ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ

Thursday, Jul 05, 2018 - 12:27 AM (IST)

ਅਬੋਹਰ(ਸੁਨੀਲ)-ਬੀਤੀ ਰਾਤ ਪਏ ਤੇਜ਼ ਮੀਂਹ  ਕਾਰਨ ਸ਼ਹਿਰ ਅਤੇ ਪਿੰਡਾਂ ’ਚ ਜਿਥੇ ਜਲ ਭਰਾਵ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਕੁਝ ਖੇਤਰਾਂ ’ਚ ਕੱਚੇ ਮਕਾਨ ਡਿੱਗ ਗਏ ਅਤੇ ਨਹਿਰਾਂ ’ਚ ਪਾਡ਼ ਆਉਣ ਨਾਲ ਖੇਤਾਂ ’ਚ ਪਾਣੀ ਭਰ ਗਿਆ।  ਸ਼ਹਿਰ ਵਾਸੀਆਂ ਨੂੰ  ਆ ਰਹੀ ਪ੍ਰੇਸ਼ਾਨੀਆਂ ਨੂੰ ਵੇਖਦੇ ਹੋਏ ਉਪਮੰਡਲ ਅਧਿਕਾਰੀ ਨੇ ਅਧਿਕਾਰੀਆਂ ਨਾਲ  ਮੀਟਿੰਗ ਕਰਨ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਦੇ ਹੋਏ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ।  
ਘਰਾਂ ਤੇ ਦੁਕਾਨਾਂ ’ਚ ਦਾਖਲ ਹੋਇਆ ਪਾਣੀ
 ਮੰਗਲਵਾਰ ਰਾਤ ਕਰੀਬ 11 ਵਜੇ ਤੋਂ ਬਾਅਦ ਸ਼ੁਰੂ ਹੋਇਆ ਮੀਂਹ ਬੁੱਧਵਾਰ ਤਡ਼ਕੇ ਤੱਕ ਜਾਰੀ ਰਹੀ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਖੇਤਰਾਂ ’ਚ ਜਲਭਰਾਵ ਹੋਣ ਨਾਲ ਲੋਕ ਆਪਣੇ ਘਰਾਂ ਹੋ ਗਏ। ਸ਼ਹਿਰ ਦੇ ਹੇਠਲੇ ਖੇਤਰਾਂ ਆਨੰਦ  ਨਗਰੀ,  ਨਾਨਕ ਨਗਰੀ, ਸੰਤ ਨਗਰੀ, ਇਦਗਾਹ ਬਸਤੀ, ਠਾਕਰ ਅਾਬਾਦੀ ’ਚ ਤਾਂ ਪਾਣੀ ਲੋਕਾਂ ਦੇ ਘਰਾਂ ’ਚ  ਦਾਖਲ ਹੋ ਗਿਆ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੋਕ ਦੁਪਹਿਰ ਤੱਕ ਆਪਣੇ ਘਰਾਂ ’ਚੋਂ ਪਾਣੀ ਨੂੰ ਬਾਹਰ ਕੱਢਦੇ ਰਹੇ। ਇੰਨਾ ਹੀ ਨਹੀਂ ਪਾਣੀ ਦੁਕਾਨਾਂ ’ਚ  ਦਾਖਲ ਹੋਣ ਕਾਰਨ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਉਨ੍ਹਾਂ ਨੂੰ ਦੁਕਾਨਾਂ ’ਚ  ਦਾਖਲ ਹੋਏ ਪਾਣੀ ਦੀ ਨਿਕਾਸੀ ਕਰਨ ’ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਤੱਕ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਾਜ਼ਾਰ ਨੰਬਰ 11 ਤੇ 12 ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ ਅਤੇ ਕੰਮਕਾਜ ਠੱਪ ਰਿਹਾ।  

PunjabKesari

ਕਈ ਥਾਵਾਂ ’ਤੇ ਡਿੱਗੇ ਮਕਾਨ
 ਪੂਰੀ ਰਾਤ ਤੱਕ ਪਏ ਮੀਂਹ ਕਾਰਨ ਕਈ  ਥਾਵਾਂ ’ਤੇ ਮਕਾਨ ਵੀ ਡਿੱਗ ਗਏ, ਜਿਸ ਤਹਿਤ ਸੰਤ ਨਗਰੀ ਗਲੀ  ਜ਼ੀਰਾ ’ਚ ਸੁਰਜੀਤ ਸਿੰਘ ਮਕਾਨ ਦੀ ਛੱਤ ਮੀਂਹ ਕਾਰਨ ਹੇਠਾਂ ਆ ਡਿੱਗੀ, ਜਿਸ ਕਾਰਨ ਉਨ੍ਹਾਂ ਦਾ ਕੀਮਤੀ ਸਾਮਾਨ ਟੁੱਟ ਗਿਆ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਕੁਲਵੰਤ ਸਿੰਘ ਜ਼ਖ਼ਮੀ ਹੋ ਗਿਆ। ਇਸੇ ਤਰ੍ਹਾਂ ਨਵੀਂ ਆਬਾਦੀ ਵੱਡੀ ਪੈਡ਼ੀ ਵਿਖੇ ਪ੍ਰਤੀਕ ਸੇਠੀ  ਪੁੱਤਰ ਮਦਨ  ਲਾਲ ਸੇਠੀ ਦੇ ਮਕਾਨ ਦੀ ਛੱਤ ਡਿੱਗ ਗਈ ਅਤੇ ਉਨ੍ਹਾਂ ਦੇ ਘਰ ਦਾ ਸਾਮਾਨ ਮਲਬੇ ’ਚ ਦਬ ਗਿਆ। ਇਸੇ ਤਰ੍ਹਾਂ  ਪਿੰਡ ਦੌਲਤਪੁਰਾ ’ਚ ਜਮਨਾ ਦੇਵੀ  ਪਤਨੀ ਤੁਲਸਾ ਰਾਮ ਦਾ ਮਕਾਨ ਵੀ ਮੀਂਹ ਨਾਲ ਡਿੱਗ ਗਿਆ। ਪਿੰਡ ਵਰਿਆਮ ਖੇਡ਼ਾ ਦੀ ਢਾਣੀ ਰਾਮਗਡ਼੍ਹ ’ਤੇ ਵਾਸੀ ਰਾਜੂ ਪੁੱਤਰ ਵੀਰੂ ਰਾਮ ਦੇ ਘਰ ਦੀ 40 ਫੁੱਟ ਲੰਬੀ 6 ਫੀਟ ਉੱਚੀ ਕੰਧ ਬੀਤੀ ਰਾਤ ਆਏ ਤੂਫਾਨ ਤੇ ਮੀਂਹ  ਕਾਰਨ ਡਿੱਗ ਗਈ, ਜਿਸ ਦੇ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।
 ਇਸੇ ਤਰ੍ਹਾਂ ਪਿੰਡ ਸੱਪਾਂਵਾਲੀ ਦੇ ਅਧੀਨ ਆਉਂਦੀ ਗ੍ਰਾਮ ਪੰਚਾਇਤ ਕਾਲੂਰਾਮ ਦੀ ਢਾਣੀ ’ਚ ਬੀਤੀ ਰਾਤ ਸੁਸ਼ੀਲ ਕੁਮਾਰ ਪੁੱਤਰ ਸ਼੍ਰੀ ਰਾਮ ਦਾ ਮਕਾਨ ਵੀ ਡਿੱਗ ਗਿਆ, ਜਿਸ ਨੂੰ ਉਸ ਨੇ ਕੁਝ ਸਮਾਂ ਪਹਿਲਾਂ ਹੀ ਢਾਈ ਲੱਖ ਦੀ ਲਾਗਤ ਨਾਲ ਤਿਆਰ ਕੀਤਾ ਸੀ।  ਢਾਣੀ ਦੇ ਸਾਬਕਾ ਸਰਪੰਚ ਗੁਰਦਾਸ ਸਿੰਘ ਜਾਖਡ਼ ਨੇ ਦੱਸਿਆ ਕਿ ਪੀਡ਼ਤ ਪਰਿਵਾਰ ਬਹੁਤ ਗਰੀਬ ਹੈ ਅਤੇ ਘਰ ਡਿੱਗਣ ਤੋਂ ਬਾਅਦ ਪਿੰਡ  ਦੇ ਇਕ ਵਿਅਕਤੀ ਦੇ ਘਰ ’ਚ ਪੂਰੇ ਪਰਿਵਾਰ ਨੇ ਸ਼ਰਨ ਲਈ ਹੋਈ ਹੈ। ਇਸ ਦੇ 4 ਛੋਟੇ ਬੱਚੇ ਹੈ, ਜਿਸ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਡ਼ਤ ਲੋਕਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। 

PunjabKesari

ਨਹਿਰਾਂ ਟੁੱਟਣ ਨਾਲ ਕਈ ਏਕਡ਼ ਜ਼ਮੀਨ ਹੋਈ ਜਲਮਗਨ
 ਭਾਰੀ ਮੀਂਹ ਤੇ ਤੂਫਾਨ ਕਾਰਨ  ਕਈ ਖੇਤਰਾਂ ’ਚ ਦਰੱਖਤ ਡਿੱਗਣ ਨਾਲ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਦਰੱਖਤ ਸੀਤੋ ਬੈਲਟ ’ਚ ਡਿੱਗੇ, ਜਿਸ ਕਾਰਨ ਆਵਾਜਾਈ ਠੱਪ ਹੋਈ, ਜਿਸ ਨੂੰ ਵੇਖਦੇ ਹੋਏ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਦਰੱਖਤਾਂ ਨੂੰ ਰਸਤੇ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪਿੰਡ ਭਾਗਸਰ ਦੇ ਨੇਡ਼ੇ ਅਤੇ ਪਿੰਡ ਰਾਜਪੁਰਾ ’ਚ ਨਹਿਰਾਂ ’ਚ ਪਾਡ਼ ਪੈਣ ਨਾਲ ਨਹਿਰੀ ਪਾਣੀ ਲੋਕਾਂ ਦੀਆਂ ਖਡ਼੍ਹੀਆਂ ਨਰਮੇ ਅਤੇ ਝੋਨੇ ਦੀਆਂ ਫਸਲਾਂ ’ਚ  ਦਾਖਲ ਹੋ ਗਿਆ ਤੇ ਫਸਲਾਂ ਪੂਰੀ ਤਰ੍ਹਾਂ ਜਲਮਗਰ ਹੋ ਗਈਆਂ। ਇਸੇ ਤਰ੍ਹਾਂ ਪਿੰਡ ਮਲੂਕਪੁਰਾ ’ਚ ਨਹਿਰ ’ਚ ਪਾਡ਼ ਆਉਣ ਨਾਲ ਹਜ਼ਾਰਾਂ ਏਕਡ਼ ਫਸਲ ਪਾਣੀ ਵਿਚ ਡੁੱਬ ਗਈ ।  
ਖੱਡੇ ’ਚ ਧਸੀ ਸਕੂਲੀ ਵੈਨ, ਵਾਲ-ਵਾਲ ਬਚੇ ਵਿਦਿਆਰਥੀ
 ਬੁੱਧਵਾਰ ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਜਿਥੇ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ, ਉਥੇ ਹੀ ਹਨੁੂਮਾਨਗਡ਼੍ਹ ਰੋਡ ਸਥਿਤ ਇਕ ਨਿੱਜੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਸਕੂਲੀ ਵੈਨ ਅਜੀਮਗਡ਼੍ਹ ਚੁੰਗੀ ਦੇ ਨੇਡ਼ੇ ਪੁੱਟੇ ਗਏ ਖੱਡੇ ’ਚ   ਧਸ ਗਈ। ਹਾਲਾਂਕਿ ਵੈਨ ਵਿਚ ਸਵਾਰ ਕਰੀਬ ਅੱਧਾ ਦਰਜਨ ਬੱਚਿਆਂ ਨੂੰ ਤੁਰੰਤ ਆਲੇ-ਦੁਆਲੇ ਦੇ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਪਰ ਵੈਨ ਚਾਲਕ ਮਾਮੂਲੀ ਰੂਪ ਤੋਂ ਫੱਟਡ਼ ਹੋ ਗਿਆ। ਅਮਰੁਤ ਯੋਜਨਾ  ਤਹਿਤ ਪੁੱਟੇ ਗਏ ਖੱਡੇ  ਨੂੰ ਬੰਦ ਨਾ ਕੀਤੇ ਜਾਣ ਕਾਰਨ ਇਹ ਹਾਦਸਾ ਹੋਇਆ, ਜਿਸ ਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਸੀ।  
ਮੁਸਾਫਰਾਂ ਤੇ ਮਰੀਜ਼ਾਂ ਨੂੰ ਵੀ ਝੱਲਣੀ ਪਈ ਪ੍ਰੇਸ਼ਾਨੀ
 ਸਰਕਾਰੀ ਹਸਪਤਾਲ ਵਿਚ ਮੀਂਹ ਦਾ ਪਾਣੀ ਭਰ ਜਾਣ ਨਾਲ ਆਏ ਮਰੀਜ਼ਾਂ ਨੂੰ ਜਿਥੇ ਪਾਣੀ ਤੋਂ ਨਿਕਲ ਕੇ ਹਸਪਤਾਲ ਜਾਣ ਨੂੰ ਮਜ਼ਬੂਰ ਹੋਣਾ ਪਿਆ, ਉਥੇ ਹੀ ਬੱਸ ਸਟੈਂਡ ’ਚ  ਪਾਣੀ ਭਰਿਆ ਹੋਣ ਨਾਲ ਮੁਸਾਫਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।  ੳੁਪਮੰਡਲ ਅਧਿਕਾਰੀ ਨੇ ਨਗਰ ਕੌਂਸਲ ਅਤੇ ਅਮਰੁਤ ਯੋਜਨਾ  ਦੇ ਅਧਿਕਾਰੀਆਂ ਨਾਲ ਆਪਾਤ ਮੀਟਿੰਗ ਕਰਦੇ ਹੋਏ ਉਨ੍ਹਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਅਜੀਮਗਡ਼੍ਹ ’ਚ ਸਕੂਲੀ ਵੈਨ ਡਿੱਗਣ ਵਾਲੀ ਜਗ੍ਹਾ ਦਾ ਦੌਰਾ ਕਰ ਕੇ ਠੇਕੇਦਾਰ ਨੂੰ ਲਤਾਡ਼ ਲਾਉਂਦੇ ਹੋਏ ਕਿਹਾ ਕਿ ਉਸ ਦੀ ਲਾਪ੍ਰਵਾਹੀ ਨਾਲ ਕਿਸੇ ਮਾਸੂਮ ਬੱਚੇ ਦੀ ਜਾਨ ਤੱਕ ਜਾ ਸਕਦੀ ਸੀ।  ਉਨ੍ਹਾਂ ਠਾਕੁਰ ਆਬਾਦੀ, ਕੰਧਵਾਲਾ ਰੋਡ਼, ਫਾਜ਼ਿਲਕਾ ਰੋਡ ’ਤੇ ਅਮਰੁਤ ਯੋਜਨਾ  ਦੇ ਤਹਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਨਿਰਦੇਸ਼ ਦਿੱਤੇ ਕਿ ਜੇਕਰ ਉਹ ਜਲਦੀ ਕਾਰਜ ਪੂਰਾ ਨਹੀਂ ਕਰ ਸਕਦੇ ਤਾਂ ਇਕ ਵਾਰ ਬਰਸਾਤੀ ਦਿਨਾਂ ’ਚ ਕੰਮ ਬੰਦ ਕਰ ਦਿਓ ਤਾਂ ਜੋ ਲੋਕਾਂ ਦੇ ਜੀਵਨ ਦੀ ਸੁਰੱਖਿਆ ਕੀਤੀ ਜਾ ਸਕੇ। 


Related News