ਬਰਸਾਤ ਨਾਲ ਅਨਾਜ਼ ਮੰਡੀ ਹੋਈ ਜਲ-ਥਲ, ਭਾਰੀ ਗਿਣਤੀ ’ਚ ਕਣਕ ਦੀਆਂ ਬੋਰੀਆਂ ਪਾਣੀ ’ਚ ਡੁੱਬੀਆਂ
Thursday, May 06, 2021 - 08:40 PM (IST)
ਭਵਾਨੀਗੜ, (ਕਾਂਸਲ)- ਸਥਾਨਕ ਸ਼ਹਿਰ ਵਿਖੇ ਅੱਜ ਸ਼ਾਮ ਨੂੰ ਹੋਈ ਤੇਜ਼ ਬਰਸਾਤ ਨਾਲ ਮੌਸਮ ਖੁਸ਼ਗੁਆਰ ਹੋਣ ਨਾਲ ਭਾਵੇ ਕਿ ਇਲਾਕੇ ਦੇ ਲੋਕਾਂ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਮਹਿਸ਼ੂਸ ਕੀਤੀ। ਪਰ ਇਸ ਬਰਸਾਤ ਨਾਲ ਸ਼ਹਿਰ ਦੀ ਅਨਾਜ਼ ਮੰਡੀ ਸਮੇਤ ਕਈ ਹੋਰ ਗਲੀ ਮੁਹੱਲੇ ਜਲ ਥਲ ਹੋ ਜਾਣ ਕਾਰਨ ਮੰਡੀ ਦੇ ਆੜਤੀਆਂ ਅਤੇ ਸ਼ਹਿਰ ਨਿਵਾਸ਼ੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਵੀ ਦੇਖਿਆਂ ਗਿਆ।
ਸਥਾਨਕ ਸ਼ਹਿਰ ਵਿਖੇ ਅੱਜ ਹੋਈ ਤੇਜ਼ ਬਰਸਾਤ ਨੇ ਇਕ ਵਾਰ ਫਿਰ ਸ਼ਹਿਰ ਦੀ ਫੇਲ ਹੋਈ ਸੀਵਰੇਜ਼ ਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਇਸ ਬਰਸਾਤ ਨਾਲ ਸ਼ਹਿਰ ਦੀ ਅਨਾਜ਼ ਮੰਡੀ ਪੂਰੀ ਤਰ੍ਹਾਂ ਜਲ ਥਲ ਹੋ ਜਾਣ ਕਾਰਨ ਇਥੇ ਵੱਡੀ ਗਿਣਤੀ ’ਚ ਕਣਕ ਦੀਆਂ ਬੋਰੀਆਂ ਪਾਣੀ ’ਚ ਡੁੱਬ ਜਾਣ ਕਾਰਨ ਖਰਾਬ ਹੋਣ ਦਾ ਖਦਸਾ ਪਾਇਆ ਗਿਆ। ਮੰਡੀ ਦੇ ਜਲਥਲ ਹੋਣ ਕਾਰਨ ਅਤੇ ਇਥੇ ਕਣਕ ਦੀਆਂ ਬੋਰੀਆਂ ਦੇ ਪਾਣੀ ’ਚ ਡੁੱਬ ਜਾਣ ਕਾਰਨ ਆੜਤੀਆਂ ’ਚ ਭਾਰੀ ਰੋਸ਼ ਦੀ ਲਹਿਰ ਦੇਖਣ ਨੂੰ ਮਿਲੀ। ਆੜਤੀਆਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਉਹ ਮੰਡੀ ਦੇ ਪਾਣੀ ਦੀ ਨਿਕਾਸੀ ਨੂੰ ਦਰੁੱਸਤ ਕਰਨ ਦੀ ਮੰਗ ਕਰ ਰਹੇ ਹਨ ਪਰ ਹਰ ਵਾਰ ਸਰਕਾਰ ਵੱਲੋਂ ਮੰਡੀ ’ਚ ਪਾਣੀ ਨਾ ਖੜਣ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਰ ਵਾਰ ਇਹ ਖੋਖਲੇ ਹੀ ਨਜ਼ਰ ਆਉਂਦੇ ਹਨ ਅਤੇ ਇਸ ਦਾ ਖਮਿਆਜਾ ਹਰ ਵਾਰ ਆੜਤੀਆਂ ਨੂੰ ਹੀ ਭੁਗਤਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੰਡੀ ’ਚ ਲਿਫਟਿੰਗ ਦੀ ਰਫਤਾਰ ਸੁੱਸਤ ਹੋਣ ਕਾਰਨ ਕਣਕ ਦੀਆਂ ਬੋਰੀਆਂ ਪਈਆਂ ਸਨ ਜੋ ਕਿ ਇਸ ਬਰਸਾਤ ’ਚ ਭਿੱਜ ਗਈਆਂ ਹਨ ਅਤੇ ਹੁਣ ਖ੍ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਚੁੱਕਣ ਸਮੇਂ ਨਖਰੇ ਕੀਤੇ ਜਾਣਗੇ ਅਤੇ ਆੜਤੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕਣਕ ਦੀਆਂ ਬੋਰੀਆਂ ਨੂੰ ਚੁੱਕਣ ਸਮੇਂ ਆੜਤੀਆਂ ਨੂੰ ਕੋਈ ਵੀ ਪੇ੍ਰਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਮੰਡੀ ਦੇ ਪਾਣੀ ਦੀ ਨਿਕਾਸੀ ਦੇ ਉਚੇਚੇ ਪ੍ਰਬੰਧ ਕੀਤੇ ਜਾਣ।