ਬਾਰਿਸ਼ ਨੇ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ, ਝੋਨੇ ਦੀ ਲਵਾਈ ਲਈ ਅਜੇ ਵੀ ਟਿਊਬਵੈੱਲਾਂ ’ਤੇ ਨਿਰਭਰ ਹਨ ਕਿਸਾਨ

Friday, Jun 28, 2024 - 06:19 PM (IST)

ਬਾਰਿਸ਼ ਨੇ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ, ਝੋਨੇ ਦੀ ਲਵਾਈ ਲਈ ਅਜੇ ਵੀ ਟਿਊਬਵੈੱਲਾਂ ’ਤੇ ਨਿਰਭਰ ਹਨ ਕਿਸਾਨ

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸ਼ਹਿਰ ਅਤੇ ਸਮੁੱਚੇ ਇਲਾਕੇ ਅੰਦਰ ਬੀਤੀ ਰਾਤ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਨੇ ਮੌਸਮ ਦੇ ਮਿਜਾਜ਼ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਬਾਰਿਸ਼ ਕਾਰਨ ਆਮ ਲੋਕਾਂ ਨੇ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ ਹੈ, ਜਿਸ ਦੇ ਚਲਦਿਆਂ ਇਲਾਕੇ ਅੰਦਰ ਦਿਨ ਦਾ ਤਾਪਮਾਨ ਘੱਟ ਕੇ 33 ਤੋਂ 35 ਡਿਗਰੀ ਦੇ ਕਰੀਬ ਰਹਿ ਗਿਆ ਹੈ, ਜਦੋਂ ਕਿ ਰਾਤ ਦਾ ਤਾਪਮਾਨ 23 ਡਿਗਰੀ ਦੇ ਕਰੀਬ ਹੀ ਦਰਜ ਕੀਤਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਤਰਾਹ-ਤਰਾਹ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਬਾਰਿਸ਼ ਕਾਰਨ ਕਈ ਸੜਕਾਂ ਦੇ ਕਿਨਾਰਿਆਂ ’ਤੇ ਪਾਣੀ ਖੜ੍ਹਾ ਦੇਖਿਆ ਗਿਆ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕ

ਦੂਸਰੇ ਪਾਸੇ ਕਿਸਾਨਾਂ ਨੂੰ ਬਾਰਿਸ਼ ਨੇ ਜ਼ਿਆਦਾ ਰਾਹਤ ਨਹੀਂ ਦਿੱਤੀ ਕਿਉਂਕਿ ਬਾਰਿਸ਼ ਘੱਟ ਹੋਣ ਕਾਰਨ ਅਜੇ ਵੀ ਕਿਸਾਨ ਝੋਨੇ ਦੀ ਲਵਾਈ ਅਤੇ ਫਸਲਾਂ ਦੀ ਸਿੰਜਾਈ ਲਈ ਟਿਊਬਵੈੱਲਾਂ ’ਤੇ ਹੀ ਨਿਰਭਰ ਦਿਖਾਈ ਦੇ ਰਹੇ ਹਨ ਅਤੇ ਖੇਤਾਂ ਦਾ ਸੋਕਾ ਅਜੇ ਵੀ ਬਰਕਰਾਰ ਹੈ। ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਾਰਿਸ਼ ਨਾ ਹੋਣ ਕਾਰਨ ਇਸ ਵਾਰ ਝੋਨੇ ਦੀ ਲਵਾਈ ਲਈ ਸਾਰਾ ਦਾਰੋਮਦਾਰ ਟਿਊਬਵੈੱਲਾਂ ਦੇ ਪਾਣੀ ’ਤੇ ਹੀ ਨਿਰਭਰ ਹੈ ਅਤੇ ਰਜਵਾਹਿਆਂ ਵਿਚ ਵੀ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਪਾਣੀ ਘੱਟ ਆ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਟਿਊਬਵੈੱਲ ਚਲਾ ਕੇ ਹੀ ਖੇਤਾਂ ਦੀ ਤਿਆਰੀ ਕਰਨੀ ਪੈ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨਿਹੰਗਾਂ ਦੇ ਬਾਣੇ 'ਚ ਆਏ ਵਿਅਕਤੀਆਂ ਨੇ ਦਿਨ-ਦਿਹਾੜੇ ਕਰ ਦਿੱਤਾ ਵੱਡਾ ਕਾਂਡ

ਇਸੇ ਕਾਰਨ ਇਸ ਵਾਰ ਅਜੇ ਝੋਨੇ ਦੀ ਲਵਾਈ ਕਾਫੀ ਪੱਛੜ ਕੇ ਚੱਲ ਰਹੀ ਹੈ ਅਤੇ ਕੁਝ ਇਲਾਕਿਆਂ ਅੰਦਰ ਅਜੇ 50 ਫੀਸਦੀ ਕਰੀਬ ਵੀ ਲਵਾਈ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰਦਾਸਪੁਰ ਅੰਦਰ 10.5 ਐੱਮ. ਐੱਮ. ਬਾਰਿਸ਼ ਹੋਈ ਹੈ, ਜਿਸ ਕਾਰਨ ਹੁਣ ਦਿਨ ਦਾ ਤਾਪਮਾਨ ਕਾਫੀ ਘੱਟ ਹੋ ਗਿਆ ਹੈ ਤੇ ਆਉਣ ਵਾਲੇ ਇੱਕ ਹਫਤੇ ਦੌਰਾਨ ਮੀਂਹ ਬਾਰਿਸ਼ ਅਤੇ ਬੱਦਲਵਾਈ ਦੀ ਸੰਭਾਵਨਾ ਬਣੀ ਰਹੇਗੀ ਜਿਸ ਕਾਰਨ ਲੋਕਾਂ ਨੂੰ ਅਜੇ ਭਾਰੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਕਰਾਚੀ 'ਚ ਹੀਟਵੇਵ ਨੇ ਮਚਾਇਆ ਕਹਿਰ, ਮੁਰਦਾ ਘਰਾਂ ’ਚ ਲੱਗੇ ਲਾਸ਼ਾਂ ਦੇ ਢੇਰ, ਨਹੀਂ ਮਿਲ ਰਹੀ ਰੱਖਣ ਦੀ ਜਗ੍ਹਾ

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ 30 ਤੋਂ 34 ਡਿਗਰੀ ਦੇ ਕਰੀਬ ਹੀ ਰਹਿਣ ਦੀ ਸੰਭਾਵਨਾ ਹੈ ਅਤੇ ਪੂਰਾ ਹਫਤਾ ਵੱਖ-ਵੱਖ ਦਿਨਾਂ ਦੌਰਾਨ ਬੱਦਲਵਾਈ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਕਾਰਨ ਅਜੇ ਲੋਕਾਂ ਨੂੰ ਗਰਮੀ ਦੀ ਮਾਰ ਤੋਂ ਰਾਹਤ ਮਿਲੇਗੀ ਅਤੇ ਬਾਅਦ ਵਿਚ ਮੌਨਸੂਨ ਦੇ ਪੂਰੀ ਤਰ੍ਹਾਂ ਆਉਣ ਵਾਲੇ ਲੋਕਾਂ ਨੂੰ ਗਰਮੀ ਤੋਂ ਹੋਰ ਛੁਟਕਾਰਾ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News