ਮੀਂਹ ਪੈਣ ਨਾਲ ਕਿਸਾਨ ਹੋਏ ਪੱਬਾਂ ਭਾਰ, ਜੀਰੀ ਤੇ ਨਰਮੇ ਦੀ ਫ਼ਸਲ ਲਈ ਮੀਂਹ ਬਣਿਆ ਵਰਦਾਨ (ਵੀਡੀਓ)
Friday, Jun 23, 2017 - 02:16 PM (IST)
ਸੰਗਰੂਰ— ਪੰਜਾਬ ਸੂਬੇ 'ਚ ਪੈ ਰਿਹਾ ਮੀਂਹ ਕਿਸਾਨਾਂ ਲਈ ਇਕ ਵਰਦਾਨ ਬਣਕੇ ਆਇਆ ਹੈ। ਮੀਂਹ ਨਾਲ ਜੀਰੀ ਅਤੇ ਨਰਮੇ ਦੀ ਫਸਲ ਨੂੰ ਕਾਫੀ ਫਾਇਦਾ ਪੁਹੰਚ ਰਿਹਾ ਹੈ। ਮੀਂਹ ਕਰਕੇ ਕਿਸਾਨਾਂ ਨੂੰ ਬਾਰ-ਬਾਰ ਆਪਣੀ ਫ਼ਸਲ ਨੂੰ ਪਾਣੀ ਦੇਣ ਦੀ ਜਦੋ-ਜਾਇਦ ਨਹੀਂ ਕਰਨੀ ਪਵੇਗੀ। ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਫ਼ਸਲ ਲਈ ਮੀਂਹ ਇਕ ਵਧੀਆ ਸੰਕੇਤ ਹੈ, ਕਿਉਂਕਿ ਪਾਣੀ ਦੀ ਵਰਤੋਂ ਜੀਰੀ ਦੀ ਫਸਲ 'ਤੇ ਜ਼ਿਆਦਾ ਹੁੰਦੀ ਹੈ। ਗੱਲ ਕਰਦਿਆਂ ਕਿਸਾਨ ਨੇ ਦੱਸਿਆ ਕਿ ਗਰਮੀ ਦੇ ਚੱਲਦੇ ਉਨ੍ਹਾਂ ਦੀ ਫਸਲ ਖਰਾਬ ਹੋ ਰਹੀ ਸੀ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੀਂਹ ਨਾਲ ਚੰਗੀ ਮਾਤਾਰਾ 'ਚ ਫਸਲ ਨੂੰ ਪਾਣੀ ਲੱਗ ਰਿਹਾ ਹੈ, ਜਿਸ ਨਾਲ ਫਸਲ ਵੀ ਜਲਦੀ ਪੈਦਾ ਹੋ ਰਹੀ ਹੈ ਅਤੇ ਪਾਣੀ ਦੀ ਵਰਤੋਂ ਵੀ ਘੱਟ ਹੋ ਰਹੀ ਹੈ, ਕਿਉਂਕਿ ਗਰਮੀ ਕਰ ਕੇ ਧਰਤੀ ਪਾਣੀ ਨੂੰ ਜਲਦੀ ਸੋਕ ਰਹੀ ਸੀ। ਦੂਜੇ ਪਾਸੇ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਜਿਥੇ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੈ, ਉਥੇ ਹੀ ਨਰਮੇ ਦੀ ਫ਼ਸਲ ਲਈ ਵੀ ਮੀਂਹ ਬਹੁਤ ਚੰਗਾ ਮੰਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸੂਬੇ 'ਚ ਜਲਦ ਹੀ ਮਾਨਸੂਨ ਦਸਤਕ ਦੇਣ ਵਾਲਾ ਹੈ, ਜੋ ਕਿਸਾਨਾਂ ਲਈ ਇੱਕ ਚੰਗਾ ਸੰਕੇਤ ਹੈ।