਿਸਾਨੀ ਦੇ ਹੋਏ ਨੁਕਸਾਨ ਕਾਰਨ ਕਿਸਾਨ ਭਰਾਵਾਂ ਨਾਲ ਹਮਦਰਦੀ ਵੀ ਪ੍ਰਗਟਾਈ। ਇਸ ਉਪਰੰਤ ਜਥੇਦਾਰ ਤੋਤਾ ਸਿੰਘ ਵੱਲੋਂ ਐਨ ਮੌਕੇ 'ਤੇ ਡਿਪਟੀ ਕਮਿਸ਼ਨਰ ਤੇ ਐੱਸ.ਡੀ.ਐੱਮ. ਮੋਗਾ ਨੂੰ ਜਿੱਥੇ ਫੋਨ ਲਾ ਕੇ ਸਾਰੇ ਹਾਲਾਤ ਬਾਰੇ ਦੱਸਿਆ ਗਿਆ, ਉੱਥੇ  ਹੀ ਉਨ੍ਹਾਂ ਡੀ.ਸੀ. ਮੋਗਾ ਨੂੰ ਕਿਸਾਨਾਂ ਦੀ ਮਦਦ ਲਈ ਜਲਦ ਤੋਂ ਜਲਦ ਗਰਦਾਵਰੀ ਕਰਵਾਉਣ ਦੀ ਅਰਜੋਈ ਕੀਤੀ, ਜਿਸ ਉਪਰੰਤ ਡੀ.ਸੀ. ਮੋਗਾ ਨੇ ਜਥੇਦਾਰ ਤੋਤਾ ਸਿੰਘ ਨੂੰ ਭਰੋਸਾ ਦੁਆਇਆ ਕਿ ਉਹ 1-2 ਦਿਨਾਂ ਦੇ ਅੰਦਰ ਹੀ ਇਸ ਮਾਮਲੇ 'ਤੇ ਗੰਭੀਰਤਾ ਨਾਲ ਕਦਮ ਚੁੱਕਣਗੇ। ਇਸ ਉਪਰੰਤ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਵੀਰ ਨੂੰ ਨਾਮੋਸ਼ੀ ਦੇ ਆਲਮ 'ਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਕਿਸਾਨਾਂ ਨੂੰ ਬਣਦਾ ਹੱਕ ਦਿਵਾਉਣ ਲਈ ਉਹ ਪੁਰਜ਼ੋਰ ਯਤਨ ਕਰਨਗੇ।  


author

Shyna

Content Editor

Related News